ਜੰਗ ‘ਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ 70 ਸੈਨਿਕਾਂ ਅਤੇ 25 ਵੀਰ ਨਾਰੀਆਂ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ ਸਨਮਾਨਤ
ਰਾਜੇਸ਼ ਗੌਤਮ , ਪਟਿਆਲਾ, 26 ਦਸੰਬਰ:2020
1971 ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗ ‘ਚ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਫ਼ੈਸਲਾਕੁਨ ਜਿੱਤ ਮਨਾਉਣ ਅਤੇ ਇਸ ਜੰਗ ਦੇ 50 ਸਾਲ ਸ਼ੁਰੂ ਹੋਣ ਦੇ ਅਵਸਰ ‘ਤੇ ‘ਵਿਜੈ ਮਸ਼ਾਲ’ ਅੱਜ ਪਟਿਆਲਾ ਵਿਖੇ ਪਹੁੰਚੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 16 ਦਸੰਬਰ 2020 ਨੂੰ 1971 ਜੰਗ ਦੇ ਵੀਰ ਸੈਨਿਕਾਂ ਨੂੰ ‘ਰਾਸ਼ਟਰੀ ਵਾਰ ਮੈਮੋਰੀਅਲ’, ਨਵੀਂ ਦਿੱਲੀ ਤੋਂ ਚਾਰ ਵਿਜੈ ਮਸ਼ਾਲਾਂ ਸੌਂਪੀਆਂ ਗਈਆਂ ਸਨ।
ਇਨ੍ਹਾਂ ਵਿੱਚੋਂ ਇਕ ਵਿਜੈ ਮਸ਼ਾਲ ਮੇਰਠ, ਦੇਹਰਾਦੂਨ ਅਤੇ ਅੰਬਾਲਾ ਹੁੰਦੇ ਹੋਏ ਅੱਜ 26 ਦਸੰਬਰ 2020 ਨੂੰ ਪਟਿਆਲਾ ਪਹੁੰਚੀ ਹੈ। ‘ਵਿਜੈ ਮਸ਼ਾਲ’ ਏਰਾਵਤ ਡਿਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਵੱਲੋਂ ਗਾਰਡ ਆਫ਼ ਆਨਰ ਦੇ ਨਾਲ ਸਵੀਕਾਰ ਕੀਤੀ ਗਈ।
ਏਰਾਵਤ ਡਿਵੀਜ਼ਨ ਦੇ ਜਨਰਲ ਆਫ਼ੀਸਰ ਕਮਾਂਡਿੰਗ ਨੇ ਹਾਜ਼ਰ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਦੌਰਾਨ ਏਰਾਵਤ ਡਿਵੀਜ਼ਨ ਨੇ ਪੱਛਮੀ ਸੀਮਾ ‘ਤੇ ਅਹਿਮ ਭੂਮਿਕਾ ਨਿਭਾਈ ਸੀ।
ਉਨ੍ਹਾਂ ਦੱਸਿਆ ਕਿ ਸਾਡੇ ਸੈਨਿਕਾਂ ਦੇ ਬਲੀਦਾਨ ਅਤੇ ਵੀਰ ਨਾਰੀਆਂ ਦੇ ਤਿਆਗ ਦੇ ਪ੍ਰਤੀ ਸਨਮਾਨ ਦਿੰਦੇ ਹੋਏ ਵੱਖ-ਵੱਖ ਪ੍ਰਕਾਰ ਦੇ ਸਮਾਗਮ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਇਸ ‘ਚ ਜੰਗ ਦੌਰਾਨ ਸਾਡੇ ਸੈਨਿਕਾਂ ਦੇ ਬਲੀਦਾਨ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਯਾਦਗਾਰ ਬਣਾਉਣ ਲਈ 29 ਦਸੰਬਰ 2020 ਨੂੰ ਵੀਰ ਸੈਨਿਕਾਂ ਅਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 1971 ਜੰਗ ਦੇ 70 ਸੈਨਿਕਾਂ ਅਤੇ 25 ਵੀਰ ਨਾਰੀਆਂ ਨੂੰ ਪਟਿਆਲਾ ਵਿਖੇ ਸਨਮਾਨਤ ਕੀਤਾ ਜਾਵੇਗਾ ਅਤੇ 29 ਦਸੰਬਰ ਨੂੰ ਇਹ ਵਿਜੈ ਮਸ਼ਾਲ ਨਾਭਾ ਲੈਕੇ ਜਾਈ ਜਾਵੇਗੀ ਅਤੇ ਉਥੇ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ।