ਹਰਿੰਦਰ ਨਿੱਕਾ, ਬਰਨਾਲਾ 7 ਮਾਰਚ 2021
ਸ਼ਹਿਰ ਦੇ ਬਾਜਾਖਾਨਾ ਰੋਡ ਤੇ ਸਥਿਤ ਢਿੱਲੋਂ ਨਗਰ ਦੀ ਗਲੀ ਨੰਬਰ 5 ‘ਚ ਰਹਿੰਦੀ ਮਨਜੀਤ ਕੌਰ ਦੇ ਘਰ ਰਾਤ ਸਮੇਂ ਤੇਜ਼ਧਾਰ ਹਥਿਆਰ ਲੈ ਕੇ ਜਬਰਦਸਤੀ ਦਾਖਿਲ ਹੋਏ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਘਰ ਦੀ ਮਾਲਿਕਨ ਅਤੇ ਉਸ ਦੀ ਨੂੰਹ ਨੂੰ ਬੇਰਹਿਮੀ ਨਾਲ ਕੁੱਟਿਆ । ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਕੌਰ ਨੇ ਦੱਸਿਆ ਕਿ 5 ਮਾਰਚ ਦੀ ਰਾਤ ਕਰੀਬ ਸਾਢੇ ਕੁ 8 ਵਜੇ ਤੇਜਧਾਰ ਹਥਿਆਰ ,ਹੱਥ ਵਿੱਚ ਫੜ੍ਹੇ ਲਖਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ 24 ਬੈਕ ਸਾਈਡ ਮਹੇਸ਼ ਨਗਰ ਹੰਡਿਆਇਆ ਰੋਡ ਬਰਨਾਲਾ ਜਬਰਦਸਤੀ ਘਰ ਅੰਦਰ ਦਾਖਿਲ ਹੋਇਆ। ਘਰ ਵੜ੍ਹਦਿਆਂ ਹੀ ਉਸ ਨੇ ਮੁਦਈ ਦੀ ਨੂੰਹ ਮਨਪ੍ਰੀਤ ਕੌਰ ਦੀ ਬੇਰਹਿਮੀ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੁਦਈ ਮੁਕੱਦਮਾਂ ਮਨਜੀਤ ਕੌਰ ਆਪਣੀ ਨੂੰਹ ਨੂੰ ਛੁਡਾਉਣ ਲਈ ਅੱਗੇ ਵਧੀ ਤਾਂ ਦੋਸ਼ੀ ਨੌਜਵਾਨ ਨੇ ਉਸਦੀ ਵੀ ਕੁੱਟਮਾਰ ਦਿੱਤੀ। ਰੌਲਾ ਪਾਉਣ ਤੇ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ ਦੋਸ਼ੀ ਫਿਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਜਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਦੋਸ਼ੀ ਲਖਵੀਰ ਸਿੰਘ ਦੇ ਖਿਲਾਫ ਅਧੀਨ ਜੁਰਮ 458/323/506 ਆਈ.ਪੀ.ਸੀ. ਤਹਿਤ ਥਾਣਾ ਸਿਟੀ 1 ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਦੀ ਤਲਾਸ਼ ਜਾਰੀ ਹੈ, ਜਲਦ ਹੀ ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ।