ਹੁਣ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਘਰ ਬਣਾਉਣ ਦਾ ਸੁਪਨਾ ਹੋ ਸਕਦੈ ਪੂਰਾ

Advertisement
Spread information

ਪੰਜਾਬ ਵਾਸੀਆਂ ਲਈ ਨਿਊ ਚੰਡੀਗੜ੍ਹ ’ਚ ਘਰ ਬਣਾਉਣ ਦਾ ਮੌਕਾ

ਗਮਾਡਾ ਈਕੋ ਸਿਟੀ-2 ਸਕੀਮ ਨੂੰ ਆਮ ਲੋਕਾਂ ਵਲੋਂ ਮਿਲ ਰਿਹੈ ਭਰਵਾਂ ਹੁੰਗਾਰਾ


ਹਰਿੰਦਰ ਨਿੱਕਾ/ਰਘਬੀਰ ਹੈਪੀ , ਸੰਗਰੂਰ, ਬਰਨਾਲਾ, 29 ਦਸੰਬਰ: 2020
         ਹੁਣ ਪੰਜਾਬ ਵਾਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਈਕੋ ਸਿਟੀ-2, ਨਿਊ ਚੰਡੀਗੜ੍ਹ ਵਿਖੇ 289 ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਸਕੀਮ 7 ਦਸੰਬਰ, 2020 ਨੂੰ ਸ਼ੁਰੂ ਹੋਈ ਸੀ ਅਤੇ 14 ਜਨਵਰੀ, 2021 ਨੂੰ ਬੰਦ ਹੋਵੇਗੀ। ਪਲਾਟਾਂ ਦੀ ਅਲਾਟਮੈਂਟ ਦੀ ਕੀਮਤ 25 ਹਜ਼ਾਰ ਰੁਪਏ ਪ੍ਰਤੀ ਗਜ ਤੈਅ ਕੀਤੀ ਗਈ ਹੈ। ਇਸ ਸਕੀਮ ਵਿਚ 200 ਗਜ, 300 ਗਜ, 400 ਗਜ, 450 ਗਜ, 500 ਗਜ, 1000 ਗਜ ਅਤੇ 2000 ਗਜ ਆਕਾਰ ਦੇ ਪਲਾਟਾਂ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਗਮਾਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਦੇਸ ਦੇ ਸਾਰੇ ਆਮ ਸ਼੍ਰੇਣੀ ਦੇ ਨਾਗਰਿਕਾਂ (ਵਿਦੇਸ਼ਾਂ ਵਿੱਚ ਵਸੇ ਵਿਅਕਤੀਆਂ ਨੂੰ ਛੱਡ ਕੇ) ਲਈ ਖੁੱਲ੍ਹੀ ਹੈ, ਜਿਨ੍ਹਾਂ ਦੀ ਉਮਰ ਸਕੀਮ ਵਿੱਚ ਬਿਨੈ ਕਰਨ ਦੀ ਆਖਰੀ ਤਰੀਕ ਤੱਕ 18 ਸਾਲ ਹੋਵੇ। ਇਸ ਸਕੀਮ ਵਿਚ ਬਜ਼ੁਰਗ ਨਾਗਰਿਕਾਂ ਨੂੰ ਅਲਾਟਮੈਂਟ ਵਿੱਚ ਤਰਜੀਹ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਲਾਟਮੈਂਟ ਲਈ ਮਹਿਲਾ ਬਿਨੈਕਾਰਾਂ ਨੂੰ ਵਿਚਾਰਿਆ ਜਾਵੇਗਾ। ਇਨ੍ਹਾਂ ਬਿਨੈਕਾਰਾਂ ਦੀ ਸੂਚੀ ਖਤਮ ਹੋ ਜਾਣ ਤੋਂ ਬਾਅਦ ਹੋਰਨਾਂ ਬਿਨੈਕਾਰਾਂ ਨੂੰ ਅਲਾਟਮੈਂਟ ਲਈ ਵਿਚਾਰਿਆ ਜਾਵੇਗਾ। ਇਸ ਸਕੀਮ ਵਿਚ ਵੱਖ-ਵੱਖ ਰਾਖਵੀਆਂ ਅਤੇ ਤਰਜੀਹੀ ਸ਼੍ਰੇਣੀਆਂ ਨੂੰ ਦਿੱਤੇ ਜਾਂਦੇ ਲਾਭ, ਸੂਬੇ ਦੇ ਉਨ੍ਹਾਂ ਵਸਨੀਕਾਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਦਾ ਦੇਸ਼ ਵਿੱਚ ਆਪਣਾ ਜਾਂ ਉਨ੍ਹਾਂ ਦੇ ਜੀਵਨ ਸਾਥੀ ਦਾ ਕੋਈ ਪਲਾਟ/ਮਕਾਨ ਨਹੀਂ ਹੈ।
 ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਲਈ ਭੁਗਤਾਨ ਨੂੰ ਬਹੁਤ ਸੁਵਿਧਾਜਨਕ ਬਣਾਇਆ ਗਿਆ ਹੈ। ਪਲਾਟ ਦੀ ਕੁੱਲ ਕੀਮਤ ਦੀ 10 ਫੀਸਦੀ ਰਕਮ ਬਿਨੈ-ਪੱਤਰ ਦੇਣ ਵੇਲੇ ਪੇਸ਼ਗੀ ਵਜੋਂ ਜਮ੍ਹਾ ਕੀਤੀ ਜਾਣੀ ਹੈ, ਜਦਕਿ ਲੈਟਰ ਆਫ ਇੰਟੈਂਟ ਜਾਰੀ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ 15 ਫੀਸਦੀ ਭੁਗਤਾਨ ਕੀਤਾ ਜਾਣਾ ਹੈ। ਬਕਾਇਆ 75 ਫੀਸਦੀ ਰਕਮ ਲੇਟਰ ਆਫ ਇੰਟੈਂਟ ਜਾਰੀ ਹੋਣ ਦੇ 60 ਦਿਨਾਂ ਦੇ ਅੰਦਰ ਇਕਮੁਸਤ ਜਾਂ ਸਾਲਾਨਾ 9 ਫੀਸਦੀ ਵਿਆਜ ਦੇ ਨਾਲ ਛੇ ਛਮਾਹੀ ਕਿਸ਼ਤਾਂ ਰਾਹੀਂ ਜਮ੍ਹਾ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕਮੁਸਤ ਅਦਾਇਗੀ ਕਰਨ ਵਾਲੇ ਅਲਾਟੀਆਂ ਨੂੰ ਬਕਾਇਆ ਰਕਮ ’ਤੇ 5 ਫੀਸਦੀ ਛੋਟ ਦਿੱਤੀ ਜਾਵੇਗੀ।
 ਇਸ ਸਕੀਮ ਦਾ ਬਰੋਸ਼ਰ ਪੁੱਡਾ ਭਵਨ, ਸੈਕਟਰ-62, ਐਸ.ਏ.ਐਸ.ਨਗਰ ਦੇ ਸਿੰਗਲ ਵਿੰਡੋ ਸਰਵਿਸ ਕਾਊਂਟਰ ਜਾਂ ਇਸ ਸਕੀਮ ਨਾਲ ਜੁੜੇ ਵੱਖ-ਵੱਖ ਬੈਂਕਾਂ ਦੀਆਂ ਸ਼ਾਖਾਵਾਂ (ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਆਈਡੀਬੀਆਈ ਬੈਂਕ, ਸਟੇਟ ਬੈਂਕ ਆਫ ਇੰਡੀਆ, ਏਯੂ ਸਮਾਲ ਫਾਇਨਾਂਸ ਬੈਂਕ, ਬੈਂਕ ਆਫ ਬੜੌਦਾ, ਯੈਸ ਬੈਂਕ ਅਤੇ ਐਚਡੀਐਫਸੀ ਬੈਂਕ) ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸਦੀ ਕੀਮਤ 100 ਰੁਪਏ ਹੈ। ਹਰ ਪ੍ਰਕਾਰ ਤੋਂ ਮੁਕੰਮਲ ਅਰਜ਼ੀਆਂ ਆਖਰੀ ਮਿਤੀ ਜਾਂ ਇਸ ਤੋਂ ਪਹਿਲਾਂ ਬੈਂਕਾਂ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਬਿਨੈਕਾਰ  gmada.gov.in ਵੈਬਸਾਈਟ ’ਤੇ ਵੀ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਅਦਾਇਗੀ ਆਨਲਾਈਨ ਕੀਤੀ ਜਾ ਸਕਦੀ ਹੈ।    

Advertisement
Advertisement
Advertisement
Advertisement
Advertisement
error: Content is protected !!