ਸਮਾਜ-ਸੇਵੀ ਸੰਜੇ ਗਾਬਾ ਦੀ ਯਾਦ ਵਿੱਚ ਬਣਾਏ ਪਾਰਕ ਦਾ ਨੀਂਹ ਪੱਥਰ ਰੱਖ ਕੇ ਕੈਬਨਿਟ ਮੰਤਰੀ ਨੇ ਕੀਤਾ ਪਾਵਰ ਗਰਿੱਡ ਦਾ ਉਦਘਾਟਨ
ਹਰਪ੍ਰੀਤ ਕੌਰ ਸੰਗਰੂਰ, 13 ਦਸੰਬਰ:2021
ਸ਼ਹਿਰ ਦਾ ਸਰਵਪੱਖੀ ਵਿਕਾਸ ਮੇਰਾ ਮੁੱਖ ਟੀਚਾ ਰਿਹਾ ਹੈ ਅਤੇ ਇਸ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਕੈਪਟਨ ਕਰਮ ਸਿੰਘ ਨਗਰ ਵਿਖੇ ਸਮਾਜ-ਸੇਵਾ ਸ਼੍ਰੀ ਸੰਜੇ ਗਾਬਾ ਦੀ ਯਾਦ ਵਿੱਚ 24.75 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਖੇਡ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋ ਪਹਿਲਾਂ ਉਨਾਂ ਵੱਲੋਂ ਸ਼ਹਿਰ ਦੀ ਸ਼ਿਵਮ ਕਲੋਨੀ ਵਿਚ ਪਾਵਰ ਗਰਿੱਡ ਦਾ ਵੀ ਉਦਘਾਟਨ ਕੀਤਾ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਨਾਂ ਦੀ ਸ਼ੁਰੂ ਤੋਂ ਹੀ ਇਹ ਸੋਚ ਰਹੀ ਹੈ ਕਿ ਇਲਾਕੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਇਸਦੇ ਚੱਲਦਿਆਂ ਹੀ ਉਨਾਂ ਵੱਲੋ ਪੰਜਾਬ ਸਰਕਾਰ ਤੋ ਵੱਡੇ ਪੱਧਰ ਤੇ ਗ੍ਰਾਂਟਾਂ ਪ੍ਰਾਪਤ ਕਰਕੇ ਸ਼ਹਿਰ ਦੇ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ਹਿਰ ਦੇ ਅਜਿਹੇ ਕੰਮ ਜੋ ਚਿਰਾਂ ਤੋ ਲਟਕੇ ਹੋਏ ਸਨ, ਉਨਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾ ਰਿਹਾ ਹੈ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਸ਼ਹਿਰ ਅੰਦਰ ਸੀਵਰੇਜ਼, ਸਟਰੀਟ ਲਾਇਟਾਂ, ਪੀਣ ਦੇ ਪਾਣੀ, ਪਾਰਕ ਆਦਿ ਦੇ ਪ੍ਰਬੰਧ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ ਜਿਸਦੇ ਨਤੀਜੇ ਲੋਕਾਂ ਦੇ ਸਾਹਮਣੇ ਹਨ । ਬੱਸ ਸਟੈਡ ਤੋ ਬੀ ਐਸ ਐਨ ਐੱਲ ਪਾਰਕ ਤੱਕ ਸੜਕ ਦੀ ਹਾਲਤ ਵਿੱਚ ਸੁਧਾਰ ਲਿਆਂਦਾ ਗਿਆ ਹੈ। ਪਿੰਡ ਬਡਰੁਖਾਂ, ਪੁਲਿਸ ਲਾਇਨ, ਬਰਨਾਲਾ ਰੋਡ, ਰਣਬੀਰ ਕਲੱਬ, ਸੰਗਰੂਰ ਬਾਈਪਾਸ, ਕਾਲੀ ਦੇਵੀ ਮੰਦਰ ਸਾਹਮਣੇ ਵਾਲੀ ਸੜਕ ਨੂੰ ਚਹੁੰ ਮਾਰਗੀ ਕੀਤਾ ਜਾ ਰਿਹਾ ਹੈ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀ ਵਿਰਾਸਤੀ ਦਿੱਖ ਨੂੰ ਸੰਭਾਲਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸ਼ਹਿਰ ਦੇ ਚਾਰੇ ਦਰਵਾਜੇ, ਬਨਾਸਰ ਬਾਗ, ਰਾਜ ਹਾਈ ਸਕੂਲ, ਬਨਾਸਰ ਬਾਗ ਦੀ ਲਾਇਬਰੇਰੀ ਨੂੰ ਨਵੀ ਦਿੱਖ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਮੈਗਜ਼ੀਨ ਮੁਹੱਲਾ ਅਤੇ ਜ਼ਿਲਾ ਪ੍ਰੀਸ਼ਦ ਦੇ ਨੇੜੇ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ ਤੇ ਜਾਰੀ ਹਨ। ਸੰਗਰੂਰ ਦਾ ਮਲਟੀਪਰਪਜ਼ ਸਪੋਰਟਸ ਕੰਪਲੈਕਸ ਪੰਜਾਬ ਭਰ ਵਿਚੋ ਮੋਹਰੀ ਹੋਵੇਗਾ ਅਤੇ 14 ਕਰੋੜ ਦੀ ਲਾਗਤ ਨਾਲ ਸਪੋਰਟਸ ਕੰਪਲੈਕਸ ਮੁਕੰਮਲ ਹੋ ਚੁੱਕਿਆ ਹੈ। ਐਥਲੈਟਿਕ ਟਰੈਕ ਨੌਜਵਾਨਾਂ ਲਈ ਆ ਚੁੱਕਾ ਹੈ ਅਤੇ ਹਾਕੀ ਦੀ ਆਸਟ੍ਰੋਟ੍ਰਫ਼ ਨੂੰ ਵੀ ਜਲਦੀ ਮਨਜ਼ੂਰੀ ਮਿਲ ਜਾਵੇਗੀ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਸੰਗਰੂਰ ਵਿਖੇ ਕੈਂਸਰ ਹਸਪਤਾਲ ਲੋਕਾਂ ਲਈ ਸਹਾਈ ਸਿੱਧ ਹੋ ਰਿਹਾ ਹੈ ਕਿਉਂਕਿ 95 ਫ਼ੀਸਦੀ ਮਰੀਜਾਂ ਦਾ ਇਲਾਜ਼ ਮੁਫ਼ਤ ਵਿੱਚ ਹੋ ਜਾਂਦਾ ਹੈ ਅਤੇ ਉਨਾਂ ਨੂੰ ਇਲਾਜ ਲਈ ਦੂਰ ਦੁਰਾਡੇ ਨਹੀ ਜਾਣਾ ਪੈਂਦਾ। ਇਸ ਤੋ ਇਲਾਵਾ ਸਰਕਾਰੀ ਹਸਪਤਾਲ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜਿੰਦਰ ਸਿੰਘ ਰਾਜਾ ਚੇਅਰਮੈਨ, ਨਰੇਸ਼ ਗਾਬਾ ਚੇਅਰਮੈਨ, ਸੁਭਾਸ਼ ਗਰੋਵਰ, ਸਾਬਕਾ ਐਮ.ਸੀ. ਸੀਮਾ ਗਾਬਾ, ਅਨੀਤਾ ਕੰਡਾ, ਕੁਲਵੰਤ ਰਾਏ ਸਿੰਗਲਾ, ਰਾਜਿੰਦਰ ਕੁਮਾਰ ਪ੍ਰਧਾਨ, ਰਾਜ ਕੁਮਾਰ ਅਰੋੜਾ, ਅਮਰਜੀਤ ਸਿੰਘ ਟੀਟੂ, ਰਾਜਿੰਦਰ ਪੱਪੂ ਪ੍ਰਧਾਨ, ਰਾਜੀਵ ਜਿੰਦਲ, ਰਾਜਿੰਦਰ ਮਨਚੰਦਾ, ਪਾਲੀ, ਨਰੇਸ਼ ਬਾਂਗੀਆਂ, ਨਵੀਨ ਬੱਗਾ, ਇਕਬਾਲ ਪੂਨੀਆ ਤੋ ਇਲਾਵਾ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਹਾਜ਼ਰ ਸੀ।