ਨਵੀਂ ਸਹੂਲਤ ਈ-ਐਪਿਕ ਦਾ ਕੀਤਾ ਜਾਵੇਗਾ ਆਗਾਜ਼
ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵੋਟਰ ਜਾਗਰੂਕਤਾ ਵੈਨ ਕੀਤੀ ਜਾਵੇਗੀ ਰਵਾਨਾ- : ਜਿ਼ਲ੍ਹਾ ਚੋਣ ਅਫ਼ਸਰ
ਰਘਵੀਰ ਹੈਪੀ , ਬਰਨਾਲਾ, 23 ਜਨਵਰੀ:2021
ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 25 ਜਨਵਰੀ 2021 ਨੂੰ ਸਥਾਨਕ ਐਲ.ਬੀ.ਐਸ.ਆਰੀਆ ਮਹਿਲਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੋਂ ਇਲਾਵਾ ਹਲਕਾ ਪੱਧਰ ਅਤੇ ਹਰੇਕ ਪੋਲਿੰਗ ਸਟੇਸ਼ਨ ’ਤੇ ਵੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਵੇਗਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਦਿਵਸ ਦੌਰਾਨ ਵੋਟ ਬਣਾਉਣ ਦੀ ਮਹੱਤਤਾ ਸਬੰਧੀ ਭਾਸ਼ਣ ਦਿੱਤੇ ਜਾਣਗੇ ਅਤੇ ਨਵੇਂ ਬਣੇ ਵੋਟਰਾਂ ਨੂੰ ਫੋਟੋ ਸ਼ਨਾਖ਼ਤੀ ਕਾਰਡਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਸਮੇਂ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਲਈ ਪ੍ਰਣ ਵੀ ਦਿਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਫੂਲਕਾ ਨੇ ਦੱਸਿਆ ਕਿ ਇਸ ਦਿਨ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਲਈ ਨਵੀਂ ਸਹੂਲਤ ਈ-ਐਪਿਕ (e-EPIC) ਦਾ ਆਗਾਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸਦੇ ਸ਼ੁਰੂ ਹੋਣ ਨਾਲ ਵੋਟਰ ਆਪਣਾ ਈ-ਐਪਿਕ (e-EPIC) ਡਾਊਨਲੋਡ ਕਰ ਸਕਣਗੇ। ਉਨ੍ਹਾਂ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਨਵੇਂ ਵੋਟਰਾਂ ਨੂੰ 25 ਜਨਵਰੀ 2021 ਨੂੰ ਹੀ ਆਪਣਾ ਈ-ਐਪਿਕ ਡਾਊਨਲੋਡ ਕਰਨ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਪੁਰਾਣੇ ਵੋਟਰਾਂ ਲਈ ਇਹ ਸਹੂਲਤ 1 ਫਰਵਰੀ ਤੋਂ ਉਪਲੱਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਆਮ ਜਨਤਾ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਇੱਕ ਸਵੀਪ ਵੈਨ ਵੀ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੈਨ ਚਿੰਟੂ ਪਾਰਕ, ਰੇਲਵੇ ਸਟੇਸ਼ਨ, ਗੱਡਾ ਖਾਨਾ ਚੋਂਕ, ਬੱਸ ਸਟੈਂਡ ਅਤੇ ਨੇੜੇ ਐਸ.ਡੀ.ਕਾਲਜ ਬਰਨਾਲਾ ਵਿਖੇ ਲੋਕਾਂ ਨੂੰ ਜਾਗਰੂਕ ਕਰੇਗੀ।