130 ਔਰਤਾਂ ਦੇ ਪਹਿਲੇ ਬੈਚ ਦੀ ਸਿਖਲਾਈ ਮੁਕੰਮਲ, 61 ਨੂੰ ਟ੍ਰਾਈਡੈਂਟ ਵਿਚ ਮਿਲਿਆ ਰੋਜ਼ਗਾਰ
ਮੁਫਤ ਹੁਨਰ ਸਿਖਲਾਈ ਬਦੌਲਤ ਔਰਤਾਂ ਨੂੰ ਮਿਲੀ ਆਰਥਿਕ ਮਜ਼ਬੂਤੀ
ਰਘਬੀਰ ਹੈਪੀ ,ਸੰਘੇੜਾ (ਬਰਨਾਲਾ) 23 ਜਨਵਰੀ 2021
ਰੋਜ਼ਗਾਰ ਦੇ ਕਾਬਿਲ ਬਣਨ ਲਈ ਮਿਲੀ ਹੁਨਰ ਸਿਖਲਾਈ ਨੇ 21 ਸਾਲਾ ਸੁਖਵੀਰ ਕੌਰ ਅਤੇ 20 ਸਾਲਾ ਲਖਵੀਰ ਕੌਰ ਲਈ ਚੰਗੇ ਦਿਨ ਲਿਆ ਦਿੱਤੇ। ਜ਼ਿਲਾ ਬਰਨਾਲਾ ਦੇ ਪਿੰਡ ਚੁੰਘਾ ਅਤੇ ਹੰਡਿਆਇਆ ਨਾਲ ਸਬੰਧਤ ਆਮ ਘਰਾਂ ਦੀਆਂ ਧੀਆਂ ਰੋਜ਼ਗਾਰ ਲਈ ਮਿਲੀ ਟ੍ਰੇਨਿੰਗ ਬਦੌਲਤ ਆਪਣੇ ਪੈਰਾਂ ’ਤੇ ਖੜੀਆਂ ਹਨ ਅਤੇ ਸਨਅਤੀ ਅਦਾਰੇ ਟ੍ਰਾਈਡੈਂਟ ਵਿਚ ਸਿਲਾਈ ਮਸ਼ੀਨ ਅਪਰੇਟਰ ਵਜੋਂ ਕੰਮ ਕਰ ਰਹੀਆਂ ਹਨ।ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ‘ਘਰ ਘਰ ਰੋਜ਼ਗਾਰ ਮਿਸ਼ਨ’ ਤਹਿਤ ਟ੍ਰਾਈਡੈਂਟ ਗਰੁੱਪ ਨਾਲ ਕੀਤੇ ਸਮਝੌਤੇ ਤਹਿਤ ਇਹ ਲੜਕੀਆਂ, 130 ਔਰਤਾਂ ਦੇ ਪਹਿਲੇ ਬੈਚ ਵਿਚ ਸ਼ੁਮਾਰ ਸਨ, ਜਿਨਾਂ ਨੂੰ ਟ੍ਰਾਈਡੈਂਟ ਗਰੁੱਪ ਵੱਲੋਂ ਹੁਨਰ ਸਿਖਲਾਈ ਦਿੱਤੀ ਗਈ ਅਤੇ ਇਨਾਂ ਵਿਚੋਂ 61 ਨੂੰ ਟ੍ਰਾਈਡੈਂਟ ਗਰੁੱਪ ਵਿਖੇ ਹੀ ਰੋਜ਼ਗਾਰ ਮਿਲ ਗਿਆ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਅਤੀ ਅਦਾਰਿਆਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਨੂੰ ਹੁਲਾਰਾ ਦੇਣ ਦੇ ਸੱਦੇ ਦੇ ਮੱਦੇਨਜ਼ਰ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਸ੍ਰੀ ਰਜਿੰਦਰ ਗੁਪਤਾ ਵੱਲੋਂ ਪਹਿਲੇ ਗੇੜ ਵਿਚ 2500 ਔਰਤਾਂ ਦੇ ਬੈਚ ਨੰੂ ਸਿਖਲਾਈ ਦੇ ਕੇ ਰੋਜ਼ਗਾਰ ਦੇ ਕਾਬਿਲ ਬਣਾਉਣ ਦਾ ਬੀੜਾ ਚੁੱਕਿਆ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ‘ਘਰ ਘਰ ਰੋਜ਼ਗਾਰ ਮਿਸ਼ਨ’ ਤਹਿਤ ਪੰਜਾਬ ਸਰਕਾਰ ਵੱਲੋਂ ਟ੍ਰਾਈਡੈਂਟ ਗਰੁੱਪ ਨਾਲ ਕੀਤੇ ਸਮਝੌਤੇ ਤਹਿਤ 2500 ਔਰਤਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਟ੍ਰਾਈਡੈਂਟ ਗਰੁੱਪ ਦੇ ਸਿਖਲਾਈ, ਵਿਕਾਸ ਅਤੇ ਸਰਕਾਰ ਪਹਿਲਕਦਮੀਆਂ ਸਬੰਧੀ ਮੁਖੀ ਸਾਰਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲਾ ਰੋਜ਼ਗਾਰ ਦੇ ਕਾਰੋਬਾਰ ਬਿਓਰੋ ਬਰਨਾਲਾ, ਮਾਨਸਾ, ਮੋਗਾ, ਸੰਗਰੂਰ ਤੇ ਪਟਿਆਲਾ ਰਾਹੀਂ ਇਨਾਂ ਔਰਤਾਂ ਦੀ ਹੁਨਰ ਸਿਖਲਾਈ ਲਈ ਚੋਣ ਕੀਤੀ ਗਈ ਹੈ, ਜਿਨਾਂ ਲਈ ਉਮਰ ਸੀਮਾ 18 ਤੋਂ 25 ਸਾਲ ਰੱਖੀ ਗਈ ਹੈ, ਪਰ ਕੁਝ ਕੇਸਾਂ ਵਿਚ ਉਮਰ ਹੱਦ ਤੋਂ ਕੁਝ ਛੋਟ ਵੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਸਿਖਲਾਈ ਵਾਸਤੇ ਪਹਿਲਾ ਬੈਚ 17 ਅਕਤੂਬਰ 2020 ਵਿਚ ਸ਼ੁਰੂ ਕੀਤਾ ਗਿਆ ਸੀ, ਜਿਨਾਂ ਦੀ ਟ੍ਰੇਨਿੰਗ 14 ਜਨਵਰੀ 2021 ਵਿਚ ਮੁਕੰਮਲ ਹੋ ਗਈ। ਇਸ ਤੋਂ ਅਗਲਾ 180 ਔਰਤਾਂ ਦਾ ਬੈਚ ਸਿਖਲਾਈ ਲਈ ਤਿਆਰ ਹੈ। ਇਸ ਤੋਂ ਇਲਾਵਾ 200 ਔਰਤਾਂ ਦੇ ਅਗਲੇ ਬੈਚ ਦੀ ਚੋਣ ਲਈ ਪ੍ਰਕਿਰਿਆ ਜਾਰੀ ਹੈ। ਉਨਾਂ ਦੱਸਿਆ ਕਿ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਦੌਰਾਨ ਉਨਾਂ ਨੂੰ ਪਹਿਲੇ ਮਹੀਨੇ 2 ਘੰਟੇ ਰੋਜ਼ਾਨਾ ਦੀ ਵਿਦਿਅਕ ਕਲਾਸ ਲਗਾਈ ਜਾਂਦੀ ਹੈ ਅਤੇ ਅਗਲੇ ਦੋ ਮਹੀਨੇ 8 ਘੰਟੇ ਪ੍ਰਤੀ ਦਿਨ ਕੰਮਕਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸਿਖਲਾਈ ਦੌਰਾਨ ਇਨਾਂ ਔਰਤਾਂ ਨੁੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ ਅਤੇ ਸਫਲਤਾਪੂਰਬਕ ਸਿਖਲਾਈ ਮੁਕੰਮਲ ਕਰਨ ਵਾਲੀਆਂ ਇਨਾਂ ਔਰਤਾਂ ਵਿੱਚ ਬਹੁਤਿਆਂ ਨੂੰ ਟ੍ਰਾਈਡੈਂਟ ਵਿਖੇ ਹੀ ਨੌਕਰੀ ਮਿਲ ਜਾਂਦੀ ਹੈ। ਹੋਰ ਖੇਤਰਾਂ ਵਿਚ ਰੋਜ਼ਗਾਰ ਹਾਸਲ ਕਰਨ ਦੀਆਂ ਇਛੁੱਕ ਔਰਤਾਂ ਲਈ ਵੀ ਰੋਜ਼ਗਾਰ ਦੇ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਉਹ ਆਪਣੇ ਪਸੰਦੀਦੇ ਅਦਾਰੇ ਵਿਚ ਨੌਕਰੀ ਹਾਸਲ ਕਰ ਸਕਣ। ਉਨਾਂ ਦੱਸਿਆ ਕਿ ਸੁਖਵੀਰ ਕੌਰ ਅਤੇ ਲਖਵੀਰ ਕੌਰ ਜਿਹੀਆਂ ਲੜਕੀਆਂ ਪਹਿਲੇ ਬੈਚ ਦੀਆਂ ਉਹ ਸਿਖਿਆਰਥਣਾਂ ਹਨ, ਜਿਨਾਂ ਨੇ ਇਸੇ ਅਦਾਰੇ ਵਿਚ ਹੀ ਰੋਜ਼ਗਾਰ ਹਾਸਲ ਕੀਤਾ ਹੈ ਅਤੇ 25 ਹਜ਼ਾਰ ਰੁਪਏ ਮਹੀਨਾ ਮਿਹਨਤਾਨਾ ਪ੍ਰਾਪਤ ਕਰ ਰਹੀਆਂ ਹਨ ਅਤੇ ਆਪਣੇ ਪੈਰਾਂ ’ਤੇ ਖੜੀਆਂ ਹਨ।