ਹੁਣ ਰਿਟਾਇਰ ਮੁਲਾਜ਼ਮ ਵੀ ਕਿਸਾਨ ਜਥੇਬੰਦੀਆਂ ਨਾਲ ਜੁੜਣ ਲੱਗੇ

Advertisement
Spread information

ਮਨਜੀਤ ਰਾਜ ਬਰਨਾਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਬਣੇ


ਹਰਿੰਦਰ ਨਿੱਕਾ , ਬਰਨਾਲਾ  18 ਜਨਵਰੀ 2021
      ਕਿਸਾਨ ਸੰਘਰਸ਼ ਨੇ ਜਿੱਥੇ ਸਮਾਜ ਦੇ ਹਰ ਵਰਗ ਨੂੰ ਆਪਣੇ ਵੱਲ ਖਿੱਚਿਆ ਹੈ ਉੱਥੇ ਹੀ ਸੇਵਾ ਮੁਕਤ ਮੁਲਾਜ਼ਮ ਵੀ ਕਿਸਾਨ ਜਥੇਬੰਦੀਆਂ ਵਿੱਚ ਸਰਗਰਮ ਹੋ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਉਕਤ ਸੇਵਾ ਮੁਕਤ ਮੁਲਾਜ਼ਮਾਂ ਦੇ ਤਜ਼ੱਰਬੇ ਨੂੰ ਧਿਆਨ ਵਿੱਚ ਰੱਖਦਿਆਂ ਜਥੇਬੰਦੀਆਂ ਵਿੱਚ ਅਹਿਮ ਅਹੁਦੇ ਵੀ ਦਿੱਤੇ ਜਾ ਰਹੇ ਹਨ।ਜਿਲ੍ਹਾ ਬਰਨਾਲਾ ਵਿੱਚ ਮੁਲਾਜ਼ਮ ਆਗੂ ਵਜ਼ੋਂ ਸਰਗਰਮ ਰਹੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਾਬਕਾ ਜਿਲ੍ਹਾ ਪ੍ਰਧਾਨ ਮਨਜੀਤ ਰਾਜ ਲੰਘੀ 26 ਨਵੰਬਰ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਲੱਗੇ ਹੋਏ ਪੱਕੇ ਕਿਸਾਨ ਮੋਰਚੇ ਵਿੱਚ ਸਰਗਰਮ ਹਨ ਅਤੇ ਹੁਣ ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਡਾਕਟਰ ਦਰਸ਼ਨ ਪਾਲ ਦੀ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਬਕਾਇਦਾ ਤੌਰ ‘ਤੇ ਜੁੜਣ ਦਾ ਫੈਸਲਾ ਲੈ ਲਿਆ ਹੈ।ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਮਨਜੀਤ ਰਾਜ ਦੇ ਸੰਘਰਸ਼ਸ਼ੀਲ ਤਜ਼ਰਬੇ ਨੂੰ ਵੇਖਦਿਆਂ ਉਹਨਾਂ ਨੂੰ ਜਿਲ੍ਹਾ ਬਰਨਾਲਾ ਦਾ ਮੀਤ ਪ੍ਰਧਾਨ ਬਣਾ ਦਿੱਤਾ ਗਿਆ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ,ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ,ਪਵਿੱਤਰ ਲਾਲੀ ਆਦਿ ਦੀ ਅਗਵਾਈ ਹੇਠ ਦਿੱਲੀ ਵਿਖੇ ਮੀਟਿੰਗ ਕਰਕੇ ਮਨਜੀਤ ਰਾਜ ਨੂੰ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਸਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਅਤੇ ਜਨਰਲ ਸਕੱਤਰ ਗੁਰਪ੍ਰੀਤ ਗੋਪੀ ਨੇ ਕਿਹਾ ਕਿ ਮਨਜੀਤ ਰਾਜ ਪਿਛਲੇ ਦੋ ਦਹਾਕਿਆਂ ਤੋਂ ਮੁਲਾਜ਼ਮ ਜਥੇਬੰਦੀਆਂ ਦੀ ਜਿਲ੍ਹਾ ਪੱਧਰ ‘ਤੇ ਅਗਵਾਈ ਕਰਦਾ ਆ ਰਿਹਾ ਹੈ ਤੇ ਹੁਣ ਖੁਸ਼ੀ ਦੀ ਗੱਲ ਹੈ ਕਿ ਉਹ ਆਪਣੀਆਂ ਸੇਵਾਵਾਂ ਕਿਸਾਨ ਲਹਿਰ ਲਈ ਪ੍ਰਦਾਨ ਕਰਨਗੇ ਇਸ ਲਈ ਉਹਨਾਂ ਦੀ ਯੋਗਤ/ਤਜ਼ੱਰਬੇ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਆਗੂ ਬਣਾਇਆ ਗਿਆ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਦਲਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਰਾਜ ਨੇ ਆਪਣਾ ਮੋਟਰਸਾਈਕਲ ਵੀ 26 ਨਵੰਬਰ ਨੂੰ ਦਿੱਲੀ ਵਿਖੇ ਕਿਸਾਨ ਮੋਰਚੇ ਵਿੱਚ ਕੰਮਕਾਰ ਆਉਣ ਜਾਣ ਦੀ ਵਰਤੋਂ ਲਈ ਭੇਜ ਦਿੱਤਾ ਸੀ ਤੇ ਹੁਣ ਉਹਨਾਂ ਦਾ ਸਾਡੇ ਨਾਲ ਜਿਲ੍ਹਾ ਟੀਮ ਵਿੱਚ ਸਰਗਰਮ ਹੋਣਾ ਕਿਸਾਨਾਂ ਲਈ ਹੌਂਸਲਾ ਦੇਵੇਗਾ।
ਇਸ ਸਬੰਧੀ ਸਾਬਕਾ ਮੁਲਾਜ਼ਮ ਆਗੂ ਮਨਜੀਤ ਰਾਜ ਨੇ ਕਿਹਾ ਕਿ ਉਹ ਆਪਣੀ ਨੌਕਰੀ ਦੌਰਾਨ ਵੀ ਕਿਸਾਨ,ਮਜਦੂਰ ਜਥੇਬੰਦੀਆਂ ਦੀ ਮੱਦਦ ਕਰਦੇ ਆ ਰਹੇ ਹਨ ਤੇ ਹੁਣ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸਮੇਂ ਦੀ ਮੰਗ ਹੈ ਕਿ ਕਿਸਾਨ ਲਹਿਰ ਵਿੱਚ ਸਰਗਰਮੀ ਕੀਤੀ ਜਾਵੇ।ਉਨ੍ਹਾਂ ਕਿਹਾ ਕਿ 26 ਨਵੰਬਰ ਤੋਂ ਦਿੱਲੀ ਮੋਰਚੇ ਵਿੱਚ ਸਰਗਰਮ ਹਨ ਅਤੇ ਇਸੇ ਸਰਗਰਮੀ ਦੌਰਾਨ ਉਹਨਾਂ ਬਕਾਇਦਾ ਡਾਕਟਰ ਦਰਸ਼ਨ ਪਾਲ ਦੀ ਅਗਵਾਈ ਹੇਠ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿੱਚ ਸਰਗਰਮ ਹੋਣ ਦਾ ਤਹਿ ਕੀਤਾ ਹੈ।

Advertisement
Advertisement
Advertisement
Advertisement
Advertisement
error: Content is protected !!