ਜ਼ਿਲ੍ਹਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 07 ਫਰਵਰੀ 2021
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਲਈ ਸੈਨੀਟੇਸ਼ਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਿਸ ਸ਼ਿੱਦਤ ਨਾਲ ਕੰਮ ਕੀਤਾ ਹੈ, ਉਸ ਨਾਲ ਸੈਨੀਟੇਸ਼ਨ ਸਹੂਲਤਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸਮੇਤ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋਈਆਂ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸਮੇਤ ਸਮੁੱਚੇ ਪੰਜਾਬ ਵਿੱਚ ਪੇਂਡੂ ਘਰਾਂ ਨੂੰ ਨਿੱਜੀ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ 862.50 ਕਰੋੜ ਰੁਪਏ ਖਰਚ ਕੇ 05.75 ਲੱਖ ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ 1276 ਲੱਖ ਰੁਪਏ ਦੀ ਲਾਗਤ ਨਾਲ 8466 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ। 05.77 ਕਰੋੜ ਰੁਪਏ ਦੀ ਲਾਗਤ ਨਾਲ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ 1330 ਪਖਾਨੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਰੀਬ 37 ਲੱਖ ਰੁਪਏ ਦੀ ਲਾਗਤ ਨਾਲ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ 228 ਪਖਾਨੇ ਬਣਾਏ ਜਾ ਰਹੇ ਹਨ। ਇਸ ਬਾਰੇ ਗੱਲ ਕਰਦਿਆਂ ਪਿੰਡ ਕੋਟਲਾ ਬਜਵਾੜਾ ਦੇ ਮਹਿੰਦਰ ਸਿੰਘ ਨੇ ਕਿਹਾ, “ਪੰਜਾਬ ਸਰਕਾਰ ਨੇ ਸੈਨੀਟੇਸ਼ਨ ਸਬੰਧੀ ਜੋ ਉਪਰਾਲੇ ਕੀਤੇ ਹਨ, ਉਹ ਕਾਬਲੇਤਾਰੀਫ ਹਨ। ਇਨ੍ਹਾਂ ਉਪਰਾਲਿਆਂ ਸਦਕਾ ਲੋਕਾਂ ਦੀਆਂ ਵੱਡੀ ਗਿਣਤੀ ਮੁਸ਼ਕਲਾਂ ਹੱਲ ਹੋਈਆਂ ਹਨ।”
ਇਸੇ ਤਰ੍ਹਾਂ ਪਿੰਡ ਡੇਰਾ ਮੀਰ ਮੀਰਾਂ ਦੇ ਹਰਜੀਤ ਸਿੰਘ ਨੇ ਆਖਿਆ, “ਆਂਗਨਵਾੜੀ ਕੇਂਦਰਾਂ ਵਿੱਚ ਪਖਾਨੇ ਬਣਾਏ ਜਾਣੇ ਸ਼ਲਾਘਾਯੋਗ ਕਾਰਜ ਹੈ। ਇਸ ਨਾਲ ਜਿੱਥੇ ਬੱਚਿਆਂ ਨੂੰ ਸਹੂਲਤ ਮਿਲੀ ਹੈ, ਉਥੇ ਆਂਗਨਵਾੜੀ ਵਰਕਰਾਂ ਦੀਆਂ ਮੁਸ਼ਕਲਾਂ ਵੀ ਹੱਲ ਹੋਈਆਂ ਹਨ।”
ਪਿੰਡ ਮੁਕਾਰੋਂਪੁਰ ਦੇ ਅਜੈਬ ਸਿੰਘ ਨੇ ਕਿਹਾ, “ਪੰਜਾਬ ਸਰਕਾਰ ਨੇ ਪੇਂਡੂ ਘਰਾਂ ਨੂੰ ਨਿੱਜੀ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਈ, ਜਿਸ ਸਦਕਾ ਫ਼ਤਹਿਗੜ੍ਹ ਸਾਹਿਬ ਖੁੱਲ੍ਹੇ ਵਿੱਚ ਸ਼ੌਚ ਮੁਕਤ ਹੋਣ ਵਾਲਾ ਪਹਿਲਾਂ ਜ਼ਿਲ੍ਹਾ ਬਣਿਆ।ਘਰਾਂ ਵਿੱਚ ਪਖਾਨੇ ਨਾ ਹੋਣ ਕਾਰਨ ਸਭ ਤੋਂ ਵੱਧ ਦਿੱਕਤ ਔਰਤਾਂ ਨੂੰ ਹੁੰਦੀ ਸੀ ਤੇ ਹੁਣ ਘਰਾਂ ਵਿੱਚ ਹੀ ਪਖਾਨੇ ਬਣਨ ਸਦਕਾ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਹੋਈਆਂ ਹਨ।”
ਪਿੰਡ ਨਾਨੋਵਾਲ ਦੀ ਦਲਜੀਤ ਕੌਰ ਨੇ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ, ”ਪੰਜਾਬ ਸਰਕਾਰ ਨੇ ਜਿੱਥੇ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਕੇ ਉਨ੍ਹਾਂ ਵਿੱਚ ਪੜ੍ਹਾਈ ਸਬੰਧੀ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਹਨ, ਉਥੇ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਨਹੀਂ ਤਾਂ ਸਾਰੇ ਹੀ ਵਿਦਿਆਰਥੀਆਂ ਤੇ ਖਾਸ ਕਰ ਕੇ ਸਕੂਲ ਵਿਦਿਆਰਥਣਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਇਹ ਬੁਨਿਆਦੀ ਸਹੂਲਤਾਂ ਮਿਲਣ ਸਦਕਾ ਹੁਣ ਵਿਦਿਆਰਥੀ ਪੂਰਨ ਰੂਪ ਵਿੱਚ ਆਪਣਾ ਧਿਆਨ ਪੜ੍ਹਾਈ ਉਤੇ ਕੇਂਦਰਤ ਕਰ ਸਕਦੇ ਹਨ।”
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਇਤਿਹਾਸਕ ਹਨ ਤੇ ਇਨ੍ਹਾਂ ਉਪਰਾਲਿਆਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਦਾ ਯਾਦ ਰੱਖਿਆ ਜਾਵੇਗਾ।