ਕਰੋਨਾ ਵਿਰੋਧੀ ਮੁਹਿੰਮ ਤੇ ਸਵਾਲੀਆ ਨਿਸ਼ਾਨ, ਮੋਬਾਇਲ ਸ਼ਰਾਬ ਤੇ ਲਗਾਮ ਲਾਉਣ ‘ਚ ਫੇਲ੍ਹ ਸਾਬਤ ਹੋ ਰਹੀ ਪੁਲਿਸ
ਅਸ਼ੋਕ ਵਰਮਾ ਬਠਿੰਡਾ, 31 ਮਾਰਚ
ਬਠਿੰਡਾ ‘ਚ ਕਰਫਿਊ ਦੇ ਬਾਵਜੂਦ ਹੁਣ ਸ਼ਰਾਬ ਦੇ ਠੇਕੇਦਾਰਾਂ ਨੇ ਘਰੋ ਘਰੀਂ ਸ਼ਰਾਬ ਦੀ ਸਪਲਾਈ ਕਰ ਦਿੱਤੀ ਹੈ ਜਿਸ ਨੂੰ ਕਰੋਨਾ ਵਾਇਰਸ ਖਿਲਾਫ ਮੁਹਿੰਮ ਦੇ ਪੱਖ ਤੋਂ ਚਿੰਤਾਜਨਕ ਮੰਨਿਆ ਜਾ ਰਿਹਾ ਹੈ। ਠੇਕੇਦਾਰ ਇਸ ਕੰਮ ਲਈ ਵਟਸਐਪ ਨੂੰ ਹਥਿਆਰ ਵਜੋਂ ਵਰਤਣ ਲੱਗੇ ਹਨ। ਅੱਜ ਇੱਥ ਗਰੁੱਪ ‘ਚ ਸ਼ਰਾਬ ਮੰਗਵਾਉਣ ਸਬੰਧੀ ਮੈਸਜ਼ ਪਾਇਆ ਦੇਖਿਆ ਗਿਆ ਜਿਸ ‘ਚ ਮੋਬਾਇਲ ਨੰਬਰ ਵੀ ਦਿੱਤਾ ਹੋਇਆ ਹੈ। ਇਸ ਮੈਸਜ਼ ‘ਚ ਕਰੀਬ ਪੌਣੀ ਦਰਜਨ ਤਰਾਂ ਦੀ ਸ਼ਰਾਬ ਦੇ ਭਾਅ ਦੱਸੇ ਗਏ ਹਨ ਅਤੇ ਡਲਿਵਰੀ ਮੌਕੇ ਪੈਸੇ ਦੇਣ ਦੀ ਗੱਲ ਆਖੀ ਗਈ ਹੇ। ਦੱਸਿਆ ਜਾਂਦਾ ਹੈ ਕਿ ਕਈ ਠੇਕਿਆਂ ਤੇ ਸ਼ਟਰ ਚੁੱਕ ਕੇ ਵੀ ਸ਼ਰਾਬ ਵੇਚੀ ਜਾ ਰਹੀ ਹੈ। ਵੱਖ ਵੱਖ ਥਾਵਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਸ਼ਰਾਬ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹਾ ਦਿੱਤੀਆਂ ਗਈਆਂ ਹਨ ਅੱਜ ਪ੍ਰੈਸ ਕਾਨਫਰੰਸ ਦੌਰਾਨ ਵੀ ਸ਼ਰਾਬ ਦੀ ਮੋਬਾਇਲ ਵਿੱਕਰੀ ਦਾ ਮਾਮਲਾ ਆਈਜੀ ਕੋਲ ਉੱਠਿਆ ਹੈ। ਹਾਲਾਂਕਿ ਪ੍ਰਸ਼ਾਸ਼ਨ ਕਾਰਵਾਈ ਕਰਦਾ ਹੈ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੀ ਮੌਜੂਦਗੀ ‘ਚ ਸਥਿਤੀ ਦੀ ਗੰਭੀਰਤਾ ਸਾਹਮਣੇ ਆ ਗਈ ਹੈ। ਸੂਤਰ ਦੱਸਦੇ ਹਨ ਕਿ ਬੇਸ਼ੱਕ ਠੇਕੇਦਾਰ ਤਾਂ ਇਸ ਸ਼ਰਾਬ ਰਾਹੀਂ ਹੱਥ ਰੰਗ ਰਹੇ ਹਨ ਪਰ ਨੌਜੁਆਨਾਂ ਤੇ ਆਮ ਲੋਕਾਂ ਲਈ ਘਾਤਕ ਸਿੱਧ ਹੋਣ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ । ਪੁਲਿਸ ਵਿਚਲੇ ਅਹਿਮ ਸੂਤਰਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਮਾਮਲੇ ‘ਚ ਇਸ ਤਰਾਂ ਤੁਰ ਫਿਰ ਕੇ ਸ਼ਰਾਬ ਵੇਚਣ ਦੀ ਗਲ ਸਾਹਮਣੇ ਆਂਈ ਹੈ । ਪੰਜਾਬ ਪੁਲਿਸ ਕਰਫਿਊ ਸਖਤੀ ਨਾਲ ਲਾਗੂ ਕਰਨ ਦੀ ਗੱਲ ਤਾਂ ਆਖਦੀ ਹੈ ਪਰ ਮੋਬਾਇਲ ਸ਼ਰਾਬ ਤੇ ਲਗਾਮ ਲਾਉਣ ‘ਚ ਫੇਲ੍ਹ ਸਾਬਤ ਹੋ ਰਹੀ ਹੈ। ਵੇਰਵਿਆਂ ਅਨੁਸਾਰ ਲਾਈਨੋਪਾਰ ਇਲਾਕੇ ‘ਚ ਚੱਲਦੇ ਫਿਰਦੇ ਠੇਕਿਆਂ ਦੀ ਸਰਦਾਰੀ ਹੈ ਜਿਸ ਨੇ ਨਸ਼ੀ ਵਿਰੋਧੀ ਮੁਹਿੰਮ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਦੋ ਤਿੰਨ ਏਜੰਟਾਂ ਵੱਲੋਂ ਮੋਟਰਸਾਈਕਲ ਤੇ ਸ਼ਰਾਬ ਵੇਚੀ ਜਾ ਰਹੀ ਹੈ । ਇੱਕ ਏਜੰਟ ਇੱਕ ਜਾਂ ਦੋ ਬੋਤਲਾਂ ਰੱਖਦਾ ਹੈ ਅਤੇ ਗਲੀਆਂ ਮੁਹੱਲਿਆਂ ਰਾਹੀਂ ਲਾਂਘੇ ਦਾ ਸਹਾਰਾ ਲਿਆ ਜਾ ਰਿਹਾ ਹੈ ਜਿਸ ਤੇ ਸ਼ੱਕ ਕਰਨਾ ਔਖਾ ਹੈ । ਸੂਤਰਾਂ ਅਨੁਸਾਰ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਤੇ ਵੀ ਠੇਕਾ ਚੱਲਦਾ ਹੈ ਜਦੋਂਕਿ ਦੋ ਮਹਿਲਾਵਾਂ ਐਕਟਿਵਾ ਤੇ ਸ਼ਰਾਬ ਵੇਚਦੀਆਂ ਹਨ। ਸੂਤਰ ਦੱਸਦੇ ਹਨ ਕਿ ਕਰੋਨਾ ਵਾਇਰਸ ਕਾਰਨ ਸਟਾਕ ਵਧ ਜਾਣ ਕਾਰਨ ਇੱਕ ਏਜੰਟ ਵੱਲੋਂ ਦੋ ਬੋਤਲਾਂ ਨਾਲ ਇੱਕ ਫਰੀ ਦੀ ਸਕੀਮ ਵੀ ਚਾਲੂ ਕੀਤੀ ਗਈ ਹੈ ਸੂਤਰਾਂ ਮੁਤਾਬਕ ਦਰਜਨਾਂ ਪਿੰਡਾਂ ‘ਚ ਸ਼ਰਾਬ ਵੇਚਣ ਵਾਲੇ ਸਰਗਰਮ ਹਨ। ਮਾਮਲਾ ਸਰਕਾਰੀ ਮਾਲੀਏ ਦਾ ਅਹਿਮ ਸਾਧਨ ਹੋਣ ਕਰਕੇ ਅਫਸਰ ਵੀ ਚੁੱਪ ਵੱਟ ਜਾਂਦੇ ਹਨ। ਇੱਕ ਅਧਿਕਾਰੀ ਨੇ ਆਫ ਦਾ ਰਿਕਾਰਡ ਦੱਸਿਆ ਕਿ ਮਾਲੀ ਸਾਲ ਦੇ ਅੰਤ ਤੇ ਸ਼ਰਾਬ ਨੂੰ ਖੁੱਲ੍ਹਆਮ ਹੀ ਵੇਚਿਆ ਜਾਣਾ ਸੀ ਪਰ ਅਚਾਨਕ ਬਦਲੇ ਹਾਲਾਤਾਂ ਨੇ ਸਭ ਉਲਟਾਂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ਤੋਂ ਨਸ਼ਾ ਵਿਰੋਧੀ ਧਿਰਾਂ ਸ਼ਰਾਬ ਦੀ ਵਿੱਕਰੀ ਸਬੰਧੀ ਸ਼ਕਾਇਤਾਂ ਕਰ ਰਹੀਆਂ ਹਨ ਤੇ ਨਸ਼ਾ ਰੋਕੂ ਅਫਸਰਾਂ (ਡੈਪੋਜ਼) ਵੱਲੋਂ ਵੀ ਇਸੇ ਤਰਾਂ ਦੀ ਸੂਚਨਾ ਦਿੱਤੀ ਜਾ ਰਹੀ ਹੈ । ਸੂਤਰਾਂ ਮੁਤਾਬਕ ਕੁੱਝ ਲੋਕਾਂ ਨੇ ਮੋਬਾਇਲ ਸ਼ਰਾਬ ਖਿਲਾਫ ਪ੍ਰਸ਼ਾਸ਼ਨ ਕੋਲ ਪਹੁੰਚ ਵੀ ਕੀਤੀ ਹੈ ਪਰ ਮਸਲਾ ਹੱਲ ਨਹੀਂ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਝੰਡਾ ਵੀ ਚੁੱਕਿਆ ਹੋਇਆ ਹੈ ਤੇ ਚਲਦੀਆਂ ਫਿਰਦੀਆਂ ਦੁਕਾਨਾਂ ਤੋਂ ਸ਼ਰਾਬ ਵੀ ਸਪਲਾਈ ਹੋ ਰਹੀ ਹੈ।
ਸਰਕਾਰ ਦੀ ਦੂਹਰੀ ਨੀਤੀ: ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸਰਕਾਰਾਂ ਨਸ਼ੇ ਖਿਲਾਫ ਮੁਹਿੰਮ ਛੇੜਦੀਆਂ ਹਨ ਪਰ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀਆਂ ਜੋਕਿ ਦੂਹਰੇ ਮਾਪਦੰਡਾਂ ਦਾ ਪ੍ਰਗਟਾਵਾ ਹੈ। ਉਨ੍ਹਾਂ ਆਖਿਆ ਕਿ ਇਸ ਤਰਾਂ ਤੁਰ ਫਿਰ ਕੇ ਸ਼ਰਾਬ ਮੁਹੱਈਆ ਕਰਵਾਉਣਾ ਸਮਾਜ ਖਿਲਾਫ ਮੁਜਰਮਾਨਾ ਸਾਜਿਸ਼ ਹੈ ਇਸ ਲਈ ਅਜਿਹੇ ਲੋਕ ਬਖਸ਼ੇ ਨਹੀਂ ਜਾਣੇ ਚਾਹੀਦੇ ਹਨ। ਸ੍ਰੀ ਕੁਸਲਾ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨਸ਼ੇ ਰੋਕਣ ਖ਼ਿਲਾਫ਼ ਸੁਹਿਰਦ ਹੈ ਤਾਂ ਇਸ ਲੜਾਈ ਨੂੰ ਸੱਚੇ ਦਿਲੋਂ ਲੜਨ ਲਈ ਠੇਕੇ ਪੂਰੀ ਤਰਾਂ ਬੰਦ ਕਰਨ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ।
ਸ਼ਰਾਬ ਨੇ ਲਾਈ ਨਸ਼ੇ ਦੀ ਚਾਟ
ਨੌਜਵਾਨ ਭਾਰਤ ਸਭਾ ਦੇ ਨੇਤਾ ਅਸ਼ਵਨੀ ਘੁੱਦਾ ਦਾ ਕਹਿਣਾ ਸੀ ਕਿ ਘੁੰਮ ਫਿਰ ਕੇ ਸ਼ਰਾਬ ਦੀ ਵਿੱਕਰੀ ਕਰਨ ਵਾਲੇ ਏਜੰਟਾਂ ਵੱਲੋਂ ਬੂਹੇ ‘ਤੇ ਸ਼ਰਾਬ ਮੁਹੱਈਆ ਕਰਵਾਉਣ ਕਰਕੇ ਨੌਜਵਾਨ ਇਸ ਦੀ ਚਾਟ ‘ਤੇ ਲੱਗ ਰਹੇ ਹਨ । ਉਨ੍ਹਾਂ ਆਖਿਆ ਕਿ ਕਰੋਨਾ ਵਾਇਰਸ ਕਾਰਨ ਜੇਕਰ ਆਮ ਲੋਕਾਂ ਤੇ ਕਾਨੂੰਨੀ ਸ਼ਿਕੰਜਾ ਕਸਿਆ ਜਾ ਸਕਦਾ ਹੈ ਤਾਂ ਮੋਬਾਇਲ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਵਕਤ ਦੀ ਜਰੂਰਤ ਹੈ ।
ਜਾਂਚ ਕਰਕੇ ਕਾਰਵਾਈ:ਆਈਜੀ
ਬਠਿੰੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਦਾ ਕਹਿਣਾ ਸੀ ਕਿ ਉਹ ਇਸ ਤਰਾਂ ਕੀਤੀ ਜਾ ਰਹੀ ਸ਼ਰਾਬ ਦੀ ਵਿੱਕਰੀ ਬਾਰੇ ਜਾਂਚ ਕਰਵਾਉਣਗੇ।