ਦੁਕਾਨ ਮਾਲਿਕ ਮਹਿੰਦਰ ਖੰਨਾ ਨੇ ਕਿਹਾ ਮੁਹੱਲਾ ਵਾਸੀਆਂ ਨੂੰ ਨਰਾਜ਼ ਕਰਕੇ, ਮੈਂ ਨਹੀਂ ਲਵਾਉਂਦਾ ਟਾਵਰ
ਹਰਿੰਦਰ ਨਿੱਕਾ , ਬਰਨਾਲਾ 24 ਫਰਵਰੀ 2021
ਸ਼ਹਿਰ ਦੇ ਕੱਚਾ ਕਾਲਜ ਰੋਡ ਦੀ ਗਲੀ ਨੰਬਰ 11 ਦੇ ਆਸ ਪਾਸ ਰਹਿੰਦੇ ਲੋਕਾਂ ਨੇ ਸਪੋਰਟਸ ਦੀ ਦੁਕਾਨ ਤੇ ਏਅਰਟੈਲ ਮੋਬਾਇਲ ਕੰਪਨੀ ਦਾ ਟਾਵਰ ਲਾਉਣ ਦੇ ਖਿਲਾਫ ਧਰਨਾ ਲਾ ਦਿੱਤਾ। ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੁਕਾਨ ਮਾਲਿਕ ਮਹਿੰਦਰ ਖੰਨਾ ਨਗਰ ਕੌਂਸਲ ਦੀ ਮਨਜੂਰੀ ਤੋਂ ਬਿਨਾਂ ਹੀ ਟਾਵਰ ਲਗਵਾ ਰਿਹਾ ਹੈ। ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਟਾਵਰ ਦੀਆਂ ਕਿਰਨਾਂ ਕਾਰਨ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਨ੍ਹੇਰੀ ਕਾਰਣ ਟਾਵਰ ਟੁੱਟ ਕੇ ਡਿੱਗਣ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਉੱਧਰ ਸੰਪਰਕ ਕਰਨ ਤੇ ਮਹਿੰਦਰ ਖੰਨਾ ਨੇ ਦੱਸਿਆ ਕਿ ਮੈਂ ਆਊਟ ਆਫ ਡਿਸਟ੍ਰਿਕਟ ਹਾਂ, ਉਨ੍ਹਾਂ ਕਿਹਾ ਕਿ ਮੋਬਾਇਲ ਕੰਪਨੀ ਨੇ ਟਾਵਰ ਲਗਾਉਣ ਸਬੰਧੀ ਨਗਰ ਕੌਂਸਲ ਤੋਂ ਬਕਾਇਦਾ 21 ਦਸੰਬਰ 2020 ਨੂੰ ਮਨਜੂਰੀ ਲੈ ਕੇ ਹੀ ਹੁਣ ਕੰਪਨੀ ਨੇ ਟਾਵਰ ਲਾਉਣਾ ਸ਼ੁਰੂ ਕੀਤਾ। ਮਹਿੰਦਰ ਖੰਨਾ ਨੇ ਕਿਹਾ ਕਿ ਮੈਂ ਮੁਹੱਲਾ ਨਿਵਾਸੀਆਂ ਨੂੰ ਨਰਾਜ਼ ਕਰਕੇ ਟਾਵਰ ਨਹੀਂ ਲੁਆਵਾਂਗਾ। ਇਸ ਸਬੰਧੀ ਮੈਂ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਮਨ੍ਹਾ ਕਰ ਦਿੱਤਾ ਹੈ। ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਹੀ ਟਾਵਰ ਲਾਉਣਾ ਸ਼ੁਰੂ ਕੀਤਾ ਸੀ। ਪਰੰਤੂ ਹੁਣ ਸ੍ਰੀ ਖੰਨਾ ਨੇ ਲੋਕਾਂ ਦੇ ਵਿਰੋਧ ਕਾਰਨ ਟਾਵਰ ਲਵਾਉਣ ਤੋਂ ਨਾਂਹ ਕਰ ਦਿੱਤੀ ਹੈ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਬੇਸ਼ੱਕ ਮਹਿੰਦਰ ਖੰਨਾ ਨੇ ਟਾਵਰ ਨਾ ਲਵਾਉਣ ਲਈ ਕਹਿ ਦਿੱਤਾ ਹੈ। ਪਰੰਤੂ ਉਨ੍ਹਾਂ ਦਾ ਪ੍ਰਦਰਸ਼ਨ ਨਗਰ ਕੌਂਸਲ ਪ੍ਰਬੰਧਕਾਂ ਤੋਂ ਟਾਵਰ ਲਾਉਣ ਲਈ ਦਿੱਤੀ ਮਨਜੂਰੀ ਨੂੰ ਰੱਦ ਕਰਵਾਉਣ ਲਈ ਹੈ।