ਜ਼ਿਲੇ ਅੰਦਰ 4129 ਕੋਵਿਡ ਪਾਜ਼ਟਿਵ ਮਰੀਜ਼ਾਂ ਨੇ ਕੋਰੋਨਾ ’ਤੇ ਕੀਤੀ ਫ਼ਤਹਿ ਹਾਸਿਲ, 24 ਐਕਟਿਵ ਕੇਸ ਬਾਕੀ-ਰਾਮਵੀਰ
ਹਰਪ੍ਰੀਤ ਕੌਰ , ਸੰਗਰੂਰ, 30 ਦਸੰਬਰ:2020
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਜ਼ਿਲਾ ਵਾਸੀਆਂ ਨਾਲ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਹਫ਼ਤਾਵਾਰੀ ਫੇਸਬੁੱਕ ਲਾਈਵ ਦੌਰਾਨ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾ ਸਮੂਹ ਜ਼ਿਲਾ ਵਾਸੀਆਂ ਨੂੰ ਸਾਲ 2021 ਲਈ ਸੁਭਕਾਮਨਾਵਾਂ ਦਿੱਤੀਆ। ਉਨਾਂ ਕਾਮਨਾ ਕੀਤੀ ਕਿ ਆਉਣ ਵਾਲਾ ਨਵਾਂ ਸਾਲ ਸਮੂਹ ਜ਼ਿਲਾ ਵਾਸੀਆ ਲਈ ਖੁਸ਼ੀਆਂ, ਖੇੜੇ ਅਤੇ ਤੰਦਰੁਸਤੀ ਨਾਲ ਭਰਪੂਰ ਹੋਵੇ ਅਤੇ ਆਉਣ ਵਾਲੇ ਸਾਲ ’ਚ ਲੋਕਾਂ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਨਿਜ਼ਾਤ ਮਿਲੇ।
ਸ੍ਰੀ ਰਾਮਵੀਰ ਨੇ ਕਿਹਾ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਨਵੀਂ ਸਟੇ੍ਰਨ ਨਾਲ ਪ੍ਰਭਾਵਿਤ ਹੋਏ 20 ਵਿਅਕਤੀ ਯੂ.ਕੇ ਤੋਂ ਭਾਰਤ ਪਰਤੇ ਹਨ ਅਤੇ ਕੁੱਝ ਵਿਅਕਤੀ ਪੰਜਾਬ ’ਚ ਵੀ ਆਏ ਹਨ ਜਿਸ ਕਰਕੇ ਹੋਰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਮੁੜ ਦੁਹਰਾਇਆ ਕਿ ਤਾਪਮਾਨ ’ਚ ਲਗਾਤਾਰ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਸਲਾਹ ਦੀ ਪਾਲਣਾ ਕਰਨ ਨੰੂ ਤਵੱਜੋ ਦਿੱਤੀ ਜਾਵੇ। ਉਨਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਮੂੰਹ ਤੇ ਮਾਸਕ ਪਾ ਕੇ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਹੱਥਾਂ ਦੀ ਸਾਫ਼, ਸਫ਼ਾਈ ਅਤੇ ਆਪਸੀ ਦੂਰੀ ਦਾ ਵਿਸੇਸ ਧਿਆਨ ਰੱਖਣ ਦੀ ਲੋੜ ਹੈ।
ਉਨਾਂ ਦੱਸਿਆ ਕਿ ਜ਼ਿਲੇ ਅੰਦਰ ਰੋਜ਼ਾਨਾ ਕੋਰੋਨਾ ਨੰੂ ਹਰਾ ਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਨਿਰੰਤਰ ਵਾਧਾ ਹੋ ਰਿਹਾ ਹੈ, ਜੋ ਕਿ ਜ਼ਿਲਾ ਵਾਸੀਆ ਲਈ ਰਾਹਤ ਦੀ ਖ਼ਬਰ ਹੈ। ਉਨਾਂ ਦੱਸਿਆ ਕਿ ਜ਼ਿਲਾ ਸੰਗਰੂਰ ਅੰਦਰ ਹੁਣ ਤੱਕ ਕੋਵਿਡ ਦੇ 1 ਲੱਖ 78 ਹਜਾਰ 177 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ, ਜਿਸਦੇ ਵਿੱਚੋਂ 1 ਲੱਖ 73 ਹਜਾਰ 824 ਨਮੂਨੇ ਨੈਗਟਿਵ ਪਾਏ ਗਏ, ਜਦਕਿ 4129 ਮਰੀਜ਼ ਕੋਰੋਨਾ ਨੰੂ ਹਰਾ ਕੇ ਸਿਹਤਯਾਬ ਹੋਏ ਹਨ ਅਤੇ ਜ਼ਿਲੇ ਅੰਦਰ ਇਸ ਵੇਲੇ ਸਿਰਫ 24 ਐਕਟਿਵ ਕੇਸ ਬਾਕੀ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਇਕ ਹੋਰ ਪਾਜ਼ਟਿਵ ਮਰੀਜ਼ ਨੇ ਧੂਰੀ ਦੇ ਬਾਲੀਆ ਹਸਪਤਾਲ ਤੋਂ ਕੋਰੋਨਾ ਨੂੰ ਹਰਾਇਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਧੁੰਦ ਦੇ ਮੌਸਮ ਵਿੱਚ ਸੜਕੀ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸਨੂੰ ਧਿਆਨ ’ਚ ਰੱਖਦਿਆਂ ਹਰੇਕ ਵਾਹਨ ਚਾਲਕ ਨੂੰ ਟੇ੍ਰਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।