” ਪੂਰਾ ਮੋਲ, ਪਰ ਘੱਟ ਤੋਲ- ਕਿਸਾਨਾਂ ਨੇ ਫੜ੍ਹ ਲਏ ਘੱਟ ਗੈਸ ਵਾਲੇ ਸਿਲੰਡਰ, ਮੁਲਾਜਮਾਂ ਨੇ ਮਾਫੀ ਮੰਗਕੇ ਛੁਡਾਇਆ ਖਹਿੜਾ
ਇੰਚਾਰਜ ਮਨਿੰਦਰ ਬੋਲਿਆ, ਕੌਣ ਕਹਿੰਦੈ ਗੈਸ ਪਨਸਪ ਦੀ ਐ,,,
ਹਰਿੰਦਰ ਨਿੱਕਾ , ਬਰਨਾਲਾ 7 ਮਾਰਚ 2021
ਕਿਸੇ ਨੇ ਸੱਚ ਹੀ ਕਿਹੈ, ਕਿ ਜਾਗਦਿਆਂ ਦੇ ਕੱਟੀਆਂ ਤੇ ਸੁੱਤਿਆਂ ਦੇ ਕੱਟੇ , ਜੀ ਹਾਂ ਤੁਹਾਡੇ ਘਰ ਦੀ ਰਸੋਈ ਤੱਕ ਪਹੁੰਚ ਰਹੀ, ਰਸੋਈ ਗੈਸ ਦੇ ਸਿਲੰਡਰ ਵਿੱਚ ਗੈਸ ਘੱਟ ਵੀ ਹੋ ਸਕਦੀ ਹੈ ! ਕਿਉਂਕਿ ਜਿਆਦਾਤਰ ਖਪਤਕਾਰ ਗੈਸ ਸਿਲੰਡਰ ਦਾ ਮੌਕੇ ਤੇ ਵਜ਼ਨ ਹੀ ਨਹੀਂ ਕਰਦੇ । ਪਰੰਤੂ ਖਪਤਕਾਰਾਂ ਨਾਲ ਹੋ ਰਹੇ ਅਜਿਹੇ ਧੋਖੇ ਦੀ ਪੋਲ ਜਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਚੁਰਾਹੇ ਵਿੱਚ ਖੋਲ੍ਹਕੇ ਰੱਖ ਦਿੱਤੀ ਹੈ। ਜਿਸ ਦੀ ਵੀਡੀਉ ਵੀ ਵਾਇਰਲ ਹੋ ਚੁੱਕੀ ਹੈ। ਗੈਸ ਸਪਲਾਈ ਲਈ ਪਹੁੰਚੀ ਗੱਡੀ ਦੇ ਮੁਲਾਜਮਾਂ ਨੂੰ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਮੌਕੇ ਤੇ ਮਾਫੀ ਮੰਗ ਕੇ ਹੀ ਖਹਿੜਾ ਛੁਡਵਾਉਣਾ ਪਿਆ ।
ਵਾਇਰਲ ਵੀਡੀਉ ਵੇਖਣ ਅਤੇ ਸੁਣਨ ਤੋਂ ਪਤਾ ਲੱਗਦਾ ਹੈ ਕਿ ਘਟਨਾ 5 ਮਾਰਚ ਦੀ ਹੈ, ਜਦੋਂ ਪਨਸਪ ਗੈਸ ਦੇ ਕਥਿਤ ਠੇਕੇਦਾਰ ਦੇ ਮੁਲਾਜਮ ਪਿੰਡ ਵਿੱਚ ਹੋਮ ਡਿਲਵਰੀ ਦੇਣ ਲਈ ਪਹੁੰਚੇ ਤਾਂ ਕਿਸੇ ਜਾਗਰੂਕ ਕਿਸਾਨ ਨੇ ਸਿਲੰਡਰ ਦਾ ਵਜ਼ਨ ਕਰ ਲਿਆ। ਨਿਸ਼ਚਿਤ ਮਾਤਰਾ ਤੋਂ ਕਰੀਬ 2 ਕਿਲੋ ਗੈਸ ਸਿਲੰਡਰ ਵਿੱਚ ਘੱਟ ਪਾਈ। ਫਿਰ ਇੱਕ ਤੋਂ ਬਾਅਦ ਦੂਜੇ ਅਤੇ ਤੀਜੇ ਚੌਥੇ ਗੈਸ ਸਿਲੰਡਰਾਂ ਦਾ ਲਗਾਤਾਰ ਵਜ਼ਨ ਤੋਲਿਆ ਤਾਂ ਗੈਸ ਸਿਲੰਡਰਾਂ ਵਿੱਚ ਘੱਟ ਗੈਸ ਦੇ ਕੇ ਪੂਰਾ ਮੁੱਲ ਵਸੂਲਣ ਦਾ ਹੈਰਾਨੀਜਨਕ ਸੱਚ ਸਾਹਮਣੇ ਆ ਗਿਆ। ਕਿਸਾਨਾਂ ਨੇ ਇਕੱਠੇ ਹੋ ਕੇ ਹੋਮ ਡਿਲੀਵਰੀ ਵਾਲੇ ਮੁਲਾਜਮਾਂ ਨਾਲ ਚੰਗੀ ਖਾਸੀ ਕੁੱਤੇਖਾਣੀ ਕੀਤੀ ਗਈ ਕਿ ਕਿਵੇਂ ਦਿਨ ਦਿਹਾੜੇ ਖਪਤਕਾਰਾਂ ਦੇ ਅੱਖੀਂ ਘੱਟਾ ਪਾ ਕੇ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਲੋਕਾਂ ਦੇ ਰੋਹ ਨੂੰ ਭਾਂਪਦਿਆਂ ਹੋਮ ਡਿਲਵਰੀ ਕਰਨ ਪਹੁੰਚੇ ਕਰਮਚਾਰੀਆਂ ਨੇ ਮੰਨਿਆ ਕਿ ਗੈਸ ਸਿਲੰਡਰਾਂ ਵਿੱਚ 1 ਕਿਲੋਗ੍ਰਾਮ ਤੋਂ ਲੈ ਕੇ 2 ਕਿਲੋਗ੍ਰਾਮ ਤੱਕ ਪ੍ਰਤੀ ਸਿਲੰਡਰ ਗੈਸ ਘੱਟ ਹੈ। ਉਨਾਂ ਆਪਣੀ ਗਲਤੀ ਵੀ ਮੰਨ ਲਈ।
ਪਨਸਮ ਅਧਿਕਾਰੀ ਨੇ ਕਿਹਾ ਕਾਨੂੰਨੀ ਕਾਰਵਾਈ ਲਈ ਡੀ.ਐਮ. ਪਨਸਪ ਨੂੰ ਲਿਖ ਦਿੱਤੈ,,,
ਗੈਸ ਸਿਲੰਡਰਾਂ ਵਿੱਚ ਘੱਟ ਗੈਸ ਹੋਣ ਦੀ ਠੀਕਰੀਵਾਲਾ ਵਿਖੇ ਸਾਹਮਣੇ ਆਈ ਘਟਨਾ ਬਾਰੇ ਜਦੋਂ ਹੋਮ ਡਿਲਵਰੀ ਦੇ ਇੰਚਾਰਜ ਮਨਿੰਦਰ ਸਿੰਘ ਤੱਗੜ ਨਾਲ ਗੱਲ ਕੀਤੀ ਤਾਂ ਉਨਾਂ ਪਹਿਲਾਂ ਤਾਂ ਕਿਹਾ ਕਿ ਇਸ ਘਟਨਾ ਸਬੰਧੀ ਸ਼ਕਾਇਤ ਮਿਲਦਿਆਂ ਹੀ ਜਿਲ੍ਹਾ ਮੈਨੇਜ਼ਰ ਪਨਸਪ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਪਰੰਤੂ ਗੱਲਬਾਤ ਦੌਰਾਨ ਹੀ ਉਨਾਂ ਪੈਂਤੜਾ ਬਦਲਦਿਆਂ ਕਿਹਾ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਹੋਮ ਡਿਲਵਰੀ ਵਾਲੀ ਗੱਡੀ ਪਨਸਮ ਗੈਸ ਦੀ ਹੀ ਸੀ। ਵੀਡੀਉ ਮੈਂ ਵੀ ਦੇਖੀ ਹੈ, ਉਹ ਕਿਤੇ ਨਹੀਂ ਕਹਿ ਰਹੇ ਕਿ ਗੈਸ ਪਨਸਪ ਦੀ ਹੈ। ਇਹ ਹੋਰ ਕਿਸੇ ਏਜੰਸੀ ਦੀ ਵੀ ਹੋ ਸਕਦੀ ਹੈ। ਪਿੰਡ ਵਿੱਚ ਇੰਡੇਨ ਦੀ ਸਪਲਾਈ ਹੋਰ ਏਜੰਸੀਆਂ ਵੀ ਕਰਦੀਆਂ ਹਨ। ਜਦੋਂ ਉਨਾਂ ਤੋਂ ਇਹ ਪੁੱਛਿਆ ਕਿ ਤਾਂ ਫਿਰ ਤੁਹਾਡੇ ਵੱਲੋਂ ਇਹ ਲਿਖ ਦੇਈਏ ਕਿ ਠੀਕਰੀਵਾਲਾ ਵਿਖੇ ਸਾਹਮਣੇ ਆਈ ਘੱਟ ਗੈਸ ਵਾਲੀ ਘਟਨਾ ਨਾਲ ਪਨਸਪ ਦਾ ਕੋਈ ਸਬੰਧ ਨਹੀਂ ਤਾਂ ਫਿਰ ਦੁਬਾਰਾ ਉਨਾਂ ਕਿਹਾ ਕਿ ਪਨਸਪ ਸਰਕਾਰੀ ਅਦਾਰਾ ਹੋਣ ਕਰਕੇ ਹੋਮ ਡਿਲਵਰੀ ਦਾ ਠੇਕਾ ਠੇਕੇਦਾਰ ਮਨਪ੍ਰੀਤ ਸਿੰਘ ਨੂੰ ਦਿੱਤਾ ਹੋਇਆ ਹੈ। ਜੇਕਰ ਸਿਲੰਡਰਾਂ ਵਿੱਚ ਘੱਟ ਗੈਸ ਨਿਕਲਦੀ ਹੈ ਤਾਂ ਇਸ ਦੀ ਜਿੰਮੇਵਾਰੀ ਪਨਸਪ ਦੀ ਨਹੀਂ ਸਗੋਂ ਹੋਮ ਡਿਲਵਰੀ ਵਾਲੇ ਠੇਕੇਦਾਰ ਦੀ ਹੀ ਹੈ। ਉਸ ਦੇ ਖਿਲਾਫ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।