ਅਗਲੇ ਦਿਨਾਂ ਲਈ ਭੁੱਖ ਹੜਤਾਲ ਤੇ ਬੈਠਣ ਵਾਲੇ ਕਾਫਲਿਆਂ ਦੀ ਲਿਸਟ ਬਨਣੀ ਸ਼ੁਰੂ , ਵੱਡੀ ਗਿਣਤੀ ਵਿੱਚ ਕਿਸਾਨ ਅੱਗੇ ਆਉਣ ਲੱਗੇ
ਰਘਵੀਰ ਹੈਪੀ , ਬਰਨਾਲਾ 21 ਦਸੰਬਰ 2020
ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 82 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਮਕਸਦ ਤਹਿਤ 11 ਮੈਂਬਰੀ ਕਿਸਾਨ ਕਾਫਲੇ ਨੇ 24 ਘੰਟੇ ਦੀ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਕਰਨੈਲ ਸਿੰਘ ਗਾਂਧੀ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਸਰਪੰਚ , ਜਗਰਾਜ ਰਾਮਾ, ਨਿਰੰਜਣ ਸਿੰਘ ਠੀਕਰੀਵਾਲ ਆਦਿ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਨੇ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਲਾਗੂ ਕੀਤੇ ਹਨ, ਕਿਸਾਨ ਜਥੇਬੰਦੀਆਂ ਦੇ ਸਾਂਝੇ ਪਾੜਾਅਵਾਰ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਹੁਣ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਵਡੇਰੀ ਚੁਣੌਤੀ ਦੇ ਸਨਮੁੱਖ ਖਰਾਬ ਮੌਸਮ, ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਅੱਜ ਮਹਾਂਰਾਸ਼ਟਰ ਦੇ ਨਾਸਿਕ ਤੋਂ ਹਜਾਰਾਂ ਦੀ ਗਿਣਤੀ ਵਾਲਾ ਪੈਦਲ ਚੱਲਕੇ ਦਿੱਲੀ ਪਹੁੰਚਣ ਵਾਲਾ ਕਿਸਾਨ ਕਾਫਲਾ ਰਵਾਨਾ ਹੋ ਗਿਆ ਹੈ। ਇਹੋ ਜਿਹੇ ਕਾਫਲੇ ਮੁਲਕ ਦੇ ਹੋਰਨਾਂ ਰਾਜਾਂ ਤੋਂ ਵੀ ਤੁਰਨ ਦੀਆਂ ਖਬਰਾਂ ਹਨ। ਇਹ ਸ਼ੁਭ ਵਰਤਾਰਾ ਮੋਦੀ ਹਕੂਮਤ ਦੀ ਹੈਂਕੜ ਨੂੰ ਚਕਨਾਚੂਰ ਕਰ ਦੇਵੇਗਾ। ਬੁਲਾਰਿਆਂ ਨੇ ਕਿਹਾ ਕਿ ਹੁਣ ਤੱਕ 40 ਦੇ ਕਰੀਬ ਕਿਸਾਨ ਮਰਦ ਔਰਤਾਂ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। ਅਜਿਹਾ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਜਦ ਜਦ ਵੀ ਜਾਲਮਾਂ ਨੇ ਅੱਤ ਚੁੱਕੀ ਹੈ ਤਾਂ ਜੁਲਮਾਂ ਸੰਗ ਟਕਰਾਉਣ ਵਾਲੇ ਯੋਧੇ ਅੱਗੇ ਆਏ ਹਨ। ਸਾਡਾ ਸੂਰਬੀਰਤਾ ਭਰਿਆ ਸ਼ਾਨਾਮੱਤਾ ਇਤਿਹਾਸ ਇਸੇ ਗੱਲ ਦੀ ਸ਼ਾਹਦੀ ਭਰਦਾ ਹੈ। ਅੱਜ 24 ਘੰਟੇ ਦੀ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਪਹਿਲੇ ਦਿਨ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਰਾਮ ਸ਼ਰਮਾ, ਉਜਾਗਰ ਸਿੰਘ ਬੀਹਲਾ, ਕਰਨੈਲ ਸਿੰਘ ਗਾਂਧੀ, ਨੇਕਦਰਸ਼ਨ ਸਿੰਘ, ਗੁਰਦਰਸ਼ਨ ਸਿੰਘ ਨਾਮਧਾਰੀ, ਸਾਧੂ ਸਿੰਘ ਛੀਨੀਵਾਲਕਲਾਂ, ਜਰਨੈਲ ਸਿੰਘ ਸੰਘੇੜਾ, ਗੁਰਚੇਤ ਸਿੰਘ ਛੀਨੀਵਾਲਕਲਾਂ, ਸ਼ੇਰ ਸਿੰਘ ਸਹਿਜੜਾ ਸ਼ਾਮਿਲ ਸਨ। ਰਿਲਾਇੰਸ ਮਾਲ, ਅਧਾਰ ਮਾਰਕੀਟ ਬਰਨਾਲਾ, ਭਦੌੜ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਅੰਗਰੇਜ ਸਿੰਘ, ਬਲਵੀਰ ਸਿੰਘ ਪੱਪੂ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਠੀਕਰੀਵਾਲ, ਮਨਜੀਤ ਕੌਰ, ਜਸਪਾਲ ਕੌਰ ,ਤਭੋਲਾ ਸਿੰਘ ਕਲਾਲਮਾਜਰਾ, ਸ਼ੇਰ ਸਿੰਘ, ਪਿਸ਼ੌਰਾ ਸਿੰਘ, ਸਵਰਨਜੀਤ ਕੌਰ, ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ। 23 ਦਸੰਬਰ ਨੂੰ ਸਮੂਹਿਕ ਰੂਪ ਵਿੱਚ ਇੱਕ ਰੋਜਾ ਭੁੱਖ ਹੜਤਾਲ ਰੱਖਣ ਦਾ ਵੀ ਐਲਾਨ ਕੀਤਾ। ਕਿਸਾਨ ਕਾਫਲਿਆਂ ਦੇ ਉਤਸ਼ਾਹ ਤੋਂ ਵੇਖਿਆਂ ਜਾਪਦਾ ਹੈ ਕਿ ਜਲਦ ਹੀ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥਿਆਂ ਦੀ ਗਿਣਤੀ ਵਧਾਉਣੀ ਪਵੇਗੀ।