ਅਲਵਿਦਾ 2020-ਜਿਲ੍ਹੇ ‘ਚ ਸਿੱਖਿਆ ਦਾ ਲੇਖਾ-ਜੋਖਾ 2020-ਸਰਕਾਰੀ ਸਕੂਲਾਂ ਨੇ ਕੋਰੋਨਾ ਦੀਆਂ ਚੁਣੌਤੀਆਂ ਦੌਰਾਨ ਅਸੰਭਵ ਨੂੰ ਕਰਿਆ ਸੰਭਵ

Advertisement
Spread information

ਸਿੱਖਿਆ ਅਧਿਕਾਰੀ ਅਤੇ ਅਧਿਆਪਕ ਖੁਦ ਪਹੁੰਚਦੇ ਰਹੇ ਵਿਦਿਆਰਥੀਆਂ ਦੇ ਘਰ


ਹਰਿੰਦਰ ਨਿੱਕਾ , ਬਰਨਾਲਾ, 30 ਦਸੰਬਰ 2020 
             ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ  ਹੇਠ ਸਾਲ 2020 ਦੀਆਂ ਕੋਰੋਨਾ ਮਹਾਂਮਾਰੀ ਦੀਆਂ ਪ੍ਰਸਥਿਤੀਆਂ ਅਤੇ ਚੁਣੌਤੀਆਂ ਦੌਰਾਨ ਵੀ ਆਪਣੀਆਂ ਵਿੱਦਿਅਕ ਸਰਗਰਮੀਆਂ ਲਈ ਬਦਲਵੇਂ ਰਾਹ ਲੱਭਦਿਆਂ ਸਮੇਂ ਦੇ ਹਾਣੀ ਬਣਕੇ ਆਪਣੇ ਟੀਚਿਆਂ ਦੀ ਪੂਰਤੀ ਕੀਤੀ ਗਈ।
            ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਜਸਬੀਰ ਕੌਰ ਨੇ ਦੱਸਿਆ ਕਿ ਸਾਲ  2020 ਦੌਰਾਨ ਮਾਰਚ ਮਹੀਨੇ ਲੱਗੀਆਂ ਕੋਰੋਨਾ ਪਾਬੰਦੀਆਂਂ ਬਦੌਲਤ ਨਵੇਂ ਵਿੱਦਿਅਕ ਸ਼ੈਸਨ ਦੀ ਸ਼ੁਰੂਆਤ ‘ਤੇ ਲੱਗੇ ਸੁਆਲੀਆ ਨਿਸ਼ਾਨ ਦੀ ਚੁਣੌਤੀ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਬਾਖੂਬੀ ਕਬੂਲਿਆ ਗਿਆ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਵਿਭਾਗ ਨੇ ਸਮੇਂ ਸਿਰ 1 ਅਪ੍ਰੈਲ 2020 ਤੋਂ ਆਪਣਾ ਵਿੱਦਿਅਕ ਸ਼ੈਸ਼ਨ ਸ਼ੁਰੂ ਕੀਤਾ ਅਤੇ ਆਨਲਾਈਨ ਵਿੱਦਿਅਕ ਸਰਗਰਮੀਆਂ ਰਾਹੀਂ ਘਰ ਬੈਠੇ ਵਿਦਿਆਰਥੀਆਂ ਦੇ ਦਾਖਲਿਆਂ ਦੀ ਮੁਹਿੰਮ ਸ਼ੁਰੂ ਕੀਤੀ।
           ਕੋਰੋਨਾ ਚੁਣੌਤੀਆਂ ਅਤੇ ਸਕੂਲਾਂ ਦੀ ਤਾਲਾਬੰਦੀ ਦੇ ਬਾਵਜੂਦ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਨਵੇਂ ਦਾਖਲਿਆਂ ਦੇ ਪਿਛਲੇ ਵਰ੍ਹਿਆਂ ਦੇ ਸਾਰੇ ਰਿਕਾਰਡ ਮਾਤ ਪੈ ਗਏ।ਮਾਪਿਆਂ ਵੱਲੋਂ ਆਪਣੇ ਬੱਚੇ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਦੇ ਰੁਝਾਨ ‘ਚ ਭਾਰੀ ਇਜ਼ਾਫਾ ਵੇਖਿਆ ਗਿਆ। ਦਾਖਲਿਆਂ ਉਪਰੰਤ ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਚੁਣੌਤੀ ਸੀ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ,ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਸਮਰਪਿਤ ਭਾਵਨਾ ਨੇ ਇਸ ਅਸੰਭਵ ਕਾਰਜ਼ ਨੂੰ ਵੀ ਸੰਭਵ ਕਰ ਵਿਖਾਇਆ।ਅਧਿਆਪਕਾਂ ਵੱਲੋਂ ਘਰ ਬੈਠੇ ਵਿਦਿਆਰਥੀਆਂ ਨਾਲ ਆਨਲਾਈਨ ਰਾਬਤਾ ਬਣਾਉਂਦਿਆਂ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ। ਅਧਿਆਪਕਾਂ ਦੀ ਇਸ ਕੋਸ਼ਿਸ਼ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ।ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਜ਼ਰੀਏ ਆਨਲਾਈਨ ਪੜ੍ਹਾਈ ਨਾਲ ਜੋੜਦਿਆਂ ਵਿੱਦਿਅਕ ਸਮੱਗਰੀ ਪ੍ਰਦਾਨ ਕਰਨੀ ਸ਼ੁਰੂ ਕੀਤੀ ਗਈ।  ਸਰਕਾਰੀ ਸਕੂਲਾਂ  ਦੇ ਅਧਿਆਪਕਾਂ ਵੱਲੋਂ ਖੁਦ ਤਿਆਰ ਕੀਤੇ ਡਿਜ਼ੀਟਲ ਪਾਠਕ੍ਰਮ ਨਾਲ ਦੂਰਦਰਸ਼ਨ, ਰੇਡੀਓ ਅਤੇ  ਐਜੂਕੇਅਰ ਐਪ ਜ਼ਰੀਏ ਆਨਲਾਈਨ ਜਮਾਤਾਂ ਲਗਾਕੇ ਵੱਡਾ ਕਦਮ ਚੁੱਕਿਆ ਗਿਆ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਹੱਲਾਸ਼ੇਰੀ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੂੰ ਕੋਰੋਨਾ ਕਾਲ ਦੌਰਾਨ ਸਮੇਂ ਸਿਰ ਪੁਸਤਕਾਂ ਅਤੇ ਹੋਰ ਸਮੱਗਰੀ ਦੇ ਨਾਲ ਨਾਲ ਮਿਡ ਡੇ ਮੀਲ ਦਾ ਅਨਾਜ  ਘਰੋ-ਘਰੀ ਪੁੱਜਦਾ ਕੀਤਾ ਗਿਆ।
             ਮਿਡ ਡੇ ਮੀਲ ਦੀ ਖਾਣਾ ਬਣਾਉਣ ਰਾਸ਼ੀ ਵੀ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਮਾਂ ਕਰਵਾਈ ਗਈ।ਇਸ ਦੌੌੌਰਾਨ ਵਿਦਿਆਰਥੀਆਂਂ ਨੂੰ ਵਰਦੀਆਂ ਵੀ ਮੁਹੱੱਈਆ ਕਰਵਾਈਆਂ ਗਈਆਂ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜਿਲ੍ਹੇ ਦੀਆਂ ਬੋਰਡ ਜਮਾਤਾਂ ਦੇ ਨਤੀਜੇ ਸ਼ਾਨਦਾਰ ਰਹੇ।ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਘਰਾਂ ‘ਚ ਖੁਦ ਪਹੁੰਚ ਕੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਸੂਬਾ ਸਰਕਾਰ ਵੱਲੋਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂਂ ਨੂੰ ਜਿਲ੍ਹਾ ਪੱਧਰੀ ਸੁਤੰਤਰਤਾ ਸਮਾਗਮ ਦੌਰਾਨ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਬੇਸ਼ੱਕ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਖੇਡਾਂ ਕਰਵਾਉਣਾ ਅਸੰਭਵ ਸੀ ਪਰ ਇਸ ਦੌਰਾਨ ਵੀ ਵਿਦਿਆਰਥੀਆਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਲਈ ਆਨਲਾਈਨ ਕਸਰਤਾਂ ਕਰਵਾਉਣ ਅਤੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਆਨਲਾਈਨ ਕੁਇਜ਼ ਕਰਵਾਏ ਗਏ।
             ਸ੍ਰ ਸਿਮਰਦੀਪ ਸਿੰਘ ਡੀਐਮ ਖੇਡਾਂ ਨੇ ਦੱਸਿਆ ਕਿ ਸਕੂਲਾਂ ਵਿੱੱਚ ਸਮਾਰਟ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ।ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਪੁਜੀਸ਼ਨ ਪ੍ਰਾਪਤੀ ਦਾ ਆਲਮ ਸੂਬਾ ਪੱਧਰ ‘ਤੇ ਕਾਬਲੇਤਾਰੀਫ਼ ਰਿਹਾ। ਇਹਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਲਈ ਵੀ ਸਿੱਖਿਆ ਅਧਿਕਾਰੀਆਂ ਖੁਦ ਵਿਦਿਆਰਥੀਆਂ ਦੇ ਘਰ ਪਹੁੰਚਦੇ ਰਹੇ।ਵਿਦਿਆਰਥੀਆਂ ਨੂੰ ਸਭਿਆਚਾਰਕ ਗਤੀਵਿਧੀਆਂ ਨਾਲ ਜੋੜੀ ਰੱਖਣ ਦੇ ਉਪਰਾਲੇ ਵਜੋਂ ਜਿਲ੍ਹੇ ਦੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਐਤਵਾਰ ਦੇੇ ਦਿਨ ਡੀ.ਡੀ. ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਜਾਂਦਾ ਰਿਹਾ। 
           ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ 12ਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਅਤੇ ਟੈਬਲੈਟਸ ਪ੍ਰਦਾਨ ਕੀਤੇ ਗਏ। ਉਪ ਜਿਲ੍ਹਾ ਸਿੱਖਿਆ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਜਿਲ੍ਹੇ ਦੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੀ ਟੈਬਲੈਟਸ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ।ਜਿਲ੍ਹਾ ਸਿੱਖਿਆ ਅਧਿਕਾਰੀਆਂ ਸੈਕੰਡਰੀ ਵੱਲੋਂ ਆਨਲਾਈਨ ਪੜ੍ਹਾਈ ਲਈ ਹੋਰਨਾਂ ਜਮਾਤਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੋਬਾਈਲ ਅਤੇ ਟੈਲੀਵਿਜ਼ਨ ਮੁਹੱਈਆ ਕਰਵਾਏ ਗਏ। ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਜਿਲ੍ਹਾ ਸਮਾਰਟ ਸਕੂਲ ਕੋ-ਆਰਡੀਨੇਟਰ ਡਾ.ਰਵਿੰਦਰਪਾਲ ਸਿੰਘ ਪ੍ਰਿੰਸੀਪਲ ਅਤੇ ਸਹਾਇਕ ਕੋ-ਆਰਡੀਨੇਟਰ ਸ੍ਰ ਜਗਸੀਰ ਸਿੰਘ ਦੀ ਪ੍ਰੇਰਨਾ ਅਧੀਨ ਸਮਾਰਟ ਸਕੂਲ ਮਾਪਦੰਡਾਂ ਦੀ ਪੂਰਤੀ ਦਾ ਕੰਮ ਇਸ ਸੰਕਟ ਸਮੇਂ ਦੌਰਾਨ ਵੀ ਜਾਰੀ ਰੱਖਿਆ ਗਿਆ।
             ਸਕੂਲਾਂ ਦੇ ਢਾਂਚਾਗਤ ਵਿਕਾਸ ਲਈ ਸਕੂਲਾਂ ‘ਚ ਕਮਰਿਆਂ, ਪ੍ਰਯੋਗਸ਼ਾਲਾਵਾਂ,ਬਾਥਰੂਮਾਂ ਅਤੇ ਵਿੱਦਿਅਕ ਪਾਰਕਾਂ ਦੀ ਉਸਾਰੀ ਦਾ ਕਾਰਜ਼ ਵੀ ਨਿਰਵਿਘਨ ਤਰੀਕੇ ਜਾਰੀ ਰੱਖਿਆ ਗਿਆ। ਸਕੂਲਾਂ ਦੀ ਹਰ ਪੱਖੋਂ ਬਦਲੀ ਦਸ਼ਾ ਤਹਿਤ ਹੀ ਸਕੂਲਾਂ ‘ਚ ਆਕਰਸ਼ਕ ਫਰਨੀਚਰ ਤਿਆਰ ਕਰਨ ਦੀ ਵੀ ਸਕੂਲ ਅਧਿਆਪਕਾਂ ਵੱਲੋਂ ਮੁਹਿੰਮ ਚਲਾਈ ਗਈ। ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਸਿੱਖਿਆ ਦੀ ਸਫਲਤਾ ਨੂੰ ਦੇਖਦੇ ਹੋਏ ਜਿਲ੍ਹੇ ਦੇ ਹਰ ਪ੍ਰਾਇਮਰੀ ਸਕੂਲ ਨੂੰ ਪ੍ਰੀ-ਪ੍ਰਾਇਮਰੀ ਸਿੱਖਿਆ ਲਈ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਗਈਆਂ। ਸਿੱਖਿਆ ਵਿਭਾਗ ਵੱਲੋਂ ਆਪਣੀ ਕਾਰਗੁਜ਼ਾਰੀ ਦੇ ਸਵੈਮੁਲਾਂਕਣ ਲਈ ਪੰਜਾਬ ਪ੍ਰਾਪਤੀ ਸਰਵੇਖਣ ਵੀ ਕਰਵਾਇਆ। ਪੜ੍ਹੋ ਪੰਜਾਬ ਦੇ ਜਿਲ੍ਹਾ ਮੈਂਟਰਾਂ ਸ੍ਰੀ ਹਰੀਸ਼ ਕੁਮਾਰ ਪ੍ਰਿੰਸੀਪਲ, ਸ੍ਰ ਅਮਨਿੰਦਰ ਸਿੰਘ, ਸ੍ਰੀ ਕਮਲਦੀਪ, ਜਿਲ੍ਹਾ ਰਿਸੋਰਸ ਪਰਸਨ ਅੰਗਰੇਜ਼ੀ ਸ੍ਰੀਮਤੀ ਗਾਇਤਰੀ ਜੋਤੀ ਅਤੇ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਸ੍ਰ ਕੁਲਦੀਪ ਸਿੰਘ ਭੁੱਲਰ ਦੀ ਪ੍ਰੇਰਨਾ ਅਧੀਨ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ,ਵਿਦਿਆਰਥੀਆਂ ਅਤੇ ਮਾਪਿਆਂ ਨੇ ਇਹਨਾਂ ਆਨਲਾਈਨ ਮੁਲਾਂਕਣਾਂ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
            ਇਸ ਤੋਂ ਇਲਾਵਾ ਕਰੋਨਾ ਸੰਕਟ ਘਟਣ ਦੇ ਨਾਲ ਹੀ ਰਾਜ ਦੇ ਸਰਕਾਰੀ ਸਕੂਲਾਂ ‘ਚ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਆਫਲਾਈਨ ਲੱਗਣੀਆਂ ਆਰੰਭ ਹੋ ਗਈਆਂ ਅਤੇ ਇਸੇ ਮਹੀਨੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵੀ ਕਰਵਾਈਆਂ ਗਈਆਂ।ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਵੀ ਵਿਦਿਆਰਥੀਆਂ ਦੀ ਪੜ੍ਹਾਈ, ਸਿਹਤ, ਸਭਿਆਚਾਰਕ ਅਤੇ ਵਿਰਾਸਤ ਨਾਲ ਜੋੜਨ ਵਾਲੀਆਂ ਗਤੀਵਿਧੀਆਂ ਜਾਰੀ ਰੱਖਦਿਆਂ ਜਿਲ੍ਹੇ ਦੇ ਅਧਿਕਾਰੀਆਂ ਦੀ ਅਗਵਾਈ,ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਮਰਪਿਤ ਭਾਵਨਾ,ਵਿਦਿਆਰਥੀਆਂ ਦੀ ਮਿਹਨਤ ਅਤੇ ਮਾਪਿਆਂ ਦਾ ਸਹਿਯੋਗ ਵੱਖਰੀ ਮਿਸ਼ਾਲ ਪੈਦਾ ਕਰ ਗਏ।
Advertisement
Advertisement
Advertisement
Advertisement
Advertisement
error: Content is protected !!