ਚੰਨਣਵਾਲ, ਧਨੇਰ, ਕੁਰੜ ਤੇ ਮਹਿਲ ਕਲਾਂ ‘ਚ ਹੁਣ ਜੀ.ਓ ਕੰਪਨੀ ਦੀ ਮੋਬਾਇਲ ਸੇਵਾ ਠੱਪ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 26 ਦਸੰਬਰ 2020
ਕੇਂਦਰ ਸਰਕਾਰ ਦੁਆਰਾ ਲਾਗੂ ਖੇਤੀ ਕਾਨੂੰਨਾਂ ਤੋਂ ਖਫ਼ਾ ਕਿਸਾਨਾਂ ਨੇ ਪੰਜਾਬ ਅੰਦਰ ਲੱਗੇ ਮੋਬਾਇਲ ਕੰਪਨੀ ਜੀ.ਓ ਦੇ ਟਾਵਰਾਂ ਨੂੰ ਬੰਦ ਕਰਨ ਦੀ ਕਾਰਵਾਈ ਆਰੰਭ ਰੱਖੀ ਹੈ। ਜਿਸ ਦੇ ਤਹਿਤ ਅੱਜ ਜ਼ਿਲੇ ਦੇ ਪਿੰਡ ਚੰਨਣਵਾਲ, ਧਨੇਰ, ਕੁਰੜ ਤੇ ਮਹਿਲ ਕਲਾਂ ਵਿਖੇ ਕੰਪਨੀ ਦੇ ਟਾਵਰਾਂ ਦੀ ਬਿਜਲੀ ਸਪਲਾਈ ਕੱਟ ਕੇ ਅਣਮਿਥੇ ਸਮੇਂ ਲਈ ਬੰਦ ਕਰਵਾ ਦਿੱਤੇ ਗਏ ।
ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕੁਲਵੀਰ ਸਿੰਘ ਢੀਂਡਸਾ, ਲੱਖੀ ਬੋਪਾਰਏ ਤੇ ਭੁਪਿੰਦਰ ਧਨੇਰ ਨੇ ਦੱਸਿਆ ਕਿ ਕੇਂਦਰ ਸਰਕਾਰ ਅਡਾਨੀ ਅਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਸਮੇਤ ਕਾਰੋਬਾਰੀਆਂ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਇਸੇ ਮਸਕਦ ਨਾਲ ਹੀ ਮੋਦੀ ਸਰਕਾਰ ਨੇ ਖੇਤੀ ਤੇ ਕਿਸਾਨ ਵਿਰੋਧੀ ਕਾਨੂੰਨ ਲਿਆਂਦੇ ਹਨ ਜੋ ਕਿਸਾਨਾਂ ਦੇ ਨਾਲ ਨਾਲ ਸਮੁੱਚੀ ਲੋਕਾਈ ਲਈ ਘਾਤਕ ਹਨ। ਜਿਸ ਦੇ ਸਬੰਧ ਵਿੱਚ ਹੀ ਦਿੱਲੀ ਤੋਂ ਇਲਾਵਾ ਸੂਬੇ ਅੰਦਰ ਵੱਡੀ ਗਿਣਤੀ ਥਾਵਾਂ ’ਤੇ ਸਾਂਝੇ ਕਿਸਾਨ ਸੰਘਰਸ਼ ਚੱਲ ਰਹੇ ਹਨ।
ਆਗੂਆਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ’ਤੇ ਹੀ ਕਾਰਪੋਰੇਟ ਘਰਾਣਿਆਂ ਦੇ ਹਰ ਤਰਾਂ ਦੇ ਖਾਧ ਪਦਾਰਥਾਂ ਦਾ ਬਾਈਕਾਟ ਕੀਤਾ ਗਿਆ ਹੈ ਤੇ ਇਸੇ ਤਹਿਤ ਹੀ ਕਿਸਾਨਾਂ ਵੱਲੋਂ ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ’ਚ ਲੱਗੇ ਜੀ.ਓ ਕੰਪਨੀ ਦੇ ਟਾਵਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਜਿਸ ’ਤੇ ਫੁੱਲ ਚੜਾਉਂਦਿਆਂ ਅੱਜ ਪਿੰਡ ਧਨੇਰ ਵਿਖੇ ਕੰਪਨੀ ਦਾ ਟਾਵਰ ਦੀ ਬਿਜਲੀ ਸਪਲਾਈ ਕੱਟ ਕੇ ਟਾਵਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਆਗੂਆਂ ਚੇਤਾਵਨੀ ਦਿੱਤੀ ਕਿ ਜਿੰਨਾਂ ਚਿਰ ਮੋਦੀ ਸਰਕਾਰ ਆਪਣੇ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਨਾਂ ਚਿਰ ਇੰਨਾਂ ਟਾਵਰਾਂ ਨੂੰ ਬੰਦ ਰੱਖਿਆ ਜਾਵੇਗਾ।
ਜਿਕਰਯੋਗ ਹੈ ਕਿ ਨਿਹਾਲੂਵਾਲ, ਰਾਮਗੜ ਤੇ ਬੀਹਲਾ ਵਿਖੇ ਵੀ ਜੀਓ ਕੰਪਨੀ ਦੇ ਟਾਵਰ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਮੀ. ਪ੍ਰਧਾਨ ਹਾਕਮ ਸਿੰਘ ਕੁਰੜ, ਬਹਾਲ ਸਿੰਘ ਕੁਰੜ, ਮਹਿੰਦਰ ਸਿੰਘ, ਗੁਰਮੇਲ ਕੌਰ ਤੇ ਗੁਰਮੀਤ ਕੌਰ ਕੁਰੜ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲਾ ਜਨਰਲ ਸਕੱਤਰ ਸਾਥੀ ਮਲਕੀਤ ਸਿੰਘ ਈਨਾ, ਜਗਤਾਰ ਸਿੰਘ ਕਲਾਲਮਾਜਰਾ ਤੇ ਸੁਖਵੀਰ ਸਿੰਘ ਛਾਪਾ, ਖਰਨ ਖਾਂ, ਮਨਪ੍ਰੀਤ ਸਿੰਘ ਮੀਤੂ, ਜਸਵੀਰ ਸਿੰਘ ਜੱਸਾ, ਸੂਬਾ ਸਿੰਘ, ਰਾਜ ਸਿੰਘ ਤੇ ਗੋਰਪਾ ਆਦਿ ਹਾਜ਼ਰ ਸਨ।