ਮਹੇਸ਼ ਲੋਟਾ ਅਤੇ ਪ੍ਰਕਾਸ਼ ਕੌਰ ਪੱਖੋ ਦੇ ਦਫਤਰਾਂ ਦਾ ਕੀਤਾ ਉਦਘਾਟਨ
ਹਰਿੰਦਰ ਨਿੱਕਾ /ਰਘਵੀਰ ਹੈਪੀ , ਬਰਨਾਲਾ 9 ਫਰਵਰੀ 2021
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਨਗਰ ਕੌਂਸਲ ਚੋਣਾਂ ‘ਚ ਖੜ੍ਹੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇ ਕੇ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ਲਈ ਖੁਦ ਪ੍ਰਚਾਰ ਦੀ ਕਮਾਂਡ ਸੰਭਾਲ ਲਈ ਹੈ। ਕੇਵਲ ਸਿੰਘ ਢਿੱਲੋਂ ਨੇ ਕੱਚਾ ਕਾਲਜ ਰੋਡ ਤੇ ਗਲੀ ਨੰਬਰ 7 ਦੇ ਨਜਦੀਕ ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਵਾਰਡ ਨੰਬਰ 9 ਦੀ ਉਮੀਦਵਾਰ ਪ੍ਰਕਾਸ਼ ਕੌਰ ਪੱਖੋ ਦੇ ਦਫਤਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਢਿੱਲੋਂ ਦਾ ਸਵਾਗਤ ਫੁੱਲਾਂ ਦੀ ਬਰਖਾ ਕਰਕੇ ਕੀਤਾ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਲੋਕਾਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ੳਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ ਅਤੇ ਕਾਂਗਰਸ ਸਰਕਾਰ ਸਮੇਂ ਹੋਏ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦੀ ਲੰਬੀ ਫਹਿਰਿਸ਼ਤ ਵੀ ਲੋਕਾਂ ਸਾਹਮਣੇ ਰੱਖੀ। ਢਿੱਲੋਂ ਨੇ ਕਿਹਾ ਕਿ ਮਹੇਸ਼ ਕੁਮਾਰ ਲੋਟਾ ਅਤੇ ਪ੍ਰਕਾਸ਼ ਕੌਰ ਦੇ ਵਾਰਡਾਂ ਦੀ ਚੌਤਰਫਾ ਵਿਕਾਸ ਦੀ ਜਿੰਮੇਵਾਰੀ ਮੇਰੀ ਹੈ। ਪਹਿਲਾਂ ਵੀ ਵਿਕਾਸ ਕੀਤਾ ਹੈ, ਹੁਣ ਵੀ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਤੇ ਹੀ ਚੋਣ ਲੜ ਰਹੀ ਹੈ।
ਢਿੱਲੋਂ ਨੇ ਭਾਜਪਾ ਤੇ ਵਿੰਨ੍ਹਿਆਂ ਰਾਜਸੀ ਨਿਸ਼ਾਨਾ,
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਦਾ ਮੁਕਾਬਲਾ ਹੁਣ ਕੋਈ ਪਾਰਟੀ ਨਾਲ ਨਹੀਂ ਹੈ। ਉਨਾਂ ਕਿਹਾ ਕੇਂਦਰ ਵਿੱਚ ਸਰਕਾਰ ਚਲਾ ਰਹੀ ਪਾਰਟੀ ਭਾਜਪਾ ਕੋਲ ਸਾਰੇ ਵਾਰਡਾਂ ਵਿੱਚ ਖੜ੍ਹੇ ਕਰਨ ਯੋਗੇ ਉਮੀਦਵਾਰ ਹੀ ਨਹੀਂ ਹਨ। ਉਨਾਂ ਕਿਹਾ ਕਿ ਇਹ ਸਭ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹੈ। ਉਨਾਂ ਕਿਹਾ ਕਿ ਭਾਜਪਾ ਦੇ ਵੱਡੇ ਆਗੂ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਮੈਦਾਨ ਵਿੱਚ ਉਤਰਨ ਤੋਂ ਹੱਥ ਖੜ੍ਹੇ ਕਰ ਗਏ। ਉਨਾਂ ਆਪ ਤੇ ਵਿਅੰਗ ਕਰਦਿਆਂ ਕਿਹਾ ਕਿ ਹਿਸ ਪਾਰਟੀ ਦੇ ਐਮ.ਐਲ.ਏ ਅਤੇ ਐਮਪੀ ਫੁੱਟੀ ਕੌਡੀ ਵੀ ਵਿਕਾਸ ਤੇ ਖਰਚ ਨਹੀਂ ਕਰ ਸਕੇ। ਸਿਰਫ ਕਾਂਗਰਸ ਦੇ ਵਿਕਾਸ ਕੰਮਾਂ ਨੂੰ ਹੀ ਧਰਨਿਆਂ ਦੇ ਦਮ ਤੇ ਕਰਵਾਉਣ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ, ਸੀਨੀਅਰ ਆਗੂ ਮਹਿੰਦਰਪਾਲ ਸਿੰਘ ਪੱਖੋ, ਨਗਰ ਕੌਂਸਲ ਰਾਮਪੁਰਾ ਦੇ ਸਾਬਕਾ ਪ੍ਰਧਾਨ ਸ੍ਰੀ ਬਿੱਟਾ ਨੇ ਵੀ ਲੋਕਾਂ ਨੂੰ ਮਹੇਸ਼ ਲੋਟਾ ਅਤੇ ਪ੍ਰਕਾਸ਼ ਕੌਰ ਦੇ ਹੱਕ ਵਿੱਚ ਭਾਰੀ ਮਤਦਾਨ ਕਰਨ ਦੀ ਅਪੀਲ ਕੀਤੇ।
ਜਿਹੜੇ ਸੰਕਟ ਵੇਲੇ ਪਾਰਟੀ ਨਾਲ ਨਹੀਂ ਖੜ੍ਹੇ, ਉਹ ਲੋਕਾਂ ਨਾਲ ਕੀ ਖੜ੍ਹਨਗੇ- ਮਹੇਸ਼ ਲੋਟਾ
ਮਹੇਸ਼ ਕੁਮਾਰ ਲੋਟਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਵਿਰੋਧੀ ਉਮੀਦਵਾਰ ਨਰਿੰਦਰ ਗਰਗ ਨੀਟਾ ਖਿਲਾਫ ਹੱਲਾ ਬੋਲਦਿਆਂ ਕਿਹਾ ਕਿ ਜਿਹੜੇ ਪਿਉ ਪੁੱਤ ਸੰਕਟ ਦੀ ਘੜੀ ਵਿੱਚ ਆਪਣੀ ਮਾਂ ਪਾਰਟੀ ਭਾਜਪਾ ਦੀ ਟਿਕਟ ਤੇ ਖੜ੍ਹਨ ਤੋਂ ਟਾਲਾ ਵੱਟ ਗਏ, ਇਹ ਲੋਕਾਂ ਨਾਲ ਕਿਸੇ ਸੰਕਟ ਦੀ ਘੜੀ ਵਿੱਚ ਕੀ ਖੜ੍ਹ ਸਕਦੇ ਹਨ। ਉਨਾਂ ਕਿਹਾ ਕਿ ਨਰਿੰਦਰ ਗਰਗ ਨੀਟਾ ਭਾਜਪਾ ਖਿਲਾਫ ਲੋਕ ਰੋਹ ਤੋਂ ਡਰਦੇ ਹੋਏ ਕਮਲ ਦਾ ਨਿਸ਼ਾਨ ਲੈਣ ਤੋਂ ਭੱਜ ਗਏ, ਪਰ ਹਾਲੇ ਵੀ ਉਨਾਂ ਦੇ ਘਰ ਦੇ ਬਾਹਰ ਭਾਜਪਾ ਦਾ ਅਹੁਦੇਦਾਰ ਹੋਣ ਦੀ ਨੇਮ ਪਲੇਟ ਲੱਗੀ ਹੋਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਮੈਂ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਸਹਿਯੋਗ ਦਾ ਮੁੱਲ ਉਮਰ ਭਰ ਸੇਵਾ ਕਰਕੇ ਅਦਾ ਕਰਾਂਗਾ। ਉਨਾਂ ਕਿਹਾ ਵੋਟਰਾਂ ਦਾ ਜਿਨ੍ਹਾਂ ਸਮਰਥਨ, ਸਹਿਯੋਗ ਤੇ ਪਿਆਰ ਮਿਲ ਰਿਹਾ ਹੈ, ਇੱਨਾਂ ਕਦੇ ਉਸ ਦੇ ਪਰਿਵਾਰ ਵੱਲੋਂ ਲੜੀਆਂ ਚੋਣਾਂ ਦੌਰਾਨ ਵੀ ਕਦੇ ਦੇਖਣ ਨੂੰ ਨਹੀਂ ਮਿਲਿਆ।