ਹਰਿੰਦਰ ਨਿੱਕਾ , ਬਰਨਾਲਾ 18 ਫਰਵਰੀ 2021
ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਬੀਜੇਪੀ ਹਕੂਮਤ ਵੱਲੋਂ ਕਿਸਾਨ ਸੰਘਰਸ਼ ਤੇ ਵਿੱਢੇ ਫਿਰਕੂ ਫਾਸ਼ੀ ਹੱਲੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21 ਫਰਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਏਕਤਾ ਮਹਾਂ-ਰੈਲੀ ਦੇ ਵਿਆਪਕ ਪ੍ਰਬੰਧਾਂ ਬੀਤੇ ਕੱਲ੍ਹ ਤੋਂ ਹੀ ਪ੍ਰਬੰਧਕ ਜੁਟੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਵੱਲੋਂ ਦਾਣਾ ਮੰਡੀ ਬਰਨਾਲਾ ਵਿਖੇ ਪਹੁੰਚ ਕੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਮਹਾਂ ਰੈਲੀ ਚ ਲੱਗਣ ਵਾਲੇ ਸਾਊਂਡ ਸਿਸਟਮ ਨੂੰ ਚੁਸਤ ਦਰੁਸਤ ਰੱਖਣ ਲਈ ਉਨ੍ਹਾਂ ਮਾਸਟਰ ਸਾਊਂਡ ਭਦੌੜ ਦੇ ਮਾਲਕਾਂ ਤੇ ਕਾਰੀਗਰਾਂ ਨਾਲ਼ ਗੱਲਬਾਤ ਕੀਤੀ ਗਈ। ਉਹਨਾਂ ਰੈਲੀ ਦੀ ਸਟੇਜ ਸਬੰਧੀ ਵੀ ਸਟੇਜ ਮਾਲਕਾਂ ਨਾਲ ਸੁਰੱਖਿਆ ਦੇ ਪੱਖ ਤੋਂ ਪੁਖਤ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਕਿਸਾਨ ਮਜ਼ਦੂਰ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਾਂ ਰੈਲੀ ਚ ਦੋ ਲੱਖ ਦੇ ਕਰੀਬ ਕਿਸਾਨ ਮਜ਼ਦੂਰ ਮਰਦ ਔਰਤਾਂ ਦੇ ਪਹੁੰਚਣ ਦਾ ਅਨੁਮਾਨ ਹੈ ਅਤੇ ਇਸੇ ਹਿਸਾਬ ਨਾਲ ਹੀ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਟੈਂਟ, ਸਾਊਂਡ ਤੇ ਪਾਰਕਿੰਗ ਦੇ ਲਈ ਯੂਨੀਅਨ ਦੇ ਵਲੰਟੀਅਰ ਤੇ ਪ੍ਰਬੰਧਕਾਂ ਦੇ ਕਾਰੀਗਰ ਸਭਨਾਂ ਪ੍ਰਬੰਧਾਂ ਨੇਪਰੇ ਚਾੜ੍ਹਨ ਲਈ ਜੀਅ ਜਾਨ ਨਾਲ ਮਿਹਨਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਰੈਲੀ ਵਿੱਚ ਕਿਸਾਨ ਮਜ਼ਦੂਰ ਮਰਦ ਔਰਤਾਂ ਤੋਂ ਇਲਾਵਾ ਨੌਜਵਾਨ, ਵਿਦਿਆਰਥੀ, ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁੰਨ ਵੀ ਸ਼ਾਮਲ ਹੋਣਗੇ । ਉਹਨਾਂ ਦੱਸਿਆ ਕਿ ਦੇਸ਼ ਭਗਤ, ਜਮਹੂਰੀ ਹੱਕਾਂ ਅਤੇ ਸਭਿਆਚਾਰਕ ਕਾਮੇ, ਰੰਗਕਰਮੀ ਤੇ ਲੇਖਕ ਸ਼ਖਸ਼ੀਅਤਾਂ ਵੀ ਇਸ ਰੈਲੀ ਵਿੱਚ ਪੁੱਜਣਗੀਆਂ। ਉਹਨਾਂ ਦੱਸਿਆ ਕਿ ਇਸ ਰੈਲੀ ਨੂੰ ਦੋਹਾਂ ਜਥੇਬੰਦੀਆਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਸੰਬੋਧਨ ਕਰਨਗੇ। ਉੱਧਰ ਸੀਆਈਏ ਦੇ ਇੰਚਾਰਜ ਬਲਜੀਤ ਸਿੰਘ ਅਤੇ ਐਸਐਚਉ ਸਿਟੀ 1 ਬਰਨਾਲਾ ਨੇ ਪੁਲਿਸ ਪਾਰਟੀ ਸਮੇਤ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਜਦੋਂ ਕਿ ਮੰਡੀ ਵਿੱਚ ਇਕੱਠੇ ਪਸ਼ੂਆਂ ਨੂੰ ਮੰਡੀ ਤੋਂ ਬਾਹਰ ਮਨਾਲ ਗਊਸ਼ਾਲਾ ਵਿੱਚ ਪਹੁੰਚਾਉਣ ਦੀ ਜਿੰਮੇਵਾਰੀ ਗਊ ਰੱਖਿਅਕ ਵਿਜੇ ਮਾਰਵਾੜੀ ਨੇ ਸੰਭਾਲੀ। ਮਹਾਂ ਰੈਲੀ ਵਾਲੀ ਜਗ੍ਹਾ ਦਾਣਾ ਮੰਡੀ ਦੀ ਸਫਾਈ ਕਰਵਾਉਣ ਲਈ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਵਾਲੰਟੀਅਰ ਤੌਰ ਤੇ ਖੁਦ ਜਿੰਮੇਵਾਰੀ ਲਈ। ਦਿਨ ਭਰ ਸਫਾਈ ਦਾ ਕੰਮ ਵੀ ਬੜਾ ਤੇਜੀ ਨਾਲ ਜਾਰੀ ਰਿਹਾ।