ਨਾ ਫੋਟੋ ਕੀਤੀ, ਨਾ ਦੱਸਿਆ ਨਾਮ, ਜਰੂਰਤਮੰਦ ਦੇ ਘਰ ਭੇਜ਼ਿਆ ਸਮਾਨ
ਬਰਨਾਲਾ ਟੂਡੇ ਦੀ ਖਬਰ ਦਾ ਅਸਰ
ਹਰਿੰਦਰ ਨਿੱਕਾ ਬਰਨਾਲਾ 01 ਅਪ੍ਰੈਲ 2020
,,,ਮੋਬਾਇਲ ਦੀ ਘੰਟੀ ਖੜਕੀ,,, ਪਵਨ ਬੋਲਦੈਂ, ਅੱਗੋਂ ਗੱਲ ਕਰਨ ਵਾਲੇ ਨੇ ਪੁੱਛਿਆ, ਤੈਨੂੰ ਰਾਸ਼ਨ ਮਿਲ ਗਿਆ। ਆਪਣੇ ਚੌਹ ਜਣਿਆਂ ਦੇ ਪਰਿਵਾਰ ਵਿੱਚ ਬੈਠੇ ਪਵਨ ਨੇ ਨਾਂਹ ਵਿੱਚ ਜੁਆਬ ਦਿੱਤਾ। ਦੇਣਾ ਹੀ ਸੀ , ਢਿੱਡ ਦੀ ਭੁੱਖ ਛੁਪਾਇਆਂ ਕਿੱਥੇ ਛਿਪਦੀ ਐ। ਅੱਗੋਂ ਫੋਨ ਕਰਨ ਵਾਲੇ ਨੇ ਪੁ੍ਹਛਿਆ ਕਿ ਤੈਨੂੰ ਕਿੰਨ੍ਹੇ ਦਿਨ ਦੇ ਕਿਹੜੇ-ਕਿਹੜੇ ਰਾਸ਼ਨ ਦੀ ਲੋੜ ਹੈ। ਪਵਨ ਨੇ ਕਿਹਾ ਸਰ, 10 ਕਿੱਲੋ ਆਟਾ, 4 ਕਿੱਲੋ ਚਾਵਲ, 2 ਕਿਲੋ ਚੀਨੀ, 1 ਤੇਲ ਦੀ ਬੋਤਲ, ਚਾਹ ਪੱਤੀ ਤੇ ਮਿਰਚ ਮਸਾਲਾ ਤੇ ਕੁੱਝ ਹੋਰ ਰਸੋਈ ਦੀ ਵਰਤੋਂ ਦਾ ਸਮਾਨ।
ਬਰਨਾਲਾ ਟੂਡੇ ਚ, ,, × ਅੱਜ ਫੇਰ ਕਰਨਾ ਪਊ ਜੀ ਫੋਨ ਰਾਸ਼ਨ ਲੈਣ ਲਈ ! ਸਿਰਲੇਖ ਤਹਿਤ ਪ੍ਰਮੁੱਖਤਾ ਨਾਲ ਨਸ਼ਰ ਖਬਰ ਨੂੰ ਪੜ੍ਹਨ ਤੋਂ ਬਾਅਦ ਪਟਿਆਲਾ ਵਿਖੇ ਪੰਜਾਬ ਸਰਕਾਰ ਦੇ ਇੱਕ ਵਿਭਾਗ ਦੇ ਸੀਨੀਅਰ ਐਕਸੀਅਨ ਪਾਠਕ ਨੇ ਇਹ ਫੋਨ ਕਰਕੇ ਜਰੂਰਤਮੰਦ ਵਿਅਕਤੀ ਦੀ ਮੱਦਦ ਕਰਨ ਲਈ ਫੋਨ ਕੀਤਾ ਸੀ, ਇਹ ਵੀ ਉਹ ਦੱਸਣਾ ਨਹੀਂ ਚਾਹੁੰਦਾ ਸੀ, ਪਤਾ ਇਸ ਕਰਕੇ ਲੱਗਿਆ ਕਿ ਉਸ ਨੇ ,,ਬਰਨਾਲਾ ਟੂਡੇ,, ਦੀ ਟੀਮ ਨਾਲ ਮੋਬਾਇਲ ਤੇ ਸੰਪਰਕ ਕਰਕੇ ਪਵਨ ਦਾ ਨਾਮ ਪਤਾ ਅਤੇ ਫੋਨ ਨੰਬਰ ਲਿਆ ਸੀ। ਪਟਿਆਲਵੀ ਨੇ ਆਪਣੇ ਬਰਨਾਲਾ ਵਿਖੇ ਰਹਿੰਦੇ ਇੱਕ ਦੋਸਤ ਨੂੰ ਫੋਨ ਕਰਕੇ ਉੱਪਰ ਦੱਸਿਆ ਰਾਸ਼ਨ ਪਵਨ ਦੇ ਘਰ ਭੇਜ਼ਣ ਲਈ ਕਿਹਾ,ਵੱਸ ਡੇਢ ਕੁ ਘੰਟੇ ਦੇ ਵਕਫੇ ਨਾਲ ਪਵਨ ਦੇ ਘਰ ਮੂੰਹੋਂ ਮੰਗਿਆ ਰਾਸ਼ਨ ਭੇਜ਼ ਦਿੱਤਾ ਗਿਆ। ਨਾ ਕੋਈ ਰਾਸ਼ਨ ਦਿੰਦੇ ਦੀ ਫੋਟੇ ਖਿੱਚੀ ਤੇ ਨਾ ਹੀ ਆਪਣਾ ਤੇ ਸਮਾਨ ਭਿਜਵਾਉਣ ਵਾਲੇ ਦਾ ਕੋਈ ਨਾਮ ਦੱਸਿਆ। 2 ਧੀਆਂ ਦੇ ਪਿਤਾ ਪਵਨ ਨੇ ਫੋਨ ਕਰਕੇ ਸ਼ੁਕਰਿਆ ਕਿਹਾ ਤਾਂ ਪਟਿਆਲੇ ਵਾਲੇ ਸੱਜਣ ਨੇ ਸ਼ੁਕਰੀਆ ਕਰਨ ਤੋਂ ਰੋਕ ਕੇ ਇਹ ਕਿਹਾ ਕਿ ਜਦੋਂ ਰਾਸ਼ਨ ਖਤਮ ਹੋ ਗਿਆ ਤਾਂ, ਫਿਰ ਇੱਕ ਦਿਨ ਪਹਿਲਾਂ ਦੱਸ ਦੇਣਾ।
ਪਵਨ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਸਨੇ ਆਪਣੇ ਘਰ ਖਾਣਾ ਨਾ ਹੋਣ ਦੀ ਸ਼ਿਕਾਇਤ ਤਾਂ ਪੁਲਿਸ ਕੰਟਰੋਲ ਰੂਮ ਬਰਨਾਲਾ ਵਿਖੇ ਕੀਤੀ ਸੀ, ਉਸੇ ਦਿਨ ਹੀ 2 ਪੁਲਿਸ ਕਰਮਚਾਰੀ ਰੋਡ ਤੇ ਆ ਕੇ ਉਸ ਨੂੰ ਫੋਨ ਕਰਕੇ ਡੇਢ ਕਿਲੋ ਆਟਾ, 1 ਕਿਲੋ ਚੌਲ ਤੇ 1 ਕਿਲੋ ਛੋਲਿਆਂ ਦੀ ਦਾਲ ਦੇ ਪੈਕਟ ਦੇ ਕੇ ਚਲੇ ਗਏ ਸਨ। ਪਰ ਹੁਣ ਇਹ ਪਟਿਆਲਾ ਵਾਲੇ ਨੇ ਰਾਸ਼ਨ ਭੇਜ਼ ਦਿੱਤਾ। ਉਸ ਨੂੰ ਇਸ ਨਾਲ ਕੋਈ ਫਰਕ ਨਹੀ ਕਿ ਸਮਾਨ ਕਿਸ ਨੇ ਭੇਜ਼ਿਆ ਹੈ। ਵੱਸ ਉਸ ਦੇ ਪਰਿਵਾਰ ਦੇ ਦਸ ਦਿਨ ਰੁੱਖੀ-ਸੁੱਖੀ ਖਾ ਕੇ ਚੰਗੇ ਨਿੱਕਲ ਜਾਣਗੇ। ਸਮਾਨ ਭੇਜ਼ਣ ਵਾਲੇ ਨੇ ਆਪਣਾ ਨਾਮ ਬਰਨਾਲਾ ਟੂਡੇ ਚ,ਪ੍ਰਕਾਸ਼ਿਤ ਕਰਨ ਤੋਂ ਵੀ ਰੋਕ ਦਿੱਤਾ। ਵਰਨਣਯੋਗ ਹੈ ਕਿ ਰਾਏਕੋਟ ਰੋਡ ਤੇ ਪੈਂਦੇ ਰਾਜ ਸਿਨੇਮਾ ਦੇ ਲਾਗਲੇ ਬਾਬਾ ਰਾਮਦੇਵ ਨਗਰ ਵਿੱਚ ਆਪਣੇ ਚਾਰ ਜਣਿਆ ਦੇ ਪਰਿਵਾਰ ਸਮੇਤ ਕਈ ਦਿਨ ਭੁੱਖਣ-ਭਾਣੇ ਕਮਰੇ ਚ, ਬੰਦ ਪ੍ਰਵਾਸੀ ਮਜਦੂੁਰ ਪਵਨ ਕੁਮਾਰ ਪੁੱਤਰ ਜਤਿੰਦਰ ਜੈਸਵਾਲ ਨੂੰ ਪੁਲਿਸ ਨੂੰ ਰੋਟੀ ਨਾ ਮਿਲਣ ਦੀ ਸ਼ਿਕਾਇਤ ਦਰਜ਼ ਕਰਵਾਉਣ ਲਈ ਫੋਨ ਕਰਨਾ ਪਿਆ ਸੀ।
– ਕਰਫਿਊ ਦੇ ਪਹਿਲੇ ਪੜਾਅ ਦੇ 10 ਦਿਨ,,
ਕੋਰੋਨਾ ਦੇ ਕਹਿਰ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਵੱਲੋਂ ਲਾਗੂ ਕੀਤੇ ਕਰਫਿਊ ਦੇ ਪਹਿਲੇ ਪੜਾਅ ਦੇ 10 ਦਿਨ ਬੀਤ ਚੁੱਕੇ ਹਨ। ਅਗਲੇ 14 ਦਿਨ ਦਾ ਪੜਾਅ ਸ਼ੁਰੂ ਹੋ ਚੁੱਕਿਆ ਹੈ। ਕਰਫਿਊ ਦੇ ਪਹਿਲੇ ਪੜਾਅ ਦੇ ਕਈ ਰੰਗ-ਢੰਗ ਦੇਖਣ ਨੂੰ ਸਾਹਮਣੇ ਆਏ। ਰਾਸ਼ਨ ਵੰਡਣ ਲਈ ਸੈਂਕੜਿਆਂ ਦੀ ਸੰਖਿਆ ਵਿੱਚ ਸਮਾਜ ਸੇਵੀ ਲਾਚਾਰ ਲੋਕਾਂ ਦੀ ਸੇਵਾ ਲਈ ਨਿੱਤਰੇ। ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਦਫਤਰਾਂ ਚੋਂ ਬਾਹਰ ਆ ਕੇ ਲੋੜਵੰਦਾ ਦੀ ਮੱਦਦ ਕੀਤੀ।
ਇੱਥੇ ਹੀ ਵੱਸ ਨਹੀਂ , ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਹੱਥਾਂ ਚ, ਡੰਡੇ ਫੜ੍ਹ ਕੇ ਲੋਕਾਂ ਤੇ ਰੋਹਬ ਝਾੜਨ ਵਾਲੀ ਪੁਲਿਸ ਦੇ ਹੱਥ ਵੀ ਇਸ ਕੌਮੀ ਦੁੱਖ ਦੀ ਘੜੀ ਵਿੱਚ ਜਰੂਰਤਮੰਦ ਲੋਕਾਂ ਦੇ ਘਰੋ-ਘਰੀਂ ਰਾਸ਼ਨ ਪਹੁੰਚਾਉਣ ਚ, ਦਿਲੋ-ਜਾਣ ਨਾਲ ਜੁੱਟੇ ਹੋਏ ਹਨ। ਵੱਸ ਮੱਦਦ ਕਰਨ ਦਾ ਢੰਗ ਹਰ ਕਿਸੇ ਦਾ ਵੱਖਰਾ ਵੱਖਰਾ ਹੀ ਹੈ। ਲਾਚਾਰ ਤੇ ਮਜਬੂਰ ਲੋਕਾਂ ਦੀ ਮੱਦਦ ਕਰਨ ਦਾ ਕਿਹੜਾ ਢੰਗ ਠੀਕ ਹੈ। ਇਹ ਹਰ ਕਿਸੇ ਦੇ ਆਪੋ-ਆਪਣੇ ਵਿਵੇਕ ਤੇ ਟਿਕਿਆ ਸਵਾਲ ਹੈ।