ਸੰਗਰੂਰ, 31 ਮਾਰਚ: 2020
ਜ਼ਿਲਾ ਮੈਜਿਸਟਰੇਟ ਸੰਗਰੂਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਵੱਖ-ਵੱਖ ਸ਼੍ਰੇਣੀਆਂ ਤਹਿਤ ਲੋਕਾਂ ਨੂੰ ਜ਼ਰੂਰੀ ਸਾਮਾਨ ਦੀ ਘਰ-ਘਰ ਪਹੁੰਚ ਲਈ ਛੋਟ ਦਿੱਤੀ ਗਈ ਹੈ। ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਕੁਝ ਥਾਂਵਾਂ ’ਤੇ ਇਹ ਸਾਹਮਣੇ ਆਇਆ ਹੈ ਕਿ ਢਿੱਲ ਦੌਰਾਨ ਖੋਲੀਆਂ ਗਈਆਂ ਦੁਕਾਨਾਂ, ਬੈਂਕਾਂ ਜਾਂ ਸਟੋਰਾਂ ਆਦਿ ਦੇ ਸਾਹਮਣੇ ਦੀ ਭੀੜ ਜਮਾ ਹੋ ਜਾਂਦੀ ਹੈ ਜਿਸ ਨਾਲ ਵਾਇਰਸ ਦੇ ਫ਼ੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨਾਂ ਹਦਾਇਤ ਕੀਤੀ ਕਿ ਸਮੂਹ ਦੁਕਾਨਾਂ, ਬੈਂਕਾਂ, ਸਟੋਰਾਂ ਆਦਿ ਦੇ ਬਾਹਰ ਦੋ ਵਿਅਕਤੀਆਂ ਦੇ ਖੜਨ ਵਿਚਕਾਰ ਘੱਟੋ-ਘੱਟ ਇੱਕ ਮੀਟਰ ਦੀ ਵਿੱਥ ’ਤੇ ਘੇਰੇ ਬਣਾਏ ਜਾਣ। ਉਨਾਂ ਕਿਹਾ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਫ਼ੌਜ਼ਦਾਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਜ਼ੁਰਮਾਨਾ ਵੀ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਘਰ-ਘਰ ਡਲਿਵਰੀ ਲਈ ਸਿਰਫ਼ ਸਪਲਾਇਰਾਂ ਨੂੰ ਛੋਟ ਦਿੱਤੀ ਗਈ ਹੈ ਅਤੇ ਇਸ ਲਈ ਆਮ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਜ਼ਿਲਾ ਵਾਸੀਆਂ ਲਈ ਖ਼ਤਰਨਾਕ ਸਿੱਧ ਹੋ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅੰਦਰ ਰਹਿ ਕੇ ਆਪਣੀ ਅਤੇ ਹੋਰਾਂ ਦੀ ਸਿਹਤ ਦਾ ਖਿਆਲ ਰੱਖਣ ਅਤੇ ਕੋਰੋਨਾ ਵਾਇਰਸ ਵਿਰੁੱਧ ਸ਼ੁਰੂ ਹੋਈ ਇਸ ਜੰਗ ਨੂੰ ਹਰਾਉਣ ਵਿਚ ਪ੍ਰਸ਼ਾਸਨ ਦੀ ਮਦਦ ਕਰਨ।