ਡਾ. ਕੰਵਲਜੀਤ ਬਾਜਵਾ ਨੇ ਕੋਵਿਡ ਵੈਕਸੀਨ ਸਬੰਧੀ ਦਿੱਤੀ ਜਾਣਕਾਰੀ
ਹਰਿੰਦਰ ਨਿੱਕਾ/ਰਘਵੀਰ ਹੈਪੀ , ਬਰਨਾਲਾ, 30 ਦਸੰਬਰ 2020
ਲੋਕਾਂ ਨੂੰ ਕਰੋਨਾ ਮਹਾਂਮਾਰੀ ਦੀ ਮਾਰ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਵੈਕਸੀਨੇਸ਼ਨ ਲਈ ਤਿਆਰੀਆਂ ਜੋਰਾਂ ਤੇ ਹਨ । ਸੂਬੇ ਦੇ ਦੋ ਜ਼ਿਲ੍ਹਿਆਂ ਲੁਧਿਆਣਾ ਅਤੇ ਐਸਬੀਐਸ ਨਗਰ ,ਮੋਹਾਲੀ ਵਿਚ 12 ਥਾਵਾਂ ’ਤੇ ਕਰੋਨਾ ਟੀਕੇ ਦਾ ਡ੍ਰਾਈ ਰਨ ਸਫਲਤਾ ਪੂਰਵਕ ਮੁਕੰਮਲ ਹੋ ਚੁੱਕਿਆ ਹੈ। ਇਹ ਪ੍ਰਗਟਾਵਾ ਸਿਵਲ ਹਸਪਤਾਲ ਬਰਨਾਲਾ ਦੇ ਮਾਹਿਰ ਡਾ. ਕੰਵਲਜੀਤ ਬਾਜਵਾ ਨੇ ਹਫਤਾਵਰੀ ਫੇਸਬੁਕ ਲਾਈਵ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਵਿਚ 66079 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 2275 ਮਰੀਜ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ 2160 ਵਿਅਕਤੀ ਸਿਹਤਮੰਦ ਹੋ ਚੁੱਕੇ ਹਨ ਅਤੇ ਹੁਣ ਐਕਟਿਵ ਕੇਸ ਸਿਰਫ 51 ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਵੈਕਸੀਨ ਕਈ ਦੇਸ਼ਾਂ ਵਿੱਚ ਲੱਗਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿਚ ਕਰੋਨਾ ਵੈਕਸੀਨ ਸਟੋਰ ਕਰਨ ਤੋਂ ਲੈ ਕੇ ਲੋਕਾਂ ਨੂੰ ਲਾਉਣ ਤੱਕ ਦੀ ਪ੍ਰਕਿਰਿਆ ਸਬੰਧੀ ਸਿਹਤ ਅਮਲੇ ਦੀ ਸਿਖਲਾਈ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਇਹ ਟੀਕਾ ਪੜਾਅਵਾਰ ਸਾਰੀ ਆਬਾਦੀ ਨੂੰ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕਰੋਨਾ ਵੈਕਸੀਨੇਸ਼ਨ ਦੀ ਵਾਰੀ ਨਹੀਂ ਆਉਂਦੀ, ਉਦੋਂ ਤੱਕ ਕਰੋਨਾ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਜ਼ਰੂਰੀ ਇਹਤਿਆਤਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਉੁਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ, ਕਿਉਂਕਿ ਇਹ ਕਈ ਦੇਸ਼ਾਂ ਵਿਚ ਪਹਿਲਾਂ ਹੀ ਲਗਾਈ ਜਾ ਰਹੀ ਹੈ।
ਡਾ. ਬਾਜਵਾ ਨੇ ਦੱਸਿਆ ਕਿ ਇਹ ਵੈਕਸੀਨ 90 ਫੀਸਦੀ ਤੋਂ ਵਧੇਰੇ ਪ੍ਰਭਾਵਸ਼ਾਲੀ ਹੈੇ। ਇਹ ਲੋਕਾਂ ਨੂੰ ਪੜਾਅਵਾਰ ਹੀ ਲਗਾਈ ਜਾਵੇਗੀ। ਇਸ ਦੌਰਾਨ ਪਹਿਲਾਂ ਸਿਹਤ ਅਮਲੇ, ਫਿਰ ਮੂਹਰਲੀ ਕਤਾਰ ‘ਚ ਖੜ੍ਹਕੇ ਕਰੋਨਾ ਖਿਲਾਫ ਜੰਗ ਲੜ ਰਹੇ ਯੋਧਿਆਂ, ਵੱਡੀ ਉਮਰ ਦੇ ਵਿਅਕਤੀਆਂ ਜਾਂ ਹੋਰ ਬਿਮਾਰੀਆਂ ਨਾਲ ਜੂਝਣ ਵਾਲਿਆਂ ਨੂੰ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵੈਕਸੀਨ ਸਬੰਧੀ ਕਿਸੇ ਅਫਵਾਹ ’ਤੇ ਗੌਰ ਨਾ ਕੀਤਾ ਜਾਵੇ।
ਵੈਕਸੀਨੇਸ਼ਨ ਦੀ ਕੀ ਹੈ ਪ੍ਰਕਿਰਿਆ ?
ਡਾ. ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਅਤੇ ਰਜਿਸਟਰਡ ਕੀਤੇ ਵਿਅਕਤੀਆਂ ਲਈ ਹੀ ਕਰੋਨਾ ਵੈਕਸੀਨ ਆਵੇਗੀ। ਵੈਕਸੀਨੇਸ਼ਨ ਵੇਲੇ ਆਪਣਾ ਫੋਟੋ ਆਈਡੀ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ।
ਕਰੋਨਾ ਤੋਂ ਸਿਹਤਯਾਬ ਹੋਣ ਵਾਲਿਆਂ ਨੂੰ ਵੀ ਵੈਕਸੀਨੇਸ਼ਨ ਦੀ ਸਿਫਾਰਸ਼
ਡਾ. ਕੰਵਲਜੀਤ ਬਾਜਵਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਕਰੋਨਾ ਹੋ ਚੁੱਕਿਆ ਹੈ, ਉਸ ਨੂੰ ਵੀ ਵੈਕਸੀਨ ਲਗਵਾਉਣੀ ਜ਼ਰੂਰੀ ਹੈ। ਜੇਕਰ ਕਿਸੇ ਨੂੰ ਮੌਜੂਦਾ ਸਮੇਂ ਵਿਚ ਕਰੋਨਾ ਹੋਇਆ ਤਾਂ ਉਸ ਦਾ ਆਈਸੋਲੇਸ਼ਨ ਸਮਾਂ ਖਤਮ ਹੋਣ ’ਤੇ 90 ਦਿਨ ਦੇ ਅੰਦਰ ਵੈਕਸੀਨ ਲੱਗੇਗੀ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਦੀ ਸਿਹਤ ਸਥਿਤੀ ਦੇ ਮੱਦੇਨਜ਼ਰ ਹੀ ਕਰੋਨਾ ਵੈਕਸੀਨ ਲੱਗੇਗੀ।