ਗੁਰਦਵਾਰਾ ਸਿੰਘ ਸਭਾ ਗਿੱਲ ਨਗਰ ਵੱਲੋਂ 21,000 ਦੀ ਰਾਸ਼ੀ ਸੰਚਾਲਨ ਕਮੇਟੀ ਨੂੰ ਭੇਂਟ
ਹਰਿੰਦਰ ਨਿੱਕਾ, ਬਰਨਾਲਾ 30 ਦਸੰਬਰ2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 91 ਵੇਂ ਦਿਨ ਗੁਰਦਵਾਰਾ ਸਿੰਘ ਸਭਾ ਗਿੱਲ ਨਗਰ ਨਿਵਾਸੀਆਂ ਵੱਲੋਂ ਕਿਸਾਨ ਸੰਘਰਸ਼ ਲਈ 21,000 ਰੁ. ਦੀ ਸਹਿਯੋਗ ਰਾਸ਼ੀ ਭੇਂਟ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਸਾਂਝੇ ਕਿਸਾਨ/ਲੋਕ ਸੰਘਰਸ਼ ਨੂੰ ਕਿਸੇ ਕਿਸਮ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ।
ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ 35 ਵੇਂ ਦਿਨ ਵੀ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਜਮਾਈ ਬੈਠੇ ਅਤੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿੱਚ ਹੋਰ ਵਧੇਰੇ ਜੋਸ਼ ਨਾਲ ਸ਼ਾਮਿਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ। ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਅਮਰਜੀਤ ਕੌਰ, ਹਰਗੋਬਿੰਦ ਸ਼ੇਰਪੁਰ, ਗੁਰਮੀਤ ਸੁਖਪੁਰਾ, ਖੁਸ਼ੀਆ ਸਿੰਘ, ਚਰਨਜੀਤ ਕੌਰ ਆਦਿ ਬੁਲਾਰਿਆਂ ਨੇ ਕਿਹਾ ਕਿ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਰ ਪੜਾਅ ਉੱਪਰ ਕਿਸਾਨ ਕਾਫਲਿਆਂ ਦੇ ਵਧਦੇ ਰੋਹ ਨੇ ਹਾਕਮਾਂ ਦੀ ਨੀਂਦ ਉਡਾ ਰੱਖੀ ਹੈ। ਸਾਂਝੇ ਲੋਕ ਸੰਘਰਸ਼ ਦੇ ਸਿੱਟੇ ਵਜੋਂ ਮੋਦੀ ਹਕੂਮਤ ਖਿਲਾਫ ਸ਼ੁਰੂ ਕੀਤੇ ਕਿਸਾਨ ਸੰਘਰਸ਼ ਦੀ ਇਖਲਾਕੀ ਜਿੱਤ ਹੋ ਚੁੱਕੀ ਹੈ। ਜਿਹੜੀ ਮੋਦੀ ਹਕੂਮਤ ਲੋਕਾਂ ਦੀ ਹੱਕੀ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ, ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪੱਕਾ ਡੇਰਾ ਜਮਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ। ਹੁਣ ਤਾਂ ਸਮਾਂ ਅਤੇ ਏਜੰਡਾ ਵੀ ਕਿਸਾਨ ਤਹਿ ਕਰਦੇ ਹਨ।
ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਪੰਜਾਬ, ਹਰਿਆਣਾ,ਯੂ.ਪੀ ਤੋਂ ਬਾਅਦ ਧੁਰ ਦੱਖਣ (ਕਰਨਾਟਕ,ਤਾਮਿਲਨਾਡੂ, ਉੜੀਸਾ, ਕੇਰਲ, ਮਹਾਂਰਾਸ਼ਟਰ,ਪੱਛਮੀ ਬੰਗਾਲ,ਬਿਹਾਰ, ਛੱਤੀਸ਼ਗੜ੍ਹ, ਮੱਧ ਪ੍ਰਦੇਸ਼ ਆਦਿ) ਵਿੱਚ ਵੀ ਕਿਸਾਨ ਸੰਘਰਸ਼ ਨੇ ਹਕੂਮਤਾਂ ਨੂੰ ਵਾਹਣੀਂ ਪਾ ਲਿਆ ਹੈ। ਪਟਨਾ ਵਿੱਚ ਮੁਜਾਹਰਾ ਕਰ ਰਹੇ ਕਿਸਾਨਾਂ ਉੱਪਰ ਲਾਠੀਚਾਰਜ ਕਰਨਾ ਐਨਡੀਏ ਦੀ ਅਗਵਾਈ ਵਾਲੀਆਂ ਹਕੂਮਤਾਂ ਦੀ ਬੁਖਲਾਹਟ ਦਾ ਸਿੱਟਾ ਹੈ। ਹਕੂਮਤ ਦੇ ਜਾਬਰ ਹੱਥਕੰਡੇ ਸੰਘਰਸ਼ਸ਼ੀਲ ਕਾਫਲਿਆਂ ਨੂੰ ਅੱਗੇ ਵਧਣੋਂ ਰੋਕ ਨਹੀਂ ਸਕਣਗੇ। ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾ ਰਹੇ ਹਨ। ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ 12 ਮੈਂਬਰੀ ਜਥੇ ਵਿੱਚ ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ, ਜਨਕ ਸਿੰਘ, ਕੁਲਦੀਪ ਸਿੰਘ, ਗੁਰਪਿਆਰ ਸਿੰਘ, ਅਮਨਪ੍ਰੀਤ ਸਿੰਘ, ਏਕਮਪ੍ਰੀਤ ਸਿੰਘ, ਗੁਰਸੇਵਕ ਸਿੰਘ ਦੂਜਾ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ (ਸਾਰੇ ਉੱਪਲੀ) ਜਸਵੀਰ ਸਿੰਘ ਸੁਖਪੁਰ ਸ਼ਾਮਿਲ ਹੋਏ। ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ।
ਸਗੋਂ ਬਰਨਾਲਾ ਵਿਖੇ ਚਲਦੇ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਸ਼ਾਮਿਲ ਹੋ ਰਹੇ ਹਨ। ਇਹੀ ਸਾਂਝੇ ਕਿਸਾਨ ਸੰਘਰਸ਼ ਦਾ ਜਾਨਦਾਰ ਪਹਿਲੂ ਹੈ। 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਅਤੇ ਉਸ ਦੇ ਵੱਡੇ ਵਪਾਰਿਕ ਘਰਾਣਿਆਂ(ਅਡਾਨੀ-ਅੰਬਾਨੀ) ਨੂੰ ਪੈਰਾਂ ਹੇਠ ਲਤਾੜਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਸਾਂਝਾ ਸੰਘਰਸ਼ ਜਿਉਂ ਜਿਉਂ ਲੰਮਾ ਹੋਵੇਗਾ , ਹੋਰ ਵੱਧੇਰੇ ਮਜਬੂਤੀ ਨਾਲ ਵਦਾਣੀ ਸੱਟਾਂ ਮਾਰਦਾ ਹੋਇਆ ਆਪਣੀ ਜਿੱਤ ਵੱਲ ਅੱਗੇ ਵਧੇਗਾ। ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ-2020 ਰੱਦ ਕਰਨ ਲਈ ਮਜਬੂਰ ਕਰੇਗਾ। ਪਿ੍ਰਤਪਾਲਕੌਰ ਉਦਾਸੀ, ਅਰਸ਼ਪ੍ਰੀਤ ਕੌਰ ਅਤੇ ਮੁਨਸ਼ੀ ਖਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।