ਹਲਕਾ ਇੰਚਾਰਜ ਕੁਲਵੰਤ ਕੀਤੂ, ਜਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ, ਬਿੱਟੂ ਦਿਵਾਨਾ ਅਤੇ ਜਤਿੰਦਰ ਜਿੰਮੀ ਨੇ ਸਿਰੋਪਾਉ ਭੇਂਟ ਕਰਕੇ ਬੀਬੀ ਮਹਿਤਾ ਦੀ ਕਰਵਾਈ ਘਰ ਵਾਪਸੀ
4 ਵਾਰ ਐਮ.ਸੀ. ਰਹੇ ਮਾਘ ਸਿੰਘ ਮਹਿਤਾ ਅਤੇ 2 ਵਾਰ ਐਮ.ਸੀ. ਰਹੇ ਤਾਰਾ ਸਿੰਘ ਮਹਿਤਾ ਦੀ ਰਾਜਸੀ ਵਾਰਿਸ ਜਸਵੀਰ ਕੌਰ ਮਹਿਤਾ ਮੁੜ ਚੋਣ ਮੈਦਾਨ ‘ਚ ਉਤਰਨ ਲਈ ਤਿਆਰ
ਹਰਿੰਦਰ ਨਿੱਕਾ, ਬਰਨਾਲਾ 29 ਦਸੰਬਰ 2020
ਨਗਰ ਕੌਂਸਲ ਦੀ ਰਾਜਨੀਤੀ ਵਿੱਚ ਵੱਡੇ ਨਾਮ ਦੇ ਤੌਰ ਤੇ ਸ਼ੁਮਾਰ ਮਹਿਤਾ ਪਰਿਵਾਰ ਦੀ ਤੀਜੀ ਪੀੜੀ ਦੀ ਰਾਜਸੀ ਵਿਰਾਸਤ ਸੰਭਾਲ ਚੁੱਕੀ ਸਾਬਕਾ ਕੌਂਸਲਰ ਜਸਵੀਰ ਕੌਰ ਮਹਿਤਾ ਨੇ ਆਪਣੇ ਸੈਂਕੜੇ ਸਮਰਥਕਾ ਸਮੇਤ ਅੱਜ ਗੁਰੂਦੁਆਰਾ ਰਾਮਗੜੀਆ ਵਿਖੇ ਕਾਂਗਰਸ ਦਾ ਪੰਜਾ ਛੱਡ , ਅਕਾਲੀ ਦਲ ਦੀ ਤਕੜੀ ਫੜ੍ਹ ਕੇ ਘਰ ਵਾਪਸੀ ਦਾ ਐਲਾਨ ਕਰ ਦਿੱਤਾ। ਇਸ ਮੌਕੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਅਕਾਲੀ ਦਲ ਦੇ ਦਿਹਾਤੀ ਜਿਲ੍ਹਾ ਪ੍ਰਧਾਨ ਸੰਤ ਬਾਬਾ ਟੇਕ ਸਿੰਘ ਧਨੌਲਾ, ਸ਼ਹਿਰੀ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦਿਵਾਨਾ, ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਸੂਬਾਈ ਆਗੂ ਜਤਿੰਦਰ ਜਿੰਮੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਜਸਵੀਰ ਕੌਰ ਮਹਿਤਾ ਨੂੰ ਸਿਰੋਪਾਉ ਭੇਂਟ ਕਰਕੇ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਵਾਈ।ਬਰਨਾਲਾ ਟੂਡੇ ਵੱਲੋਂ ਕੱਲ ਦੇਰ ਰਾਤ ਹੀ ਜਸਵੀਰ ਕੌਰ ਮਹਿਤਾ ਦੇ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਖੁਲਾਸਾ ਕਰ ਦਿੱਤਾ ਸੀ। ਇਸ ਮੌਕੇ ਸੀਨੀਅਰ ਆਗੂ ਜਤਿੰਦਰ ਜਿੰਮੀ ਨੇ ਮਹਿਤਾ ਪਰਿਵਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਬੇਸ਼ੱਕ ਮਹਿਤਾ ਪਰਿਵਾਰ ਰਾਜਸੀ ਤੌਰ ਦੇ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਫਿਰ ਵੀ ਉਹ ਦੱਸਣਾ ਚਾਹੁੰਦੇ ਹਨ ਕਿ ਜਸਵੀਰ ਕੌਰ ਮਹਿਤਾ ਦਾ ਸੌਹਰਾ ਸਰਦਾਰ ਤਾਰਾ ਸਿੰਘ ਮਹਿਤਾ 2 ਵਾਰ ਨਗਰ ਕੌਂਸਲ ਦੇ ਮੈਂਬਰ ਰਹੇ। ਇਸੇ ਤਰਾਂ ਉਸਦੇ ਦਾਦਾ ਸੌਹਰਾ ਮਾਘ ਸਿੰਘ ਮਹਿਤਾ 4 ਵਾਰ ਐਮ.ਸੀ. ਰਹੇ ਹਨ। ਮਹਿਤਾ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੁੱਲ 7 ਵਾਰ ਨਗਰ ਕੌਂਸਲ ਵਿੱਚ ਇਲਾਕੇ ਦੇ ਲੋਕਾਂ ਅਤੇ ਭਾਈਚਾਰੇ ਦੀ ਨੁਮਾਇੰਦਗੀ ਕੀਤੀ ਹੈ। ਇਹ ਮਾਣ ਮਹਿਤਾ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਪਰਿਵਾਰ ਦੇ ਹਿੱਸੇ ਨਹੀਂ ਆਇਆ। ਉਨਾਂ ਕਿਹਾ ਕਿ ਬੇਸ਼ੱਕ ਜਸਵੀਰ ਕੌਰ ਮਹਿਤਾ ਕਿਸੇ ਮਾਮੂਲੀ ਨਰਾਜਗੀ ਕਾਰਣ ਅਕਾਲੀ ਦਲ ਨੂੰ ਵਖਤੀ ਤੌਰ ਦੇ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਪਰੰਤੂ ਮਹਿਤਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ, ਅਕਾਲੀ ਦਲ ਦੇ ਦਿਹਾਤੀ ਜਿਲ੍ਹਾ ਪ੍ਰਧਾਨ ਸੰਤ ਬਾਬਾ ਟੇਕ ਸਿੰਘ ਧਨੌਲਾ, ਸ਼ਹਿਰੀ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦਿਵਾਨਾ, ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਸੂਬਾਈ ਆਗੂ ਜਤਿੰਦਰ ਜਿੰਮੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੇ ਜਸਵੀਰ ਕੌਰ ਮਹਿਤਾ ਨੂੰ ਭਰੋਸਾ ਦਿੱਤਾ ਕਿ ਅਕਾਲੀ ਦਲ ਉਨਾਂ ਦੇ ਮਾਣ ਸਨਮਾਨ ਵਿੱਚ ਕੋਈ ਕਮੀ ਨਹੀਂ ਰਹਿਣ ਦੇਵੇਗਾ। ਇਸ ਮੌਕੇ ਸਾਬਕਾ ਕੌਂਸਲਰ ਕਰਮਜੀਤ ਸਿੰਘ ਬਾਜਵਾ, ਸੁਖਪਾਲ ਸਿੰਘ ਰੋਮਾਣਾ, ਗਗਨਦੀਪ ਸਿੰਘ ਟਿੰਕੂ, ਬੀ.ਸੀ. ਵਿੰਗ ਦੇ ਆਗੂ ਸੁਖਦੇਵ ਸਿੰਘ, ਹਰਪਾਲ ਸਿੰਘ ਪਾਲੀੇ , ਨੰਬਰਦਾਰ ਸੁਖਦੇਵ ਸਿੰਘ ਆਦਿ ਅਕਾਲੀ ਨੇਤਾ ਅਤੇ ਵਰਕਰ ਮੌਜੂਦ ਰਹੇ।