ਪਟਿਆਲਾ ਜ਼ਿਲ੍ਹੇ ‘ਚ 24 ਵੁਮੈਨ ਹੈਲਪ ਡੈਸਕ ਸਥਾਪਤ
ਰਾਜੇਸ਼ ਗੌਤਮ , ਪਟਿਆਲਾ, 29 ਦਸੰਬਰ: 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਨੂੰ ਨਵੇਂ ਵਰ੍ਹੇ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਜਿਸ ਦੇ ਤਹਿਤ ਔਰਤਾਂ ਅਤੇ ਬੱਚਿਆ ਨਾਲ ਸਬੰਧਤ ਮਾਮਲਿਆਂ/ਅਪਰਾਧਾਂ ਦੇ ਹੱਲ ਲਈ 1 ਜਨਵਰੀ 2021 ਨੂੰ ਸੂਬੇ ਭਰ ‘ਚ 488 ਵੁਮੈਨ ਹੈਲਪ ਡੈਸਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸ ‘ਚੋਂ 24 ਵੁਮੈਨ ਹੈਲਪ ਡੈਸਕ ਪਟਿਆਲਾ ਜ਼ਿਲ੍ਹੇ ‘ਚ ਸਥਾਪਤ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਪੰਜਾਬ ਵੱਲੋਂ ਔਰਤਾਂ ਅਤੇ ਬੱਚਿਆ ਨਾਲ ਸਬੰਧਤ ਮਾਮਲਿਆਂ/ਅਪਰਾਧਾਂ ਨਾਲ ਨਜਿੱਠਣ ਲਈ ਥਾਣਾ ਪੱਧਰ ਤੇ 488 ਵੁਮੈਨ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ । ਜਿਨ੍ਹਾਂ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਤੀ 1 ਜਨਵਰੀ 2021 ਨੂੰ ਉਦਘਾਟਨ ਕੀਤਾ ਜਾਵੇਗਾ। ਜਿਸ ਵਿੱਚ ਕਿਸੇ ਵੀ ਵਿਅਕਤੀ/ਔਰਤ/ਬੱਚੇ ਵੱਲੋਂ 112 ਤੇ ਕੀਤੀ ਗਈ ਕਾਲ ਸੁਣ ਕੇ ਉਸਦਾ ਵੀ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 24 ਵੁਮੈਨ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚੋ 18 ਵੁਮੈਨ ਹੈਲਪ ਡੈਸਕ ਸਾਂਝ ਕੇਂਦਰਾਂ ਦੀ ਬਿਲਡਿੰਗ ਵਿੱਚ ਅਤੇ 6 ਵੁਮੈਨ ਹੈਲਪ ਡੈਸਕ ਥਾਣਾ ਪੱਧਰ ਵਿੱਚ ਸਥਾਪਤ ਕੀਤੇ ਗਏ ਹਨ। ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਐਸ.ਪੀ. ਸਿਟੀ ਕਮ ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਸ੍ਰੀ ਵਰੁਣ ਸ਼ਰਮਾ ਇਨ੍ਹਾਂ ਵੁਮੈਨ ਹੈਲਪ ਡੈਸਕਾਂ ਦੀ ਸੁਪਰਵਿਜ਼ਨ ਕਰਨ ਲਈ ਨਾਮਜ਼ਦ ਕੀਤੇ ਗਏ ਹਨ ਅਤੇ ਡੀ.ਐਸ.ਪੀ. ਪੀ.ਬੀ.ਆਈ., ਕਰਾਇਮ ਵਿਰੁੱਧ ਔਰਤਾਂ ਅਤੇ ਬੱਚੇ, ਜ਼ਿਲ੍ਹਾ ਪਟਿਆਲਾ ਸ਼੍ਰੀਮਤੀ ਬਿੰਦੂ ਬਾਲਾ ਵੁਮੈਨ ਹੈਲਪ ਡੈਸਕਾਂ ਦੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਈ ਹਨ। ਹਰੇਕ ਵੁਮੈਨ ਹੈਲਪ ਡੈਸਕ ਲਈ ਦੋ-ਦੋ ਮਹਿਲਾ ਪੁਲਿਸ ਕਰਮਚਾਰੀ ਬਤੌਰ ਪੰਜਾਬ ਪੁਲਿਸ ਮਹਿਲਾ ਮਿੱਤਰ ਨਾਜਮਦ ਕੀਤੇ ਗਏ ਹਨ, ਜੋ ਹਰ ਰੋਜ਼ ਸਵੇਰੇ 9.00 ਵਜੇ ਤੋਂ ਸਾਮ 6.00 ਵਜੇ ਤੱਕ ਸੇਵਾਵਾਂ ਪ੍ਰਦਾਨ ਕਰਨਗੇ।
ਐਸ.ਐਸ.ਪੀ. ਨੇ ਦੱਸਿਆ ਕਿ ਮਹਿਲਾ ਪੁਲਿਸ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਗਜ਼ਟਿਡ ਅਧਿਕਾਰੀਆਂ ਦੀ ਰੇਂਜ ਪੱਧਰ ਦੀ ਇੱਕ ਕਮੇਟੀ ਗਠਿਤ ਕੀਤੀ ਹੋਈ ਹੈ। ਇਸ ਸਬੰਧ ਵਿੱਚ ਅੱਜ ਮਿਤੀ 29 ਦਸੰਬਰ ਨੂੰ ਪੁਲਿਸ ਲਾਇਨ ਪਟਿਆਲਾ ਦੇ ਕਾਨਫ਼ਰੰਸ ਹਾਲ ਵਿਖੇ ‘ਸੈਕੁਸ਼ਅਲ ਅਸਾਲਟ ਐਵੀਡੈਂਸ ਕੁਲੈਕਸ਼ਨ ਕਿਟਸ ਦੀ ਵਰਤੋਂ’ ਦੇ ਸਬੰਧ ਵਿੱਚ ਇੱਕ ਰੋਜ਼ਾ ਆਨ-ਲਾਈਨ ਟਰੇਨਿੰਗ ਕਰਵਾਈ ਗਈ ਹੈ। ਜਿਸ ‘ਚ ਪਟਿਆਲਾ ਜ਼ਿਲ੍ਹੇ ਦੇ ਥਾਣਾ ਪੱਧਰ ਦੇ ਪੰਜਾਬ ਪੁਲਿਸ ਮਹਿਲਾ ਮਿੱਤਰ ਅਤੇ ਮਹਿਲਾ ਪੁਲਿਸ ਅਫਸਰ ਹਾਜਰ ਹੋਏ ਹਨ, ਜਿਨ੍ਹਾਂ ਨੂੰ ਉਪਰੋਕਤ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟਰੇਨਿੰਗ ਉਪਰੰਤ ਮਹਿਲਾ ਅਫ਼ਸਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਹਨ।
ਇਸ ਤੋਂ ਇਲਾਵਾ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਅਤੇ ਕਪਤਾਨ ਪੁਲਿਸ ਪੀ.ਬੀ.ਆਈ ਅਤੇ ਸਕਿਉਰਿਟੀ ਡਾ. ਸਿਮਰਤ ਕੌਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਵਿਖੇ ਘਰੇਲ਼ੂ ਲੜਾਈ ਝਗੜਿਆਂ ਸਬੰਧੀ ਮਾਮਲਿਆਂ ਦਾ ਨਿਪਟਾਰਾ ਕਰਨ ਲਈ ‘ਉਮੀਦ ਫੈਮਲੀ ਕਾਊਂਸਲਿੰਗ ਐਂਡ ਸਪੋਰਟ ਸੈੱਲ’ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਦੋ ਮਨੋਵਿਗਿਆਨੀ, ਦੋ ਸਮਾਜ ਵਿਗਿਆਨੀ ਅਤੇ ਦੋ ਕਾਨੂੰਨਦਾਨ ਅਤੇ ਇੱਕ ਪੁਲਿਸ ਅਫ਼ਸਰਾਂ ਦਾ ਪੈਂਨਲ ਤਿਆਰ ਕੀਤਾ ਗਿਆ ਹੈ ਤਾਂ ਜੋ ਹਰੇਕ ਥਾਣੇ ਦੇ ਏਰੀਆ ਵਿੱਚ ਰਹਿਣ ਵਾਲੀਆਂ ਔਰਤਾਂ ਅਤੇ ਬੱਚੇ ਇਸ ਪੈਨਲ ਕੋਲ ਆਪਣੀ ਦੁੱਖ ਤਕਲੀਫ ਖੁੱਲ੍ਹ ਕੇ ਦੱਸ ਸਕਣ।