ਰਿੰਕੂ ਝਨੇੜੀ , ਭਵਾਨੀਗੜ/ਸੰਗਰੂਰ 19 ਫ਼ਰਵਰੀ:2021
ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਜ਼ਿਲਾ ਸੰਗਰੂਰ ਦੇ ਸਾਰੇ ਸਿਹਤ ਬਲਾਕਾਂ ਵਿਚ ਇਕ ਰੋਜ਼ਾ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਕੀਤੀ ਗਈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਰਾਹੀਂ ਸਿਹਤ ਸਹੂਲਤਾਂ ਤੇ ਸਕੀਮਾਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ ਹੈ।
ਕਮਿਊਨਟੀ ਹੈਲਥ ਸੈਂਟਰ (ਸੀ.ਐਚ.ਸੀ.) ਭਵਾਨੀਗੜ ਵਿਖੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਨੰੂ ਸੰਬੋਧਨ ਕਰਦਿਆਂ ਜ਼ਿਲਾ ਪਰਿਵਾਰ ਭਲਾਈ ਅਫ਼ਸਰ, ਡਾ. ਇੰਦਰਜੀਤ ਸਿੰਗਲਾ ਨੇ ਕਿਹਾ ਕਿ ਇਸ ਟ੍ਰੇਨਿੰਗ ਰਾਹੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਸਕੀਮਾਂ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ। ਉਨਾਂ ਆਸ਼ਾ ਤੇ ਆਂਗਣਵਾੜੀ ਵਰਕਰਾਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਹਰ ਗਰਭਵਤੀ ਮਾਂ ਦੀ ਛੇਤੀ ਤੋਂ ਛੇਤੀ ਰਜਿਸਟ੍ਰੇਸ਼ਨ ਕਰ ਕੇ ਉਸ ਦੇ ਸਾਰੇ ਐਂਟੀਨੇਟਲ ਚੈਕਅੱਪ ਕੀਤੇ ਜਾਣ ਤਾਂ ਜੋ ਡਲਿਵਰੀ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ।
ਉਨਾਂ ਕਿਹਾ ਕਿ ਬਲਾਕ ਦੀਆਂ ਸਾਰੀਆਂ ਐਲ.ਐਚ.ਵੀ, ਏ.ਐਨ.ਐਮਜ. ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰ ਹਾਈ ਰਿਸਕ ਗਰਭਵਤੀਆਂ ਦਾ ਖਾਸ ਧਿਆਨ ਰੱਖਣ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੇਸ਼ ਕੁਮਾਰ ਨੇ ਕਿਹਾ ਕਿ ਕੋਈ ਵੀ ਗੈਰ ਸੰਚਾਰੀ ਜਾਂ ਸੰਚਾਰੀ ਰੋਗ ਤੋਂ ਪੀੜਤ ਵਿਅਕਤੀ ਨੂੰ ਨੇੜੇ ਦੇ ਸਿਹਤ ਕੇਂਦਰ ਵਿੱਚ ਇਲਾਜ ਕਰਾਉਣ ਲਈ ਕਿਹਾ ਜਾਵੇ। ਉਨਾਂ ਕਿਹਾ ਕਿ ਜਿੰਨੀ ਜਲਦੀ ਬਿਮਾਰੀ ਦੀ ਪਛਾਣ ਹੋਵੇਗੀ ਉਨਾਂ ਹੀ ਆਸਾਨੀ ਨਾਲ ਇਲਾਜ ਸੰਭਵ ਹੈ। ਇਸ ਮੌਕੇ ਜ਼ਿਲਾ ਕਮਿਊਨਿਟੀ ਮੋਬਲਾਈਜ਼ਰ ਦੀਪਕ ਸ਼ਰਮਾ, ਪੀ.ਐਨ.ਡੀ.ਟੀਂ ਕੁਆਡੀਨੇਟਰ ਹਰਪ੍ਰੀਤ ਸਿੰਘ ਤੇ ਬਲਾਕ ਐਕਸਟੇਂਸ਼ਨ ਐਜੂਕੇਟਰ ਗੁਰਵਿੰਦਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।