* ਪਿਉ-ਪੁੱਤ ਨੂੰ ਆਈਸੂਲੇਸ਼ਨ ਵਾਰਡ ,ਚ ਕੀਤਾ ਦਾਖਿਲ, ਜਾਂਚ ਲਈ ਭੇਜੇ ਸੈਂਪਲ
* ਲੌਕਡਾਉਨ ਚ, ਘਰੋਂ ਬਾਹਰ ਪੈਰ ਰੱਖਣਾ ਹੀ ਕੋਰੋਨਾ ਦੇ ਸ਼ਿਕਾਰ ਹੋਣ ਦਾ ਵੱਡਾ ਖਤਰਾ- ਐਸਐਮਉ ਕੌਸ਼ਲ
ਹਰਿੰਦਰ ਨਿੱਕਾ, ਬਰਨਾਲਾ
ਦੁਨੀਆਂ ਭਰ ਚ, ਕੋਹਰਾਮ ਮਚਾ ਰਹੇ ਕੋਰੋਨਾ ਵਾਇਰਸ ਦੇ ਸ਼ੱਕ ਨੂੰ ਦੂਰ ਕਰਨ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜਾਂਚ ਲਈ ਭੇਜੇ ਦੁਬਈ ਤੋਂ ਆਈ ਔਰਤ ਦੇ ਸੈਂਪਲ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਜਦੋਂ ਕਿ ਯੂਕੇ ਤੋਂ ਕਰੀਬ 2 ਹਫਤੇ ਪਹਿਲਾ ਬਰਨਾਲਾ ਪਹੁੰਚੇ ਇੱਕ ਨੌਜਵਾਨ ਅਤੇ ਉਸ ਦੇ ਬਜੁਰਗ ਪਿਤਾ ਨੂੰ ਵੀ ਹਸਪਤਾਲ ਦੇ ਆਈਸੂਲੇਸ਼ਨ ਵਾਰਡ ਵਿੱਚ ਇਹਤਿਆਤ ਦੇ ਤੌਰ ਤੇ ਦਾਖਿਲ ਕੀਤਾ ਗਿਆ ਹੈ।
ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਦੁਬਈ ਤੋਂ 16 ਮਾਰਚ ਨੂੰ ਆਪਣੇ ਘਰ ਬਰਨਾਲਾ ਪਹੁੰਚੀ ਔਰਤ ਦੇ ਜਾਂਚ ਲਈ ਭੇਜੇ ਸੈਂਪਲ ਦੀ ਰਿਪੋਰਟ ਵੀ ਅੱਜ ਦੇਰ ਸ਼ਾਮ ਨੈਗੇਟਿਵ ਆ ਗਈ ਹੈ। ਸ਼ੁਕਰਵਾਰ ਨੂੰ ਉਸ ਨੂੰ ਹਸਪਤਾਲ ਚੋਂ ਛੁੱਟੀ ਵੀ ਕਰ ਦਿੱਤੀ ਜਾਵੇਗੀ। ਉਨ੍ਹਾਂ ਆਈਸੂਲੇਸ਼ਨ ਵਾਰਡ ,ਚ ਭਰਤੀ ਦੋ ਨਵੇ ਹੋਰ ਕੋਰੋਨਾ ਦੇ ਸ਼ੱਕੀ ਮਰੀਜ਼ਾ ਬਾਰੇ ਦੱਸਿਆ ਕਿ ਬਰਨਾਲਾ ਸ਼ਹਿਰ ਦਾ ਹੀ ਰਹਿਣ ਵਾਲਾ ਇੱਕ ਨੌਜਵਾਨ ਕਰੀਬ 2 ਹਫਤੇ ਪਹਿਲਾਂ ਯੂਕੇ ਤੋਂ ਬਰਨਾਲਾ ਪਰਤਿਆ ਹੈ। ਉਸ ਦੇ ਕਰੀਬ 68 ਸਾਲਾ ਪਿਤਾ ਨੂੰ ਪਿਛਲੇ ਕੁਝ ਦਿਨਾਂ ਤੋਂ ਖੰਘ, ਜੁਕਾਮ ਤੇ ਤੇਜ਼ ਬੁਖਾਰ ਦੀ ਤਕਲੀਫ ਚੱਲ ਰਹੀ ਸੀ। ਜਿਸ ਨੂੰ ਕੋਰੋਨਾ ਵਾਇਰਸ ਦਾ ਸ਼ੱਕ ਮਿਟਾਉਣ ਖਾਤਿਰ ਹਸਪਤਾਲ ਦੇ ਆਈਸੂਲੇਸ਼ਨ ਵਾਰਡ ਚ, ਭਰਤੀ ਕਰਕੇ ਇਲਾਜ਼ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪਰੰਤੂ ਯੂਕੇ ਤੋਂ ਪਰਤੇ ਉਸ ਦੇ ਬੇਟੇ ਨੂੰ ਸਿਰਫ ਗਲੇ ਦੀ ਹੀ ਮਾਮੂਲੀ ਤਕਲੀਫ ਹੈ। ਕੋਈ ਤੇਜ਼ ਬੁਖਾਰ,ਖੰਘ ਤੇ ਜੁਕਾਮ ਦੀ ਕੋਈ ਦਿੱਕਤ ਨਹੀ ਹੈ। ਫਿਰ ਵੀ ਕਿਉਂਕਿ ਉਹ ਯੂਕੇ ਤੋਂ ਆਇਆ ਹੈ। ਇਸ ਲਈ ਉਸ ਨੂੰ ਵੀ ਕੋਰੋਨਾ ਦਾ ਸ਼ੱਕ ਦੂੁਰ ਕਰਨ ਲਈ ਇਹਤਿਆਤੀ ਤੌਰ ਭਰਤੀ ਕੀਤਾ ਗਿਆ ਹੈ। ਦੋਵੇਂ ਪਿਉ-ਪੁੱਤਰ ਦੇ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਭੇਜ਼ ਦਿੱਤੇ ਹਨ। ਇਨ੍ਹਾਂ ਦੀ ਰਿਪੋਰਟ ਵੀ ਸ਼ੁਕਰਵਾਰ ਤੱਕ ਆ ਜਾਵੇਗੀ।
-17 ਸ਼ੱਕੀ ਮਰੀਜਾਂ ਦੀ ਰਿਪੋਰਟ ਆਈ ਨੈਗੇਟਿਵ
ਜਿਲ੍ਹੇ ਦੇ ਲੋਕਾਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਜਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ 19 ਸ਼ੱਕੀ ਮਰੀਜ਼ ਭਰਤੀ ਹੋਏ ਸਨ। ਜਿਨ੍ਹਾਂ ਵਿੱਚੋਂ 17 ਮਰੀਜਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਨ੍ਹਾਂ ਵਿੱਚੋਂ 3 ਔਰਤਾਂ ਤੇ 2 ਨੌਜਵਾਨ ਅਤੇ ਬਾਕੀ 12 ਮਰੀਜ਼ ਅਧੇੜ ਤੇ ਬਜੁਰਗ ਸਨ। ਜਦੋਂ ਕਿ ਤਾਜ਼ਾ ਭਰਤੀ ਕੀਤੇ ਪਿਉ-ਪੁੱਤ ਦੇ ਸੈਂਪਲਾਂ ਦੀ ਰਿਪੋਰਟ ਹੀ ਹੁਣ ਆਉਣਾ ਬਾਕੀ ਹੈ। ਵਰਨਣਯੋਗ ਹੈ ਕਿ ਕੋਰੋਨਾ ਦਾ ਸ਼ੱਕ ਮਿਟਾਉਣ ਲਈ ਹਸਪਤਾਲ ਚ, ਭਰਤੀ ਕੀਤਾ ਬਜੁਰਗ ਮਰੀਜ਼ ਡੀਸੀ ਦਫਤਰ ਦਾ ਕਰੀਬ 10 ਕੁ ਵਰ੍ਹੇ ਪਹਿਲਾਂ ਹੋਇਆ ਰਿਟਾਇਰ ਕਰਮਚਾਰੀ ਹੈ। ਐਸਐਮਉ ਕੌਸ਼ਲ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭੈਅ ਭੀਤ ਹੋਣ ਦੀ ਬਜ਼ਾਏ ਕੋਰੋਨਾ ਵਾਇਰਸ ਦੇ ਬਚਾਉ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਰੱਖਣ ਦੀ ਅਹਿਮ ਜਰੂਰਤ ਹੈ। ਉੱਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਦਾ ਸਭ ਤੋਂ ਸੌਖਾ ਤਰੀਕਾ ਇਹੋ ਹੈ ਕਿ ਆਪੋ-ਆਪਣੇ ਘਰਾਂ ਵਿੱਚ ਹੀ ਰਹਿਣਾ ਹੈ। ਘਰੋਂ ਬਾਹਰ ਪੈਰ ਰੱਖਣਾ ਹੀ ਕੋਰੋਨਾ ਦੀ ਕਰੋਪੀ ਦਾ ਸ਼ਿਕਾਰ ਹੋਣ ਦਾ ਸਭ ਤੋਂ ਵੱਡਾ ਖਤਰਾ ਹੈ।