ਅਸ਼ੋਕ ਵਰਮਾ , ਬਠਿੰਡਾ , 18 ਫਰਵਰੀ2021
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਬਠਿੰਡਾ-ਜੀਂਦ ਰੇਲਵੇ ਲਾਈਨ ਤੇ ਪਿੰਡ ਭਾਈ ਬਖਤੌਰ, ਬਠਿੰਡਾ-ਅੰਬਾਲਾ ਰੇਲਵੇ ਲਾਈਨ ਤੇ ਭੁੱਚੋ ਮੰਡੀ, ਬਠਿੰਡਾ- ਫਿਰੋਜ਼ਪੁਰ ਰੇਲਵੇ ਲਾਈਨ ਤੇ ਗੋਨਿਆਣਾ ਮੰਡੀ ਅਤੇ ਬਠਿੰਡਾ – ਬੀਕਾਨੇਰ ਰੇਲਵੇ ਲਾਈਨ ਤੇ ਸੰਗਤ ਮੰਡੀ ਵਿਖੇ 12 ਵਜੇ ਤੋਂ 4 ਵਜੇ ਤੱਕ ਰੇਲ ਜਾਮ ਲਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਬੀ ਕੇ ਯੂ ਦੇ ਜਿਲ੍ਹਾ ਆਗੂ ਹਰਜਿੰਦਰ ਬੱਗੀ ਅਤੇ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਲੋਕਾਂ ਵੱਲੋਂ ਮੁਲਕ ਪੱਧਰ ਤੇ ਚੱਲ ਰਹੇ ਇਸ ਕਿਸਾਨ ਸੰਘਰਸ਼ ਦੇ ਬਾਵਜੂਦ ਮੋਦੀ ਹਕੂਮਤ ਵੱਲੋਂ ਖੇਤੀ ਬਿੱਲ ਵਾਪਸ ਨਾ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮੋਦੀ ਹਕੂਮਤ ਹਰ ਹਾਲਤ ਵਿੱਚ ਲੋਕ ਵਿਰੋਧੀ ਕਾਨੂੰਨ ਲਾਗੂ ਕਰਨ ਲਈ ਬਜ਼ਿੱਦ ਹੈ ।
ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਭਾਰਤੀ ਹਾਕਮ ਮੁਲਕ ਦੇ ਕੁੱਲ ਸੋਮੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸਭਾਉਣ ਲਈ ਇਕਮਤ ਹਨ । ਇਸੇ ਕਰਕੇ ਮੋਦੀ ਹਕੂਮਤ ਏਨੇ ਵੱਡੇ ਲੋਕ ਰੋਹ ਦੇ ਬਾਵਜੂਦ ਖੇਤੀ ਕਾਨੂੰਨਾਂ ਤੋਂ ਪਿੱਛੇ ਹਟਣ ਲਈ ਰਾਜ਼ੀ ਨਹੀਂ । ਇਸ ਦੇ ਨਾਲ ਹੀ ਬਿਜਲੀ ਸੋਧ ਐਕਟ 2020 ਅਤੇ ਪਰਾਲੀ ਆਰਡੀਨੈਂਸ ਵੀ ਇਸੇ ਨੀਤੀ ਦਾ ਹੀ ਹਿੱਸਾ ਹਨ ਜਿਸ ਤਹਿਤ ਸਧਾਰਨ ਲੋਕਾਂ ਤੋਂ ਵੱਧ ਤੋਂ ਵੱਧ ਟੈਕਸਾਂ ਰਾਹੀਂ ਖੋਹ ਕੇ ਕਾਰਪੋਰੇਟਾਂ ਨੂੰ ਮੁਨਾਫ਼ੇ ਬਖ਼ਸ਼ੇ ਜਾਣੇ ਹਨ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲਵੇ ਅਤੇ ਇਸਦੇ ਨਾਲ ਹੀ ਸਾਰੇ ਰਾਜਾਂ ਵਿੱਚ ਸਾਰੀਆਂ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਉੱਤੇ ਸਰਕਾਰੀ ਖ਼ਰੀਦ ਦੀ ਗਰੰਟੀ ਕਰੇ । ਸਰਕਾਰ ਗ਼ਰੀਬ ਖੇਤ ਮਜ਼ਦੂਰਾਂ ਸਮੇਤ ਸਭਨਾਂ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੇਤ ਸਭਨਾਂ ਜ਼ਰੂਰੀ ਚੀਜ਼ਾਂ ਪਹੁੰਚਾਉਣ ਦੀ ਗਰੰਟੀ ਸਰਵਜਨਕ ਵੰਡ ਪ੍ਰਣਾਲੀ ਅਧੀਨ ਲਾਜ਼ਮੀ ਕਰੇ ।
ਦਿੱਲੀ ਮੋਰਚਿਆਂ ਵਿੱਚ ਡਟੇ ਹੋਏ ਕਿਸਾਨਾਂ ਤੇ ਦਰਜ ਕੀਤੇ ਜਾ ਰਹੇ ਝੂਠੇ ਕੇਸਾਂ ਨੂੰ ਫੌਰੀ ਵਾਪਸ ਲਿਆ ਜਾਵੇ ਅਤੇ ਲਾਲ ਕਿਲਾ ਘਟਨਾ ਬਹਾਨੇ ਫੜੇ ਗਏ ਕਿਸਾਨਾਂ ਦੇ ਟਰੈਕਟਰ ਤੇ ਹੋਰ ਸਾਧਨ ਤੁਰੰਤ ਵਾਪਸ ਕੀਤੇ ਜਾਣ । ਇਹਨਾਂ ਜਾਮਾਂ ਦੌਰਾਨ ਤਿੰਨੇ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ; ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਨ; ਸਰਵਜਨਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਲਾਗੂ ਕਰਨ ਤੋਂ ਇਲਾਵਾ ਦਿੱਲੀ ਮੋਰਚਿਆਂ ਵਿੱਚ ਡਟੇ ਕਿਸਾਨ ਆਗੂਆਂ ਸਿਰ ਮੜ੍ਹੇ ਝੂਠੇ ਦੇਸ਼ਧ੍ਰੋਹੀ ਕੇਸ ਰੱਦ ਕੀਤੇ ਜਾਣ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੇ ਫੜੇ ਗਏ ਟਰੈਕਟਰ ਵਾਪਸ ਕੀਤੇ ਜਾਣ । ਕਿਸਾਨਾਂ ਨੂੰ ਪੁੱਛ ਗਿੱਛ ਦੇ ਬਹਾਨੇ ਕਾਨੂੰਨੀ ਨੋਟਸ ਭੇਜਣੇ ਫੌਰੀ ਬੰਦ ਕੀਤੇ ਜਾਣ ।
ਇਸ ਮੌਕੇ ਬੋਲਦਿਆਂ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਆਪਣੇ ਫਾਸ਼ੀ ਵਿਹਾਰ ਤੇ ਚਲਦਿਆਂ ਹੋਇਆਂ ਮੋਦੀ ਹਕੂਮਤ ਨੇ ਕਿਸਾਨ ਸੰਘਰਸ਼ ਦੇ ਓਹਲੇ ਵਿੱਚ ਬੁੱਧੀਜੀਵੀਆਂ ਅਤੇ ਵਾਤਾਵਰਨ ਕਾਰਕੁਨਾਂ ਤੇ ਹੱਲਾ ਬੋਲਣਾ ਜਾਰੀ ਰੱਖਿਆ ਹੋਇਆ ਹੈ ।ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਕੌਮਾਂਤਰੀ ਟੂਲਕਿੱਟ ਸਾਜਿਸ਼ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਹੋਰਨਾਂ ਦੀ ਤਿਆਰੀ ਹੈ।ਉਨ੍ਹਾਂ ਕਿਹਾ ਕਿ ਫਾਸ਼ੀ ਮੋਦੀ ਹਕੂਮਤ ਵੱਲੋਂ ਕੌਮਾਂਤਰੀ ਹਮਾਇਤ ਨੂੰ ਬਿਨਾਂ ਵਜ੍ਹਾ ਸਾਜਿਸ਼ ਬਣਾਕੇ ਇਹ ਸਰਕਾਰ ਵੱਲੋਂ ਲਿਖਣ ਅਤੇ ਵਿਚਾਰਾਂ ਦੀ ਆਜ਼ਾਦੀ ਤੇ ਫਾਸੀ ਹਮਲਾ ਹੈ । ਜੇਕਰ ਕੋਈ ਕਨੂੰਨਾਂ ਦੇ ਪੱਖ ਵਿੱਚ ਬੋਲਦਾ ਹੈ ਤਾਂ ਸਰਕਾਰ ਤਸੱਲੀ ਜ਼ਾਹਰ ਕਰਦੀ ਹੈ ਅਤੇ ਕਿਸਾਨਾਂ ਦੇ ਸਮਰਥਨ ਚ ਬੋਲਣ ਵਾਲਿਆਂ ਨੂੰ ਕੌਮਾਂਤਰੀ ਸਾਜ਼ਿਸ਼ ਦੱਸਿਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਵੱਡੀ ਗਿਣਤੀ ਵਿੱਚ ਕਿਸਾਨ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਇਸ ਫ਼ਿਰਕੂ ਫਾਸ਼ੀ ਸਰਕਾਰ ਦਾ ਮੂੰਹ ਮੋੜਿਆ ਜਾ ਸਕੇ।
ਪ੍ਰੋਗਰਾਮ ਦੇ ਅਖ਼ੀਰ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ 21 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਮਜ਼ਦੂਰ-ਕਿਸਾਨ ਮਹਾਂਰੈਲੀ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਲੋਕ ਪੱਖੀ ਕਲਾਕਾਰ ਅਜਮੇਰ ਸਿੰਘ ਅਕਲੀਆ ਨੇ ਅੱਜ ਦੇ ਸਮਾਗਮ ਵਿੱਚ ਗੀਤ ਪੇਸ਼ ਕੀਤੇ ।ਅੱਜ ਦੇ ਪ੍ਰੋਗਾਮ ਨੂੰ ਜਗਸੀਰ ਸਿੰਘ ਝੁੰਬਾ, ਜਗਦੇਵ ਸਿੰਘ ਜੋਗੇਵਾਲਾ ਗੁਰਪਾਲ ਸਿੰਘ ਦਿਉਣ, ਸੁਖਦੇਵ ਸਿੰਘ ਰਾਮਪੁਰਾ,ਪਾਲਾ ਕੋਠਾ ਗੁਰੂ , ਨੌਜਵਾਨ ਭਾਰਤ ਸਭਾ ਦੇ ਆਗੂ ਸਰਬਜੀਤ ਮੌੜ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਅਮੀਤੋਜ ਮੌੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੇਵਕ ਸਿੰਘ ਮਹਿਮਾ ਸਰਜਾ , ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਜੀਤ ਸਿੰਘ ਭੰਗੂ, ਤਰਕਸ਼ੀਲ ਸੁਸਾਇਟੀ ਤੋਂ ਭਰਭੂਰ ਸਿੰਘ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਹਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।