ਕੈਬਨਿਟ ਮੰਤਰੀ ਨੇ ਲੋੜਵੰਦਾ ਨੂੰ ਸਮਾਰਟ ਰਾਸ਼ਨ ਕਾਰਡ ਅਤੇ 450 ਰਾਸ਼ਨ ਸਮੱਗਰੀ ਦੀਆਂ ਕਿੱਟਾਂ ਵੰਡੀਆਂ
ਹਰਪ੍ਰੀਤ ਕੌਰ , ਸੰਗਰੂਰ 22 ਜਨਵਰੀ2021
ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਹਲਕਾ ਸੰਗਰੂਰ ਦੇ ਵਸਨੀਕਾਂ ਨੂੰ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਲੋੜਵੰਦਾਂ ਲੋਕਾਂ ਨੂੰ ਤਰਜ਼ੀਹ ਦੇ ਕੇ ਮੁੱਢਲੀਆਂ ਸਹੂਲਤਾ ਮੁਹੱਈਆ ਕਰਵਾਉਣਾ ਹੀ ਮੇਰਾ ਮੁੱਖ ਏਜੰਡਾ ਹੈ ਅਤੇ ਗਰੀਬਾਂ ਦੀ ਭਲਾਈ ਲਈ ਹਮੇਸ਼ਾਂ ਹਾਜ਼ਰ ਰਹਾਂਗਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਵਾਰਡ ਨੰਬਰ 23 ਗੰਗਾਰਾਮ ਬਸਤੀ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਧਰਮਸ਼ਾਲਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਰੱਖੇ ਸਾਦੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਵਾਰਡ ਨੰਬਰ 23 ਦੇ ਵੱਖ-ਵੱਖ ਵਿਕਾਸ ਕੰਮਾਂ ਲਈ 42 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਸ਼ੁਰੂ ਕੀਤੇ ਕੰਮਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਇਆ ਜਾਵੇਗਾ। ਉਨਾਂ ਕਿਹਾ ਕਿ ਰਵਿਦਾਸ ਧਰਮਸ਼ਾਲਾਂ ‘ਤੇ 22 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਆਵੇਗੀ। ਉਨਾਂ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਰੀਬ ਲੋਕਾਂ ਨੂੰ 54 ਗਜ਼ ਤੱਕ ਦੇ ਪਲਾਟ ਮੁਹੱਈਆ ਕਰਵਾਉਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸਦੇ ਤਹਿਤ ਹਲਕਾ ਸੰਗਰੂਰ ਦੀਆਂ ਸਲੱਮ ਬਸਤੀਆਂ ’ਚ ਰਹਿੰਦੇ ਲੋੜਵੰਦ ਲੋਕਾਂ ਨੂੰ ਜਲਦ ਇਸ ਯੋਜਨਾ ਦਾ ਲਾਭ ਮਿਲੇਗਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਹਲਕਾ ਸੰਗਰੂਰ ਦੇ ਹਰੇਕ ਸਲੱਮ ਇਲਾਕੇ ਨੂੰ ਪੀਣ ਵਾਲੇ ਸਾਫ਼ ਪਾਣੀ, ਸੀਵਰੇਜ਼, ਸੜਕਾਂ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ, ਜਿਸਦੇ ਲਈ ਲਗਾਤਾਰ ਯਤਨ ਜਾਰੀ ਹਨ। ਉਨਾਂ ਦੱਸਿਆ ਕਿ ਗੰਗਾਰਾਮ ਬਸਤੀ ਅਤੇ ਸੁੰਦਰ ਬਸਤੀ ’ਚ ਸਥਿਤ ਦੋਵੇਂ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ, ਤਾਂ ਜੋ ਗਰੀਬ ਬੱਚਿਆ ਨੂੰ ਸਕੂਲਾਂ ਅੰਦਰ ਵਿੱਦਿਆ ਦੇ ਪੱਖੋਂ ਵਧੀਆ ਮਾਹੌਲ ਮਿਲੇ। ਉਨਾਂ ਕਿਹਾ ਕਿ ਆਪਣੇ ਹਲਕੇ ’ਚ 156 ਸਰਕਾਰੀ ਸਕੂਲ ਹਨ, ਹਰੇਕ ਸਕੂਲ ਅੰਦਰ ਬੱਚਿਆ ਦੇ ਸੁਨਹਿਰੇ ਭਵਿੱਖ ਲਈ ਸਕੂਲਾਂ ਅੰਦਰ ਕੰਮਪਿਊਟਰ ਅਤੇ ਹੋਰ ਲੋੜੀਂਦਾ ਸਾਮਾਨ ਉਪਲੱਬਧ ਹੈ।ਇਸ ਤੋਂ ਪਹਿਲਾ ਸ੍ਰੀ ਸਿੰਗਲਾ ਨੇ ਵਾਰਡ ਨੰਬਰ 23 ਅਤੇ 24 ਦੇ ਲੋੜਵੰਦ ਲੋਕਾਂ ਨੂੰ 450 ਰਾਸ਼ਨ ਕਿੱਟਾਂ ਅਤੇ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕੀਤੀ। ਇਸ ਮੌਕੇ ਚੇਅਰਰਮੈਨ ਇੰਮਪੂਰਵਮੈਂਟ ਟਰੱਸਟ ਨਰੇਸ਼ ਗਾਬਾ ਪੰਜਾਬ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ,ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸ਼ਰਮਾ, ਕੁਲਵੰਤ ਰਾਏ ਸਿੰਗਲਾ, ਰਵੀ ਚਾਵਲਾ, ਅਮਰਜੀਤ ਸਿੰਘ ਟੀਟੂ, ਕਾਕਾ ਸਿੰਘ, ਸ਼ਕਤੀਜੀਤ ਸਿੰਘ ਸਮੇਤ ਹੋਰ ਆਗੂ ਅਤੇ ਅਧਿਕਾਰੀ ਹਾਜ਼ਰ ਸਨ।