ਹਰਿੰਦਰ ਨਿੱਕਾ , ਬਰਨਾਲਾ 26 ਦਸੰਬਰ 2020
ਖੇਤੀ ਘੋਲ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 87ਵੇਂ ਦਿਨ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਮਕਸਦ ਤਹਿਤ 11ਮੈਂਬਰੀ ਕਿਸਾਨ ਕਾਫਲੇ ਵੱਲੋਂ ਪੰਜਵੇਂ ਦਿਨ 24 ਘੰਟੇ ਦੀ ਭੁੱਖ ਹੜਤਾਲ ਜਾਰੀ ਰੱਖੀ ਗਈ। ਅੱਜ ਗੁਰਚਰਨ ਸਿੰਘ ਚੁਹਾਨਕੇ ਖੁਰਦ, ਬੂਟਾ ਸਿੰਘ ਠੀਕਰੀਵਾਲਾ, ਰਾਮ ਸਿੰਘ ਭਦੌੜ, ਜਸਵਿੰਦਰ ਸਿੰਘ ਮੰਡੇਰ ਨਾਈਵਾਲਾ, ਬਿੱਕਰ ਸਿੰਘ ਭੈਣੀ ਜੱਸਾ, ਹਰਜੀਤ ਸਿੰਘ ਭੈਣੀਜੱਸਾ, ਜਿਉਣ ਸਿੰਘ ਭੈਣੀ ਜੱਸਾ, ਕਰਤਾਰ ਸਿੰਘ ਸਹਿਜੜਾ, ਜੱਗਰ ਸਿੰਘ ਸਹਿਜੜਾ,ਧੰਨਾ ਸਿੰਘ ਭਦੌੜ,ਤੇ ਗੁਰਜੋਤ ਸਿੰਘ ਬਰਨਾਲਾ ਭੁੱਖ ਹੜਤਾਲ ‘ਤੇ ਬੈਠੇ। ਧਰਨੇ ਦੀ ਸ਼ੁਰੂਆਤ ਸਮੇਂ ਪਿੰਡ ਉਪਲੀ ਦੇ ਨੌਜਵਾਨ ਕਿਸਾਨ ਤੇ ਘੋਲ ਦੇ ਦੂਸਰੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ।ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ, ਬਲਵੰਤ ਸਿੰਘ ਉੱਪਲੀ, ਉਜਾਗਰ ਸਿੰਘ ਬੀਹਲਾ, ਗੁਰਮੇਲ ਰਾਮ ਸ਼ਰਮਾ, ਕਰਨੈਲ ਸਿੰਘ ਗਾਂਧੀ, ਜਸਪਾਲ ਚੀਮਾ, ਬਿਕਰ ਸਿੰਘ ਔਲਖ, ਸਰਦਾਰਾ ਸਿੰਘ ਮੌੜ, ਗੁਰਚਰਨ ਸਿੰਘ ਸਰਪੰਚ, ਨਰਿੰਜਣ ਸਿੰਘ ਠੀਕਰੀਵਾਲਾ,ਸਾਹਿਬ ਸਿੰਘ ਬਡਵਰ, ਆਦਿ ਬੁਲਾਰਿਆਂ ਨੇ ਸਾਂਝੇ ਕਿਸਾਨ ਮੋਰਚੇ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਂਝੇ ਲੋਕ ਸੰਘਰਸ਼ ਦੀ ਇਖਲਾਕੀ ਜਿੱਤ ਹੋ ਚੁੱਕੀ ਹੈ। ਜਿਹੜੀ ਮੋਦੀ ਹਕੂਮਤ ਜਨ ਆਵਾਜ ਨੂੰ ਟਿੱਚ ਕਰਕੇ ਜਾਣਦੀ ਸੀ, ਹੁਣ ਦਿੱਲੀ ਦੀਆਂ ਬਰੂਹਾਂ ਉੱਪਰ ਪਿੰਡ ਵਸਾਕੇ ਬੈਠੇ ਕਿਸਾਨ ਕਾਫਲਿਆਂ ਨੇ ਘੇਰਕੇ ਮੂਹਰੇ ਲਾਈ ਹੋਈ ਹੈ। ਸਾਰਾ ਹਕੂਮਤੀ ਤਾਣਾ ਪੇਟਾ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਉੱਠੇ ਲੋਕ ਵਿਦਰੋਹ ਨੂੰ ਲੀਹੋਂ ਲਾਹੁਣ ਦੀ ਗੋਂਦਾ ਗੁੰਦਣ ਉੱਪਰ ਲੱਗਾ ਹੋਇਆ ਹੈ। ਜਲਦ ਹੀ ਰਿਲਾਇੰਸ ਜੀਓ ਦਾ ਪੰਜਾਬ ਦੇ ਪੇਂਡੂ ਖੇਤਰ ਵਿੱਚੋਂ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਜਾਵੇਗਾ। ਕਿਉਂਕਿ ਪਿੰਡਾਂ ਦੇ ਲੋਕ ਸਮੂਹਿਕ ਇਕੱਠ ਕਰਕੇ ਰਿਲਾਇੰਸ ਟਾਵਰਾਂ ਦੀ ਬੱਤੀ ਗੁੱਲ ਕਰ ਰਹੇ ਹਨ। ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਹਰ ਤਬਕਾ ਕਿਸੇ ਨਾਂ ਕਿਸੇ ਰੂਪ‘ਚ ਆਪਣਾ ਯੋਗਦਾਨ ਪਾ ਰਿਹਾ ਹੈ। ਅੱਜ ਪੰਜਵੇਂ ਦਿਨ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਸ਼ਾਮਿਲ ਸਨ। ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾ ਰਹੇ ਹਨ। ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਗਏ ਹੋਣ ਦੇ ਬਾਵਜੂਦ ਵੀ ਸਾਂਝੇ ਕਿਸਾਨ ਮੋਰਚੇ ਵਿੱਚ ਪਹੁੰਚਣ ਵਾਲੇ ਕਿਸਾਨ ਔਰਤਾਂ ਦੇ ਕਾਫਲਿਆਂ ਵਿੱਚ ਕੋਈ ਕਮੀ ਨਹੀਂ ਆ ਰਹੀ। ਸਗੋਂ ਬਰਨਾਲਾ ਵਿਖੇ ਚਲਦੇ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਸ਼ਾਮਿਲ ਹੋ ਰਹੇ ਹਨ। ਇਹੀ ਸਾਂਝੇ ਕਿਸਾਨ ਸੰਘਰਸ਼ ਦਾ ਸ਼ਾਨਦਾਰ ਪਹਿਲੂ ਹੈ। 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਅਤੇ ਉਸ ਦੇ ਵੱਡੇ ਵਪਾਰਿਕ ਘਰਾਣਿਆਂ(ਅਡਾਨੀ-ਅੰਬਾਨੀ) ਨੂੰ ਪੈਰਾਂ ਹੇਠ ਲਤਾੜਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ।