ਹੱਤਿਆ ਜਾਂ ਆਤਮ ਹੱਤਿਆ ਦੀ ਕੋਸ਼ਿਸ਼ ਜਾਣਨ ਤੇ ਟਿਕੀ ਪੁਲਿਸ ਦੀ ਤਫਤੀਸ਼
ਅਭਿਨਵ ਦੂਆ ,ਬਰਨਾਲਾ
ਇਕੱਠੇ ਜਿਊਣ ਤੇ ਮਰਨ ਦੀਆਂ ਕਸਮਾਂ ਪਾਉਣ ਵਾਲੀ ਪ੍ਰੇਮੀ ਜੋੜੀ ਚ,ਐਤਵਾਰ ਦੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋਵਾਂ ਦਰਮਿਆਨ ਗੁੱਸਾ ਇਸ ਕਦਰ ਵਧ ਗਿਆ ਕਿ ਸੋਮਵਾਰ ਨੂੰ ਲੜਕੀ ਅਮਨਦੀਪ ਕੌਰ ਨੂੰ ਖੂਨ ਨਾਲ ਲੱਥਪੱਥ ਤੇ ਬੇਹੋਸ਼ੀ ਦੀ ਹਾਲਤ ਵਿੱਚ ਲਿਆ ਕੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਕੁੜੀ ਦੀ ਇਹ ਹਾਲਤ ਕਿਸ ਨੇ ਤੇ ਕਿਉਂ ਕੀਤੀ, ਕੁੜੀ ਦੇ ਪਰਿਵਾਰ ਨੂੰ ਇਸ ਦਾ ਕੋਈ ਇਲਮ ਨਹੀ ਹੈ। ਅਮਨਦੀਪ ਕੌਰ ਦੀ ਹਾਲਤ ਗੰਭੀਰ ਪਰੰਤੂ ਸਥਿਰ ਬਣੀ ਹੋਈ ਹੈ। ਇਲਾਕੇ ਦੀ ਪੁਲਿਸ ਨੇ ਘਟਨਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਅਮਨਦੀਪ ਕੌਰ ਨਿਵਾਸੀ ਰਾਏਕੋਟ ਰੋਡ ਬਰਨਾਲਾ ਦੀ ਮਾਂ ਰਾਣੀ ਨੇ ਦੱਸਿਆ ਕਿ ਕਰੀਬ ਤਿੰਨ ਕੁ ਸਾਲ ਤੋਂ ਅਮਨਪ੍ਰੀਤ ਦੀ ਦੋਸਤੀ ਸੇਖਾ ਰੋਡ ਤੇ ਰਹਿੰਦੇ ਚਮਕੌਰ ਸਿੰਘ ਉਰਫ ਜੱਜ ਨਾਲ ਸੀ। ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। ਦੋਵੇਂ ਹੀ ਇੱਕ ਦੂਸਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਸੀ। ਕਾਫੀ ਸਮਾਂ ਪਹਿਲਾਂ ਅਮਨਦੀਪ ਕੌਰ ਦੁਬਈ ਵੀ ਚਲੀ ਗਈ ਸੀ। ਜਿੱਥੇ ਉਸ ਦੀ ਪੰਜਾਹ ਹਜ਼ਾਰ ਤੋਂ ਵੱਧ ਤਨਖਾਹ ਵੀ ਸੀ, ਪਰੰਤੂ ਚਮਕੌਰ ਸਿੰਘ ਜੱਜ ਨੇ ਉਸ ਨੂੰ ਦਬਾਅ ਪਾ ਕੇ ਵਾਪਿਸ ਬੁਲਾ ਲਿਆ। ਇੱਥੇ ਆਉਣ ਤੋਂ ਬਾਅਦ ਚਮਕੌਰ ਸਿੰਘ ਨੇ ਵਿਆਹ ਕਰਵਾਉਣ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ। ਐਤਵਾਰ ਦੀ ਰਾਤ ਨੂੰ ਅਮਨ ਤੇ ਚਮਕੌਰ ਦੇਰ ਰਾਤ ਤੱਕ ਫੋਨ ਤੇ ਹੀ ਕਿਸੇ ਗੱਲ ਤੋਂ ਤਕਰਾਰ ਕਰਦੇ
ਰਹੇ। ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ ਅਮਨਦੀਪ ਕੌਰ ਦੁੱਧ ਲੈਣ ਲਈ ਗਈ ਤਾਂ ਕਾਫੀ ਦੇਰ ਤੱਕ ਘਰ ਨਹੀ ਪਹੁੰਚੀ। ਜਦੋਂ ਪਰਵਿਾਰ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਪੁਲਿਸ ਕਰਮਚਾਰੀ ਦਾ ਫੋਨ ਆਇਆ ਕਿ ਅਮਨਦੀਪ ਕੌਰ ਬੇਹੋਸ਼ੀ ਦੀ ਹਾਲਤ ਵਿੱਚ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ ਹੈ।
ਅਮਨ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਦੋਵਾਂ ਦਰਮਿਆਨ ਰਾਤ ਨੂੰ ਹੋਏ ਝਗੜੇ ਦੀ ਜਾਣਕਾਰੀ ਜਰੂਰ ਹੈ। ਪਰੰਤੂ ਉਸ ਦੀ ਇਹ ਹਾਲਤ ਕਿਸ ਨੇ ਕਿਉਂ ਕੀਤੀ ਹੈ। ਇਸ ਦਾ ਪਤਾ ਅਮਨ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਲੱਗੇਗਾ। ਅਮਨ ਦੀ ਮਾਂ ਤੇ ਭਰਾ ਨੇ ਕਿਹਾ ਕਿ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਲੰਬੇ ਸਮੇਂ ਤੋਂ ਚਮਕੌਰ ਸਿੰਘ ਵਿਆਹ ਦਾ ਝਾਂਸਾ ਦੇ ਕੇ ਅਮਨਦੀਪ ਕੌਰ ਦਾ ਸ਼ਰੀਰਕ ਸੋਸ਼ਣ ਵੀ ਕਰਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਨ ਦੀ ਬਾਂਹ ਦੀ ਨਸ ਕੱਟੀ ਹੋਣ ਕਾਰਣ ਕਾਫੀ ਖੂਨ ਵਹਿ ਰਿਹਾ ਸੀ। ਉਨ੍ਹਾਂ ਪੁਲਿਸ ਤੋਂ ਦੋਸ਼ੀ ਚਮਕੌਰ ਸਿੰਘ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ। ਡੀਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਤੇ ਜਖਮੀ ਹਾਲਤ ਵਿੱਚ ਹਸਪਤਾਲ ਪਹੁੰਚੀ ਕੁੜੀ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ।