4 ਸਾਲ ਪਹਿਲਾਂ ਲਵਲੀਨ ਨੇ ਸਕੂਲ ‘ਚ ਵੱਡੀਆਂ ਕਾਪੀਆਂ ਉੱਪਰ ਮਲਾਲਾ ਅਤੇ ਮਦਰ ਟਰੇਸਾ ਦੀਆਂ ਫੋਟੋਆਂ ਲਾਉਣ ਤੇ ਵੀ ਜਤਾਇਆ ਸੀ ਰੋਸ,,,
ਹਰਿੰਦਰ ਨਿੱਕਾ , ਬਰਨਾਲਾ 26 ਦਸੰਬਰ 2020
ਕੇਂਦਰ ਸਰਕਾਰ ਵੱਲੋਂ ਲਾਗੂ ਤਿੰਨ ਖੇਤੀ ਵਿਰੋਧੀ ਕਾਨੂੰਨਾ ਖਿਲਾਫ ਵੱਖ ਵੱਖ ਕਿਸਾਨ ਯੂਨੀਅਨਾਂ ਦੀ ਅਗਵਾਈ ‘ਚ ਜਾਰੀ ਧਰਨਿਆਂ ਵਿੱਚ ਸ਼ਾਮਿਲ ਔਰਤਾਂ ਬਾਰੇ ਫੇਸਬੁੱਕ ਤੇ ਅਸ਼ਲੀਲ ਅਤੇ ਭੱਦੀਆਂ ਟਿੱਪਣੀਆਂ ਕਰਨ ਵਾਲੇ ਵਿਅਕਤੀ ਲਵਲੀਨ ਸ਼ਰਮਾ ਦੇ ਖਿਲਾਫ ਬੇਸ਼ੱਕ ਪੁਲਿਸ ਨੇ ਕੇਸ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪਰੰਤੂ ਲੋਕਾਂ ਵਿੱਚ ਲਵਲੀਨ ਅਤੇ ਉਸ ਦੀ ਵਿਚਾਰਧਾਰਾ ਅਤੇ ਪਿਛੋਕੜ ਬਾਰੇ ਜਾਣਨ ਦੀ ਜਗਿਆਸਾ ਹੋਰ ਵੱਧ ਗਈ ਹੈ। ਕਿਉਂਕਿ ਹੁਣ ਜਦੋਂ ਸਮਾਜ ਦਾ ਹਰ ਵਰਗ, ਧਰਮ, ਜਾਤੀ ਅਤੇ ਖਿੱਤਿਆਂ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਕਿਸਾਨ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਨੂੰ ਮਾਣ ਮਹਿਸੂਸ ਕਰ ਰਿਹਾ ਹੈ, ਉਦੋਂ ਅਜਿਹਾ ਵਿਅਕਤੀ ਸੰਘਰਸ਼ ਦੀ ਦਿਸ਼ਾ ਬਦਲਣ ਅਤੇ ਸਮਾਜ ਵਿੱਚ ਨਫਰਤ ਫੈਲਾਉਣ ਦੀ ਕੋਝੀ ਕੋਸ਼ਿਸ਼ ਕਰਨ ਦਾ ਹੀਆਂ ਆਮ ਵਿਅਕਤੀ ਕਦਾਚਿਤ ਨਹੀਂ ਕਰ ਸਕਦਾ । ਦਰਸਅਸਲ ਲਵਲੀਨ ਕੁਮਾਰ ਹਿੰਦੂ ਕੱਟੜਵਾਦੀ ਵਿਚਾਰਧਾਰਾ ਦਾ ਅਨਿਯਾਈ ਹੋਣ ਦਾ ਦਾਵਾ ਕਰਦਾ ਹੈ। ਉਸ ਦੀ ਆਪਣੀ ਫੋਟੋ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਵੀ ਲਹਿਰਾ ਰਿਹਾ ਹੈ। ਭਾਜਪਾ ਦੇ ਸੂਬਾਈ ਆਗੂ ਅਨੁਸਾਰ ਲਵਲੀਨ ਸ਼ਰਮਾ ਭਾਜਪਾ ਦਾ ਕੋਈ ਅਹੁਦੇਦਾਰ ਨਹੀਂ ਹੈ।
ਬਰਨਾਲਾ ਟੂਡੇ ਦੀ ਟੀਮ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਇਹ ਠੋਸ ਤੱਥ ਸਾਹਮਣੇ ਆਇਆ ਕਿ ਲਵਲੀਨ ਸ਼ਰਮਾ ,ਹਿੰਦੂ ਕੱਟੜਵਾਦੀ ਵਿਚਾਰਧਾਰਾ ਦਾ ਸਮਰਥਕ ਵਿਅਕਤੀ ਹੈ। ਲਵਲੀਨ ਨੇ ਕਰੀਬ 4 ਵਰ੍ਹੇ ਪਹਿਲਾਂ 14/12/2016 ਨੂੰ ਸਰਵ ਹਿਤਕਾਰੀ ਸਕੂਲ ਧਨੌਲਾ ਵਿਖੇ ਟ੍ਰਾਈਡੈਂਟ ਗਰੁੱਪ ਵੱਲੋਂ ਬੱਚਿਆਂ ਲਈ ਵੰਡੀਆਂ ਕਾਪੀਆਂ ਉੱਪਰ ਨੋਬਲ ਪੁਰਸਕਾਰ ਵਿਜੇਤਾ ਪਾਕਿਸਤਾਨੀ ਮਹਿਲਾ ਮਲਾਲਾ ਯੂਸਫ ਜਈ ਅਤੇ ਕ੍ਰਿਸਚੀਅਨ ਧਰਮ ਨਾਲ ਸਬੰਧਿਤ ਨੋਬਲ ਪੁਰਸਕਾਰ ਵਿਜੇਤਾ ਮਦਰ ਟਰੇਸਾ ਦੀਆਂ ਫੋਟੋਆਂ ਪ੍ਰਕਾਸ਼ਿਤ ਕਰਨ ਤੇ ਵੀ ਵੱਡਾ ਵਾਵੇਲਾ ਖੜ੍ਹਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਇਸ ਲਈ ਲਵਲੀਨ ਨੇ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਦੇ ਨਾਮ ਤੇ ਸਕੂਲ ਵਿੱਚ ਪੜ੍ਹਦੀ ਆਪਣੀ ਬੱਚੀ ਦੀ ਨੋਟ ਬੁੱਕ ਤੇ ਹੱਥ ਨਾਲ ਇੱਕ ਵੱਡਾ ਨੋਟ ਲਿਖ ਕੇ ਇਤਰਾਜ ਕੀਤਾ ਸੀ। ਉਸ ਦਾ ਕਹਿਣਾ ਸੀ ਕਿ ਕੀ ਟ੍ਰਾਈਡੈਂਟ ਵਾਲਿਆਂ ਨੂੰ ਕਾਪੀਆਂ ਉੱਪਰ ਪ੍ਰਕਾਸ਼ਿਤ ਕਰਨ ਲਈ ਰੋਲ ਮਾਡਲ ਦੇ ਤੌਰ ਤੇ ਕੋਈ ਭਾਰਤੀ ਕਿਉਂ ਨਹੀਂ ਮਿਲਿਆ। ਉਸ ਨੇ ਆਪਣੀ ਬੱਚੀ ਨੂੰ ਮਿਲੀਆਂ ਕਾਪੀਆਂ ਵੀ ਇਤਰਾਜ ਲਗਾ ਕੇ ਸਕੂਲ ਪ੍ਰਿੰਸੀਪਲ ਨੂੰ ਵਾਪਿਸ ਮੋੜ ਦਿੱਤੀਆਂ ਸਨ। ਉਸ ਨੇ ਪ੍ਰਿੰਸੀਪਲ ਨੂੰ ਇਹ ਵੀ ਲਿਖਿਆ ਕਿ ਉਸ ਦਾ ਇਹ ਇਤਰਾਜ ਟ੍ਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਤੱਕ ਪਹੁੰਚਾ ਦਿੱਤਾ ਜਾਵੇ।
ਫੇਸਬੁੱਕ ਤੇ ਪੋਸਟ ਕੀਤਾ ਸੀ ਇਤਰਾਜ ਕਰਨ ਵਾਲਾ ਨੋਟ
ਲਵਲੀਨ ਸ਼ਰਮਾਂ ਨੇ ਪ੍ਰਿੰਸੀਪਲ ਕੋਲ ਲਿਖਤੀ ਇਤਰਾਜ ਭੇਜਣ ਤੋਂ ਇਲਾਵਾ ਫੇਸਬੁੱਕ ਤੇ ਵੀ ਆਪਣੀ ਹੱਥ ਲਿਖਤ ਮਦਰ ਟਰੇਸਾ ਅਤੇ ਮਲਾਲਾ ਦੀਆਂ ਫੋਟੋਆਂ ਪ੍ਰਕਾਸ਼ਿਤ ਕਾਪੀਆਂ ਦੀ ਫੋਟੋ ਵੀ ਪੋਸਟ ਕੀਤੀ ਗਈ ਸੀ। ਪਰੰਤੂ ਉਸ ਸਮੇਂ ਲਵਲੀਨ ਸੂਬੇ ਵਿੱਚ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਹੋਣ ਦੇ ਕਾਰਣ ਕਿਸੇ ਪੁਲਿਸ ਕਾਰਵਾਈ ਤੋਂ ਬਚਣ ਵਿੱਚ ਸਫਲ ਰਿਹਾ ਸੀ। ਸਿਰ ਉੱਪਰ ਪਗੜੀ ਸਜਾਉਣ ਵਾਲਾ ਲਵਲੀਨ ਕੁਮਾਰ ਹੁਣ ਫਿਰ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲੀਆਂ ਸੰਘਰਸ਼ਸ਼ੀਲ ਔਰਤਾਂ ਖਿਲਾਫ ਅਸ਼ਲੀਲ ਤੇ ਭੱਦੀਆਂ ਟਿੱਪਣੀਆਂ, ਜਿਨਾਂ ਨੂੰ ਲਿਖਣਾ ਵੀ ਬਰਨਾਲਾ ਟੂਡੇ,, ਪੱਤਰਕਾਰਿਤਾ ਦੀ ਮਰਿਆਦਾ ਦੇ ਉਲਟ ਹੋਣ ਕਰਕੇ ਉਚਿਤ ਹੀ ਨਹੀਂ ਸਮਝਦਾ। ਉੱਧਰ ਲਵਲੀਨ ਸ਼ਰਮਾ ਦਾ ਪੱਖ ਜਾਨਣ ਲਈ ਉਨ੍ਹਾਂ ਦੇ ਮੋਬਾਇਲ ਤੇ ਕਈ ਵਾਰ ਸੰਪਰਕ ਕੀਤਾ, ਪਰ ਲਵਲੀਨ ਦਾ ਫੋਨ ਕਵਰੇਜ਼ ਖੇਤਰ ਤੋਂ ਬਾਹਰ ਹੋਣਾ ਹੀ ਬੋਲਦਾ ਰਿਹਾ।
ਭਾਜਪਾ ਦਾ ਕੋਈ ਅਹੁਦੇਦਾਰ ਨਹੀਂ ਲਵਲੀਨ ਸ਼ਰਮਾ
ਭਾਰਤੀ ਜਨਤਾ ਪਾਰਟੀ ਦੇ ਆੜਤੀ ਸੈਲ ਦੇ ਸੂਬਾਈ ਪ੍ਰਧਾਨ ਧੀਰਜ ਦੱਧਾਹੂਰ ਨੇ ਲਵਲੀਨ ਸ਼ਰਮਾਂ ਵੱਲੋਂ ਫੇਸਬੁੱਕ ਤੇ ਕਿਸਾਨ ਔਰਤਾਂ ਖਿਲਾਫ ਕੀਤੀਆਂ ਅਸ਼ਲੀਲ ਟਿੱਪਣੀਆਂ ਦੀ ਕਰੜੀ ਨਿੰਦਿਆਂ ਕਰਦਿਆਂ ਕਿਹਾ ਕਿ ਭਾਜਪਾ ਸਭ ਦਾ ਸਾਥ ਲੈ ਕੇ ਚੱਲਣ ਦੀ ਵਿਚਾਰਧਾਰਾ ਵਾਲੀ ਪਾਰਟੀ ਹੈ। ਇਸ ਲਈ ਦੇਸ਼ ਦੀ ਅੱਧੀ ਆਬਾਦੀ ਔਰਤਾਂ ਖਿਲਾਫ ਬੁਰਾ ਬੋਲਣਾ ਕੋਈ ਵੀ ਰਾਸ਼ਟਰਵਾਦੀ ਵਿਚਾਰਧਾਰਾ ਵਾਲਾ ਵਿਅਕਤੀ ਸੁਫਨੇ ਵਿੱਚ ਵੀ ਸੋਚ ਨਹੀਂ ਸਕਦਾ। ਉਨਾਂ ਕਿਹਾ ਕਿ ਕੋਈ ਵੀ ਰਾਸ਼ਟਰਵਾਦੀ ਵਿਚਾਰਧਾਰਾ ਨਾਲ ਜੁੜਿਆ ਵਿਅਕਤੀ ਔਰਤਾਂ ਨੂੰ ਆਪਣੀਆਂ ਧੀਆਂ ਭੈਣਾਂ ਤੇ ਮਾਵਾਂ ਦੇ ਬਰਾਬਰ ਸਨਮਾਨ ਦਿੰਦਾ ਹੈ। ਜਿਕਰਯੋਗ ਹੈ ਕਿ ਇਹ ਗੰਭੀਰ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਪੁਲਿਸ ਨੇ ਕਿਸਾਨ ਆਗੂ ਹਰਦੀਪ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਲਵਲੀਨ ਕੁਮਾਰ ਪੁੱਤਰ ਸਰੂਪ ਚੰਦ ਨਿਵਾਸੀ ਧਨੌਲਾ ਖਿਲਾਫ ਅਧੀਨ ਜੁਰਮ 354 ਏ/509 ਆਈ.ਪੀ.ਸੀ. ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ ਉਸਦੀ ਮੁਸਤੈਦੀ ਨਾਲ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਉਕਤ ਫਾਈਲ ਫੋਟੋ ‘ਚ ਲੰਘੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਵਿੱਚ ਰੁੱਝਿਆ ਲਵਲੀਨ ਸ਼ਰਮਾ।