ਅਦਾਲਤ ਨੇ ਪੁੱਛਗਿੱਛ ਲਈ ਪੁਲਿਸ ਨੂੰ ਸੰਤੋਸ਼ ਦਾ ਦਿੱਤਾ 2 ਦਿਨ ਦਾ ਰਿਮਾਂਡ
ਮਨੀ ਗਰਗ, ਬਰਨਾਲਾ 6 ਮਾਰਚ 2021
ਤਾਂਤਰਿਕ ਗੈ਼ਗਰੇਪ ਮਾਮਲੇ ਦੀ ਅੱਜ ਪੁਲਿਸ ਵੱਲੋਂ ਹਰਿਆਣਾ ਦੇ ਚੀਕਾ ਤੋਂ ਗਿਰਫਤਾਰ ਕੀਤੀ ਸੰਤੋਸ਼ ਰਾਣੀ ਹੀ ਕੁੜੀਆਂ ਨੂੰ ਬਹਿਲਾ ਫੁਸਲਾ ਕੇ ਤਾਂਤਰਿਕ ਮਨੋਜ ਬਾਬੇ ਕੋਲ ਪੇਸ਼ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਰਹੀ ਹੈ। ਇਹ ਖੁਲਾਸਾ ਮਾਮਲੇ ਦੀ ਜਾਂਚ ਲਈ ਗਠਿਤ ਐਸ.ਆਈ.ਟੀ. ਦੀ ਮੁਖੀ ਤੇ ਐਸ.ਪੀ. ਐਚ ਹਰਬੰਤ ਕੌਰ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਦੱਸਿਆ ਕਿ ਪੁਲਿਸ ਕੋਲ ਪੁੱਛਗਿੱਛ ਦੌਰਾਨ ਇਸ ਗੱਲ ਦਾ ਇੰਕਸ਼ਾਫ ਮਨੋਜ ਬਾਬਾ ਨੇ ਖੁਦ ਕੀਤਾ ਸੀ। ਜਿਸ ਤੋਂ ਬਾਅਦ ਹੀ ਪੁਲਿਸ ਨੇ ਸੰਤੋਸ਼ ਰਾਣੀ ਨੂੰ ਦੋਸ਼ੀ ਨਾਮਜਦ ਕਰਕੇ, ਉਸਨੂੰ ਗਿਰਫਤਾਰ ਕੀਤਾ ਹੈ। ਉਨਾਂ ਦੱਸਿਆ ਕਿ ਸੰਤੋਸ਼ ਰਾਣੀ ਨੂੰ ਪੁਲਿਸ ਨੇ ਮਾਨਯੋਗ ਜੱਜ ਵਿਜੇ ਡਡਵਾਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਪੁਲਿਸ ਦੀ ਡਿਮਾਂਡ ਤੇ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਐਸ.ਪੀ. ਹਰਬੰਤ ਕੌਰ ਨੇ ਕਿਹਾ ਕਿ ਮਾਮਲੇ ਦੀ ਕਾਫੀ ਗੰਭੀਰਤਾ ਨਾਲ ਹਰ ਪੱਖ ਤੋਂ ਜਾਂਚ ਜਾਰੀ ਹੈ। ਹੋਰ ਵੀ ਕਈ ਤਰਾਂ ਦੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਵਰਨਣਯੋਗ ਹੈ ਕਿ ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਤਾਂਤਰਿਕ ਬਾਬਾ ਮਨੋਜ ਕੁਮਾਰ ਸ਼ਰਮਾ ਸਮੇਤ ਕੁੱਲ 2 ਪੁਰਸ਼ ਅਤੇ 3 ਅੋਰਤਾਂ ਨੂੰ ਗਿਰਫਤਾਰ ਕੀਤਾ ਹੈ। ਜਦੋਂ ਕਿ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲਾ, ਲਖਵਿੰਦਰ ਸਿੰਘ ਅਤੇ ਬਲਜੀਤ ਕੌਰ ਆਦਿ ਹੋਰ ਵੀ ਕੁਝ ਦੋਸ਼ੀਆਂ ਦੀ ਗਿਰਫਤਾਰੀ ਹਾਲੇ ਵੱਡੀ ਚੁਣੌਤੀ ਬਣੀ ਹੋਈ ਹੈ। ਜਿਕਰਯੋਗ ਹੈ ਕਿ 24 ਜੂਨ 2020 ਨੂੰ ਕਰਮਜੀਤ ਕੌਰ ਉਰਫ ਅਮਨ ਉਰਫ ਕਮਲ ਪੱਤੀ ਰੋਡ ਖੇਤਰ ਦੀ ਰਹਿਣ ਵਾਲੀ ਚਾਹ ਦੀ ਰੇਹੜੀ ਲਾਉਣ ਵਾਲੀ ਇੱਕ ਔਰਤ ਦੀ ਕਰੀਬ 22 ਸਾਲ ਦੀ ਬੇਟੀ ਨੂੰ ਬਹਿਲਾ ਫੁਸਲਾ ਕੇ ਲੈ ਗਈ ਸੀ। ਜਿਸ ਸਬੰਧੀ ਪੁਲਿਸ ਨੇ ਕਾਫੀ ਟਾਲਮਟੋਲ ਤੋਂ ਬਾਅਦ 10 ਜੁਲਾਈ 2020 ਨੂੰ ਥਾਣਾ ਸਿਟੀ 1 ਬਰਨਾਲਾ ਵਿਖੇ ਅਧੀਨ ਜੁਰਮ 346 ਆਈ.ਪੀ.ਸੀ ਦਾ ਕੇਸ ਦਰਜ ਕਰਕੇ ਖਾਨਾਪੂਰਤੀ ਕਰਕੇ ਬੁੱਤਾ ਸਾਰ ਦਿੱਤਾ ਸੀ। ਇੱਥੇ ਹੀ ਬੱਸ ਨਹੀਂ ਮੈਕੇ ਦੇ ਤਫਤੀਸ਼ ਅਧਿਕਾਰੀ ਨੇ ਕਾਫੀ ਦਿਨ ਬਾਅਦ ਪੀੜਤ ਲੜਕੀ ਨੂੰ ਬਰਾਮਦ ਕਰਕੇ ਉਸ ਦਾ ਅਦਾਲਤ ਵਿੱਚ ਇਹ ਬਿਆਨ ਕਰਵਾ ਕੇ ਪੱਲਾ ਝਾੜ ਲਿਆ ਸੀ ਕਿ ਉਹ ਆਪਣੇ ਪਰਿਵਾਰ ਦੀ ਬਜਾਏ ਲਖਵਿੰਦਰ ਸਿੰਘ ਬਠਿੰਡਾ ਨਾਮ ਦੇ ਲੜਕੇ ਨਾਲ ਹੀ ਰਹਿਣਾ ਚਾਹੁੰਦੀ ਹੈ।
ਪਰੰਤੂ ਪਰਿਵਾਰ ਦੀਆਂ ਖੁਦ ਕੀਤੀਆਂ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਪੀੜਤ ਲੜਕੀ, ਦੋਸ਼ੀਆਂ ਦੇ ਚੁੰਗਲ ਵਿੱਚੋਂ ਕਿਸੇ ਤਰਾਂ ਨਿੱਕਲ ਕੇ 15 ਫਰਵਰੀ ਨੂੰ ਘਰ ਪਹੁੰਚ ਗਈ ਅਤੇ ਗੰਭੀਰ ਹਾਲਤ ਵਿੱਚ ਉਸ ਨੂੰ 20 ਫਰਵਰੀ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਜਦੋਂ ਮਾਨਯੋਗ ਜੱਜ ਬਬਲਜੀਤ ਕੌਰ ਨੇ ਪੀੜਤ ਦਾ ਬਿਆਨ ਕਲਮਬੰਦ ਕੀਤਾ ਤਾਂ, ਅਜਿਹੀ ਹਿਰਦਾ ਵਲੂੰਧਰ ਦੇਣ ਵਾਲੀ ਘਟਨਾ ਸਾਹਮਣੇ ਆਈ ਕਿ ਪੁਲਿਸ ਨੇ 7 ਦੋਸ਼ੀਆਂ ਖਿਲਾਫ ਸਾਜਿਸ ਤਹਿਤ ਗੈਂਗਰੇਪ ਅਤੇ ਹੋਰ ਸੰਗੀਨ ਜੁਰਮਾਂ ਅਧੀਨ ਕੇਸ ਦਰਜ ਕਰ ਦਿੱਤਾ। ਪੁਲਿਸ ਮੁਖੀ ਸੰਦੀਪ ਗੋਇਲ ਨੇ ਜਿੱਥੇ ਮਾਮਲੇ ਦੀ ਤਫਤੀਸ਼ ਲਈ ਐਸਪੀ ਐਚ ਹਰਬੰਤ ਕੌਰ ਦੀ ਅਗਵਾਈ ਵਿੱਜ ਸਿਟ ਗਾਠਿਤ ਕਰ ਦਿੱਤੀ,ਉੱਥੇ ਹੀ ਤਤਕਾਲੀ ਐਡੀਸ਼ਨਲ ਐਸਐਚਉ ਐਸ.ਆਈ. ਗੁਲਾਬ ਸਿੰਘ, ਏ.ਐਸ.ਆਈ. ਦਰਸ਼ਨ ਸਿੰਘ ਤੇ ਏਐਸਆਈ ਕਰਮਜੀਤ ਸਿੰਘ ਨੂੰ ਲਾਪਰਵਾਹੀ ਦੇ ਦੋਸ਼ ਵਿੱਚ ਸਸਪੈਂਡ ਵੀ ਕਰ ਦਿੱਤਾ। ਜਿਕਰਯੋਗ ਹੈ ਕਿ ਹੁਣ ਤੱਕ ਪੁਲਿਸ ਨੇ ਕਰਮਜੀਤ ਕੌਰ ਉਰਫ ਅਮਨ, ਚੰਦ ਲਾਲ ਦੋਵੇਂ ਬਰਨਾਲਾ, ਅਮ੍ਰਿਤਪਾਲ ਕੌਰ ਵਾਸੀ ਪੰਧੇਰ, ਤਾਂਤਰਿਕ ਬਾਬਾ ਮਨੋਜ ਕੁਮਾਰ ਸੋਨੀਪਤ ਅਤੇ ਸੰਤੋਸ਼ ਰਾਣੀ ਪਤਨੀ ਕਰਨੈਲ ਸਿੰਘ ਮੇਨ ਬਸਤੀ ਚੀਕਾ, ਹਰਿਆਣਾ ਨੂੰ ਗਿਰਫਤਾਰ ਕਰ ਲਿਆ ਹੈ।