ਐਡਵੋਕੇਟ ਕੁਲਵੰਤ ਗੋਇਲ ਨੇ ਕਿਹਾ, ਤਿੰਨੋਂ ਕਾਨੂੰਨ ਰੱਦ ਕਰੇ ਸਰਕਾਰ
ਡਾਕਟਰ ਅਮਨਦੀਪ ਬੋਲੇ, ਹੁਣ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਲੋਕਾਈ ਦਾ ਬਣਿਆ
ਰਘਬੀਰ ਹੈਪੀ , ਬਰਨਾਲਾ 25 ਦਸੰਬਰ 2020
ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਯੂਨੀਅਨਾਂ ਵੱਲੋਂ ਵਿੱਢਿਆ ਸੰਘਰਸ਼ ਲੰਬਾ ਹੋ ਜਾਣ ਨਾਲ ਮੱਠਾ ਪੈਣ ਦੀ ਬਜਾਏ ਹਰ ਦਿਨ ਹੋਰ ਵਿਸ਼ਾਲ ਅਤੇ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ। ਖੇਤੀ ਵਿਰੋਧੀ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ਦੀ ਹਮਾਇਤ ਵਿੱਚ ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ, ਡਾਕਟਰਾਂ, ਆੜ੍ਹਤੀਆਂ, ਦੁਕਾਨਦਾਰਾਂ, ਮਜਦੂਰਾਂ ਅਤੇ ਮੁਲਾਜ਼ਮਾਂ ਨੇ ਸ਼ਹਿਰ ਦੇ ਸਦਰ ਬਾਜਾਰ ਵਿੱਚ ਹੱਥਾਂ ਵਿੱਚ ਮੋਮਬੱਤੀਆਂ ਫੜ੍ਹ ਕੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਰੀਬ ਢਾਈ ਮਹੀਨਿਆਂ ਤੋਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਘਰੋਂ ਬੇਘਰ ਹੋਇਆ ਸੜਕਾਂ ਤੇ ਆ ਕੇ ਸੰਘਰਸ਼ ਕਰ ਰਿਹਾ ਹੈ। ਪਰੰਤੂ ਕੇਂਦਰ ਦੀ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਹੋਰ ਦੇਰੀ ਕੀਤਿਆਂ ਤਿੰਨੋਂ ਖੇਤੀ ਵਿਰੋਧੀ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ। ਐਡਵੋਕੇਟ ਹਰਿੰਦਰ ਸਿੰਘ ਰਾਣੂ ਨੇ ਕਿਹਾ ਕਿ ਕੇਂਦਰ ਦੀ ਸੱਤਾ ਤੇ ਕਾਬਿਜ ਹਾਕਮ ਆਪਣੇ ਮਨਾਂ ਵਿੱਚ ਭਰਮ ਪਾਲੀ ਬੈਠੇ ਹਨ ਕਿ ਲੰਬਾ ਹੋ ਰਿਹਾ ਸੰਘਰਸ਼ ਦਿਨ ਬ ਦਿਨ ਮੱਠਾ ਪੈ ਜਾਵੇਗਾ। ਪਰੰਤੂ ਹਕੀਕਤ ਇਹ ਹੈ ਕਿ ਦੇਸ਼ ਦੇ ਇੱਕ ਖਿੱਤੇ ਪੰਜਾਬ ਵਿਚੋਂ ਸ਼ੁਰੂ ਹੋਇਆ ਵਿਰੋਧ ਦਾ ਇਹ ਸੰਘਰਸ਼ ਲੋਕਾਂ ਦੇ ਮਨਾਂ ਵਿੱਚ ਵੱਧਦੇ ਰੋਸ ਕਾਰਨ ਦਿਨੋਂ ਦਿਨ ਹੋਰ ਤਿੱਖਾ ਹੁੰਦਾ ਜਾਵੇਗਾ ਅਤੇ ਸੰਘਰਸ਼ ਦਾ ਦਾਇਰਾ ਵੀ ਵਿਸ਼ਾਲ ਹੋਵੇਗਾ। ਇਸ ਗੱਲ ਦਾ ਇਤਿਹਾਸ ਗਵਾਹ ਹੈ। ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੇਂਦਰੀ ਕਾਨੂੰਨਾਂ ਦੇ ਖਿਲਾਫ ਸ਼ੁਰੂ ਕੀਤਾ ਇਹ ਸੰਘਰਸ਼ ਹੁਣ ਲੋਕਾਂ ਦਾ ਸੰਘਰਸ਼ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਹਰ ਵਰਗ ਨੂੰ ਸਮਝ ਆ ਚੁੱਕੀ ਹੈ ਕਿ ਸਰਕਾਰ ਸਿਰਫ ਅੰਬਾਨੀਆਂ ,ਅੰਡਾਨੀਆਂ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਹੋਰ ਨਾਗਰਿਕਾਂ ਨੂੰ ਉਜਾੜਣ ਤੇ ਆਈ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਜ ਦਾ ਹਰ ਵਰਗ ਹੀ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋ ਚੁੱਕਾ ਹੈ। ਕੈਂਡਲ ਮਾਰਚ ਵਿੱਚ ਸ਼ਾਮਿਲ ਸਾਰੇ ਬੁਲਾਰਿਆਂ ਨੇ ਖੇਤੀ ਅਤੇ ਕਿਸਾਨ ਵਿਰੋਧੀ ਤਿੰਨੋਂ ਬਿੱਲਾਂ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਬਰਨਾਲਾ ਕਲੱਬ ਦੇ ਸੈਕਟਰੀ ਅਤੇ ਕਾਂਗਰਸੀ ਆਗੂ ਐਡਵੋਕੇਟ ਰਾਜੀਵ ਲੂਬੀ ,ਰੌਨਤ ਗੋਇਲ, ਡਾ. ਮਨਪ੍ਰੀਤ ਸਿੰਘ ਸਿੱਧੂ, ਡਾ. ਹਰੀਸ਼ ਮਿੱਤਲ, ਡਾ. ਅੰਸ਼ੁਲ ਗਰਗ, ਡਾ. ਰਮਨਦੀਪ ਸਿੰਘ, ਡਾ. ਜਸਵੀਰ ਸਿੰੰਘ ਪਦਮ,ਐਡਵੋਕੇਟ ਹਰਪਾਲਇੰਦਰ ਸਿੰਘ ਚਹਿਲ, ਐਡਵੋਕੇਟ ਨਛੱਤਰ ਬਰਾੜ, ਸੰਗੀਤਕਾਰ ਪਾਲ ਸਿੱਧੂ ਮਿਊਜਿਕ ਅੰਪਾਇਰ, ਗਾਇਕ ਯਸ ਭੁੱਲਰ, ਸਦੀਕ ਖਾ, ਕਿਸਾਨ ਆਗੂ ਬਲੌਰ ਸਿੰਘ ਛੰਨਾ, ਜਰਨੈਲ ਸਿੰਘ ਬਦਰਾ, ਗੁਰਜੀਤ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਬਲਵੀਰ ਸਿੰਘ ਜਾਗਲ, ਕੁਸ਼ਲਦੀਪ ਸਿੰਘ ਧਾਲੀਵਾਲ, ਧਰਮਿੰਦਰ ਸਿੰਘ ਸੈਂਟੀ, ਗੁੰਮਦੂਰ ਰੰਗੀਲਾ, ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ, ਗੁਰਜੰਟ ਸਿੰਘ, ਰਾਮ ਸਿੰਘ, ਰਿੱਕੀ ਕਾਂਸਲ, ਚੇਅਰਮੈਨ ਜੀਵਨ ਬਾਂਸਲ, ਲੇਖਕ ਤੇਜਾ ਸਿੰਘ ਤਿਲਕ, ਲੇਖਕ ਦਰਸ਼ਨ ਸਿੰਘ ਗੁਰੂ, ਰਘਵੀਰ ਸਿੰਘ ਗਿੱਲ ਕੱਟੂ, ਗੁਰਜੰਟ ਸਿੰਘ ਸਿੱਧੂ, ਰਾਜਿੰਦਰ ਸੌਂਕੀ, ਮੇਜਰ ਸਿੰਘ ਰਾਜਗੜ੍ਹ, ਸਰੂਪ ਚੰਦ ਹਰੀਗੜ੍ਹ, ਜਗਤਾਰ ਬੈਂਸ, ਬਲਵੀਰ ਸਿੰਘ ਆਦਿ ਹੋਰ ਆਗੂ ਵੀ ਸ਼ਾਮਿਲ ਰਹੇ।