ਨਵੇਂ ਲਾਇਸੈਂਸ ਲਈ 10 ਅਤੇ ਨਵਿਆਉਣ ਲਈ ਲਗਾਉਣੇ ਪੈਣਗੇ 5 ਰੁੱਖ: ਡਵਿਜ਼ਨਲ ਕਮਿਸ਼ਨਰ
ਪੁਲਿਸ ਵੈਰੀਫਿਕੇਸ਼ਨ/ਡੋਪ ਟੈਸਟ ਮਹੀਨੇ ਬਾਅਦ ਬੂਟਿਆਂ ਨਾਲ ਦੁਬਾਰਾ ਸੈਲਫ਼ੀ ਤੋਂ ਬਾਅਦ ਹੀ ਕਰਵਾਇਆ ਜਾਵੇਗਾ
ਮੁਹਿੰਮ ਦੀ ਜ਼ਿਲ੍ਹਾ ਪੱਧਰ ਉਤੇ ਸ਼ੁਰੂਆਤ ਮੌਕੇ ਬਿਨੈਕਾਰਾਂ ਨੂੰ ਲਾਇਸੈਂਸ ਸੌਂਪੇ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 22 ਫ਼ਰਵਰੀ 2021
ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ ਅਤੇ ਜੰਗਲਾਂ ਹੇਠ ਘਟਦੇ ਰਕਬੇ ਖ਼ਿਲਾਫ਼ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਾਸੀਆਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਡਵਿਜ਼ਨਲ ਕਮਿਸ਼ਨਰ ਪਟਿਆਲਾ ਸ੍ਰੀ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਨਵਾਉਣ/ਨਵਿਆਉਣ ਸਬੰਧੀ ਮੁਹਿੰਮ ‘ਟ੍ਰੀਜ਼ ਫ਼ਾਰ ਗੰਨ’ ਦੀ ਜ਼ਿਲ੍ਹਾ ਪੱਧਰ ਉਤੇ ਰਸਮੀ ਸ਼ੁਰੂਆਤ ਕੀਤੀ।
ਇਸ ਮੌਕੇ ਸ਼੍ਰੀ ਗੈਂਦ ਨੇ ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਅਤੇ ਰੁੱਖਾਂ ਨੂੰ ਪਾਲਣ ਲਈ ਪਾਬੰਦ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣ ਜਾ ਫੇਰ ਪੁਰਾਣੇ ਲਾਇਸੈਂਸ ਨੂੰ ਨਵਿਆਉਣ ਚਾਹੁੰਦਾ ਹੈ ਤਾਂ ਉਸ ਲਈ ਕ੍ਰਮਵਾਰ 10 ਅਤੇ 5 ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਉਸ ਨੂੰ ਲਾਇਸੈਂਸ ਦੀ ਫਾਈਲ ਜਮ੍ਹਾਂ ਕਰਵਾਉਣ ਸਮੇਂ ਰੁੱਖ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ। ਇਕ ਮਹੀਨੇ ਬਾਅਦ ਜਦ ਦਰਖਾਸਤ ਪੁਲਿਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਉਨ੍ਹਾਂ ਰੁੱਖਾਂ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਅਸਲਾ ਲੈਣ ਦੇ ਚਾਹਵਾਨਾਂ ਲਈ ਰੁੱਖ ਲਗਾਉਣੇ ਲਾਜ਼ਮੀ ਹੋਣਗੇ ਉਥੇ ਹੀ ਆਪਣੇ ਆਪ ਰੁੱਖ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਦਰਖ਼ਤਾਂ ਹੇਠ ਰਕਬਾ ਵਧੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੰਗਲਾਂ ਹੇਠ ਰਕਬਾ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਰੁੱਖ ਲਗਾਉਣ ਲਈ ਮੁਹਿੰਮ ਚਲਾਈ ਗਈ ਸੀ ਅਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਵੀ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਠਾਏ ਅਜਿਹੇ ਕਦਮ ਲੋਕਾਂ ਨੂੰ ਵਾਤਾਵਰਣ ਸਬੰਧੀ ਹੋਰ ਸੁਹਿਰਦ ਹੋਣ ਲਈ ਪ੍ਰੇਰਿਤ ਕਰਨਗੇ ਅਤੇ ਇਹ ਮੁਹਿੰਮ ਇੱਕ ਵਿਸ਼ਾਲ ਰੂਪ ਲਵੇਗੀ।
ਸ੍ਰੀ ਚੰਦਰ ਗੈਂਦ ਨੇ ਬਿਨੈਕਾਰਾਂ ਨੂੰ ਰਾਹਤ ਦਿੰਦਿਆ ਕਿਹਾ ਕਿ ਜਿਨ੍ਹਾਂ ਕੋਲ ਰੁੱਖ ਲਗਾਉਣ ਲਈ ਸਥਾਨ ਨਹੀਂ ਹੈ ਉਹ ਬੂਟੇ ਜਨਤਕ ਸਥਾਨਾਂ ‘ਤੇ, ਸਿੱਖਿਆ ਸੰਸਥਾਵਾਂ, ਧਾਰਮਿਕ ਸਥਾਨ ਜਾ ਫੇਰ ਸੜਕਾਂ ਕਿਨਾਰੇ ਵੀ ਲਗਾ ਸਕਦੇ ਹਨ ਪਰ ਉਨ੍ਹਾਂ ਨੂੰ ਰੁੱਖ ਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਸ ਮੌਕੇ ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਰੁੱਖ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ ਵਿੱਚ ਆਮਲਾ, ਨਿਮ੍ਹ, ਬੌਹੜ, ਟਾਹਲੀ ਆਦਿ ਰੁੱਖਾਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਬਿਨੈਕਾਰ ਵੱਲੋਂ ਲਗਾਏ ਗਏ ਰੁੱਖਾਂ ਦੀ ਬਾਅਦ ਵਿੱਚ ਵੀ ਨਿਗਰਾਨੀ ਰੱਖਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਮੁਹਿੰਮ ਦੀ ਸ਼ੁਰੂਆਤ ਮੌਕੇ ਬਿਨੈਕਾਰਾਂ ਨੂੰ ਲਾਇਸੈਂਸ ਵੀ ਸੌਪੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ ਡੀ ਐਮ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜ) ਜਸਪ੍ਰੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।