ਥਾਣਾ ਭਦੌੜ ਦੀ ਪੁਲਿਸ ਨੇ 2 ਫੜ੍ਹੇ ਅਤੇ ਸ਼ਹਿਣਾ ਪੁਲਿਸ ਦੇ ਹੱਥੇ ਚੜ੍ਹਿਆ 1 ਸਮਗਲਰ
ਹਰਿੰਦਰ ਨਿੱਕਾ , ਬਰਨਾਲਾ 30 ਦਸੰਬਰ 2020
ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਆਮਦ ਵੇਲੇ ਤੋਂ ਹੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਸਾਲ ਦੇ ਅੰਤਲੇ ਦਿਨਾਂ ਵਿੱਚ ਵੀ ਉਸੇ ਹੀ ਰਫਤਾਰ ਨਾਲ ਜਾਰੀ ਹੈ। ਇਸ ਕੜੀ ਤਹਿਤ ਥਾਣਾ ਭਦੌੜ ਦੀ ਪੁਲਿਸ ਨੇ 2 ਨਸ਼ਕਰਾਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਥਾਣਾ ਸ਼ਹਿਣਾ ਦੀ ਪੁਲਿਸ ਨੇ ਇੱਕ ਤਸਕਰ ਨੂੰ ਚਿੱਟੇ ਸਮੇਤ ਗਿਰਫਤਾਰ ਕਰ ਲਿਆ ਹੈ।
ਥਾਣਾ ਭਦੌੜ ਦੇ ਐਸ.ਐਚ.ਉ. ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਤਿੰਨਕੋਨੀ ਵਿਖੇ ਨਾਕਾਬੰਦੀ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੌਜੂਦ ਸੀ। ਤਾਂ ਮੁਖਬਰ ਖਾਸ ਨੇ ਉਸ ਨੂੰ ਅਲੈਹਦਗੀ ਵਿੱਚ ਦੱਸਿਆ ਕਿ ਇੰਦਰਜੀਤ ਸਿੰਘ ਵਾਸੀ ਭਗਤਪੁਰਾ ਮੌੜ ਅਤੇ ਕੁਲਵਿੰਦਰ ਸਿੰਘ ਉਰਫ ਬਜਰੰਗੀ ਵਾਸੀ ਨਿੰਮ ਵਾਲਾ ਵਿਹੜਾ ਭਦੌੜ , ਬਾਹਰੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਇਲਾਕੇ ਵਿੱਚ ਵੇਚਣ ਦਾ ਨਜਾਇਜ ਧੰਦਾ ਕਰਦੇ ਹਨ। ਅੱਜ ਵੀ ਉਹ ਦੋਵੇਂ ਬਾਹਰੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਵੇਚਣ ਦੀ ਤਾਕ ਵਿੱਚ ਹਨ। ਜੇਕਰ ਹੁਣੇ ਹੀ ਨੈਣੇਵਾਲਾ ਸਾਈਡ ਉਹਨਾਂ ਦੀ ਤਲਾਸ਼ ਕੀਤੀ ਜਾਵੇ ਤਾਂ ਉਹ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਆ ਸਕਦੇ ਹਨ। ਇਤਲਾਹ ਸੱਚੀ ਅਤੇ ਭਰੋਸੇਯੋਗ ਹੋਣ ਕਾਰਣ ਕੇਸ ਦਰਜ ਰਜਿਸਟਰ ਕਰਕੇ ਐਸ.ਆਈ. ਅਮ੍ਰਿਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਦੋਸ਼ੀਆਂ ਦੀ ਤਲਾਸ਼ ਵਿੱਚ ਲੱਗ ਗਈ। ਆਖਿਰ ਪੁਲਿਸ ਪਾਰਟੀ ਨੇ ਦੋਸ਼ੀ ਇੰਦਰਜੀਤ ਸਿੰਘ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 2000 ਨਸ਼ੀਲੀਆਂ ਗੋਲੀਆਂ ਅਤੇ ਕੁਲਵਿੰਦਰ ਸਿੰਘ ਪਾਸੋਂ 990 ਨਸ਼ੀਲੀਆਂ ਗੋਲੀਆਂ ਖੁੱਲੀਆਂ ਬ੍ਰਾਮਦ ਹੋਈਆਂ। ਐਸ.ਆਈ. ਅਮ੍ਰਿਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਮਜੀਦ ਪੁੱਛਗਿੱਛ ਜਾਰੀ ਹੈ।
ਉੱਧਰ ਸੀ.ਆਈ.ਏ ਬਰਨਾਲਾ ‘ਚ ਤਾਇਨਾਤ ਏ.ਐਸ.ਆਈ. ਸ਼ਰੀਫ ਖਾਨ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਣੇ ਮੇਨ ਰੋਡ ਸੁਖੀਆ ਨਗਰ ਸ਼ਹਿਣਾ ਮੌਜੂਦ ਸੀ, ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਲਦੇਵ ਸਿੰਘ ਆਪਣੀ ਵਰੀਟੋ ਕਾਰ ਨੰਬਰ- ਸੀ.ਐਚ-01 ਏ.ਜੀ 4691 ਵਿੱਚ ਬਾਹਰੋ ਹੈਰੋਇਨ ਚਿੱਟਾ ਲਿਆਕੇ ਭਦੌੜ, ਬਰਨਾਲਾ ਦੇ ਆਸ ਪਾਸ ਖੇਤਰਾਂ ਵਿੱਚ ਵੇਚਣ ਦਾ ਧੰਦਾ ਕਰਦਾ ਹੈ। ਦੋਸ਼ੀ ਖਿਲਾਫ ਕੇਸ ਦਰਜ ਕਰਕੇ ਥਾਣਾ ਸ਼ਹਿਣਾ ਦੇ ਐਸ.ਐਚ.ਉ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਉਸ ਨੂੰ ਕਾਰ ਸਮੇਤ 300 ਗ੍ਰਾਮ ਚਿੱਟੇ ਸਣੇ ਗਿਰਫਤਾਰ ਕਰ ਲਿਆ ਹੈ। ਵਰਨਣਯੋਗ ਹੈ ਕਿ ਚਾਲੂ ਸਾਲ ਦੇ ਫਰਵਰੀ ਮਹੀਨੇ ਵਿੱਚ ਜਿਲ੍ਹੇ ਦੀ ਕਮਾਂਡ ਸੰਭਾਲਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਪੁਲਿਸ ਨੂੰ ਨਸ਼ਿਆਂ ਖਿਲਾਫ ਜੰਗੀ ਪੱਧਰ ਤੇ ਮੁਹਿੰਮ ਵਿੱਢਣ ਲਈ ਕਿਹਾ ਸੀ। ਨਸ਼ਾ ਤਸਕਰਾਂ ਖਿਲਾਫ ਉਨਾਂ ਵੱਲੋਂ ਵਿੱਢੀ ਮੁਹਿੰਮ ਦੇ ਤਹਿਤ ਸੀ.ਆਈ.ਏ. ਦੀ ਪੁਲਿਸ ਨੇ ਆਗਰਾ-ਮਥਰਾ ਗੈਂਗ ਤੱਕ ਨੂੰ ਬੇਨਕਾਬ ਕਰਕੇ ਲੱਖਾਂ ਦੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਤੇ ਟੀਕੇ ਬਰਾਮਦ ਕਰ ਦੋਸ਼ੀਆਂ ਤੋਂ ਕਰੋੜਾਂ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਸੀ।