ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਾਫਿਲੇ ਨਾਲ ਬਰਨਾਲਾ ਤੋਂ ਆਪਣੇ ਸਾਥੀਆਂ ਨਾਲ 26 ਜਨਵਰੀ ਦੀ ਕਿਸਾਨ ਪਰੇਡ ਵਿੱਚ ਸ਼ਾਮਿਲ ਹੋਇਆ ਸੀ ਜਗਦੀਪ
ਐਸ.ਐਸ.ਪੀ. ਗੋਇਲ ਨੇ ਆਰਥਿਕ ਤੰਗੀ ਦੀ ਹਾਲਤ ਵਿੱਚ ਬੀਮਾਰੀ ਨਾਲ ਜੂਝਦੇ ਜਗਦੀਪ ਦੀ ਕਰਵਾਈ ਸੀ 25 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਮਨਜੀਤ ਰਾਜ ਨੇ ਕਿਹਾ,ਸਰਕਾਰ ਕਿਸਾਨ ਸੰਘਰਸ਼ ਦੇ ਸ਼ਹੀਦ ਜਗਦੀਪ ਦੇ ਪਰਿਵਾਰ ਨੂੰ ਦੇਵੇ 10 ਲੱਖ ਰੁਪਏ ਦਾ ਮੁਆਵਜਾ ਤੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ
ਹਰਿੰਦਰ ਨਿੱਕਾ, ਬਰਨਾਲਾ 25 ਅਪ੍ਰੈਲ 2021
ਕੇਂਦਰ ਸਰਕਾਰ ਵੱਲੋਂ ਲਾਗੂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਜਿੱਥੇ ਕਿਸਾਨ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ, ਉਸੇ ਹੀ ਤਰਾਂ ਮੋਰਚੇ ਦੇ ਸ਼ਹੀਦਾਂ ਦੀ ਫਹਰਿਸ਼ਤ ਵੀ ਹਰ ਦਿਨ ਲੰਬੀ ਹੁੰਦੀ ਜਾ ਰਹੀ ਹੈ। ਇਸੇ ਕੜੀ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਕਾਫਿਲੇ ਨਾਲ ਬਰਨਾਲਾ ਤੋਂ ਆਪਣੇ ਸਾਥੀਆਂ ਨਾਲ 26 ਜਨਵਰੀ ਦੀ ਕਿਸਾਨ ਪਰੇਡ ਵਿੱਚ ਸ਼ਾਮਿਲ ਹੋਇਆ ਜਗਦੀਪ ਸਦਿਉੜਾ ਵੀ ਸ਼ੁਮਾਰ ਹੋ ਗਿਆ। ਦਿੱਲੀ ਵਿਖੇ ਲਗਾਤਾਰ ਜਾਰੀ ਕਿਸਾਨ ਮੋਰਚੇ ‘ਚ ਸ਼ਾਮਿਲ ਹੋ ਕੇ ਬੀਮਾਰੀ ਦੀ ਹਾਲਤ ਵਿੱਚ ਆਪਣੇ ਘਰ ਬਰਨਾਲਾ ਪਰਤਿਆ ਜਗਦੀਪ ਸਦਿਉੜਾ ਅੱਜ ਸਵੇਰੇ ਕਰੀਬ 10 ਵਜੇ ਦਮ ਤੋੜ ਗਿਆ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ ਨੇ ਸੰਘਰਸ਼ੀ ਯੋਧੇ ਦੀ ਮ੍ਰਿਤਕ ਦੇਹ ਤੇ ਯੂਨੀਅਨ ਦਾ ਝੰਡਾ ਪਾਇਆ ਅਤੇ ਤਰਕਸ਼ੀਲ ਸੁਸਾਇਟੀ ਭਾਰਤ ਦੀ ਤਰਫੋਂ ਅਮਿੱਤ ਮਿੱਤਰ ਨੇ ਲੋਈ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ। ਅਤੇ ਹੋਰ ਆਗੂਆਂ ਨੇ ਯੂਨੀਅਨ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਰਾਜ ਨੇ ਦੱਸਿਆ ਕਿ ਜਗਦੀਪ ਸਦਿਉੜਾ 25 ਜਨਵਰੀ ਨੂੰ ਆਪਣੇ ਸਾਥੀਆਂ ਹਰਜੀਤ ਸਿੰਘ, ਗੁਰਮੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਜਸਵੀਰ ਸਿੰਘ ਦੇ ਨਾਲ ਦਿੱਲੀ ਮੋਰਚੇ ਤੇ ਪਹੁੰਚਿਆ ਅਤੇ 26 ਜਨਵਰੀ ਦੇ ਮੌਕੇ ਹੋਈ ਕਿਸਾਨ ਪਰੇਡ ਵਿੱਚ ਸ਼ਾਮਿਲ ਹੋਇਆ। 27 ਜਨਵਰੀ ਨੂੰ ਉਸ ਦੀ ਸਿਹਤ ਅਚਾਣਕ ਵਿਗੜ ਗਈ, ਜਿਸ ਨੂੰ ਉਸ ਦੇ ਸਾਥੀ ਬਰਨਾਲਾ ਲੈ ਆਏ। ਕਈ ਦਿਨ ਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਕਰਵਾਇਆ। ਪਰੰਤੂ ਸਿਹਤ ਵਿੱਚ ਕੋਈ ਸੁਧਾਰ ਨਾ ਹੋਣ ਕਾਰਣ ਉਸਨੂੰ ਸੀਐਮਸੀ ਅਤੇ ਪੀਜੀਆਈ ਚੰੜੀਗੜ੍ਹ ਵਿਖੇ ਦਾਖਿਲ ਕਰਵਾਇਆ। ਫਿਰ ਵੀ ਸਿਹਤ ਲਗਾਤਾਰ ਵਿਗੜਦੀ ਗਈ। ਪੀਜੀਆਈ ਦੇ ਡਾਕਟਰਾਂ ਨੇ ਉਸ ਨੂੰ ਕੇਅਰ ਲਈ ਫਿਰ ਬਰਨਾਲਾ ਰੈਫਰ ਕਰਕੇ ਭੇਜ ਦਿੱਤਾ। ਅੱਜ ਸਿਵਲ ਹਸਪਤਾਲ ਬਰਨਾਲਾ ਵਿਖੇ ਜਗਦੀਪ ਜਿੰਦਗੀ ਦੀ ਜੰਗ ਹਾਰ ਗਿਆ। ਮਨਜੀਤ ਰਾਜ ਨੇ ਕਿਹਾ ਕਿ ਅੱਜ ਲੌਕਡਾਉਨ ਕਾਰਣ ਅਸੀਂ ਕੋਵਿਡ ਨਿਯਮਾਂ ਦਾ ਪਾਲਣ ਕਰਦੇ ਹੋਏ ਜਿਆਦਾ ਇਕੱਠ ਨਹੀਂ ਕੀਤਾ। ਉਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਜਗਦੀਪ ਸਦਿਉੜਾ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜਾ, ਉਸ ਦੇ ਸਿਰ ਚੜ੍ਹੇ ਕਰਜਾ ਮਾਫ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਉਨਾਂ ਦੀ ਜਥੇਬੰਦੀ ਸੰਘਰਸ਼ ਨੂੰ ਮਜਬੂਰ ਹੋਵੇਗੀ।
ਅਮਿੱਤ ਮਿੱਤਰ ਨੇ ਕਿਹਾ ਕਿ ਜਗਦੀਪ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਸੀ। ਹਮੇਸ਼ਾ ਲੋਕ ਹਿੱਤ ਲਈ ਹਿੱਕ ਡਾਹ ਕੇ ਮੂਹਰੇ ਖੜ੍ਹਦਾ ਸੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ , ਸਾਬਕਾ ਐਮਸੀ ਤੇ ਅਕਾਲੀ ਆਗੂ ਸੋਨੀ ਜਾਗਲ, ਐਮ.ਸੀ. ਧਰਮਿੰਦਰ ਸ਼ੰਟੀ , ਡੀਟੀਐਫ ਦੇ ਆਗੂ ਗੁਰਮੀਤ ਸੁਖਪੁਰ, ਰਾਜੀਵ ਕੁਮਾਰ ਆਦਿ ਆਗੂ ਜਗਦੀਪ ਸਦਿਉੜਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ। ਵਰਨਣਯੋਗ ਹੈ ਕਿ ਆਰਥਿਕ ਮੰਦਹਾਲੀ ਨਾਲ ਹਸਪਤਾਲ ਵਿੱਚ ਬੀਮਾਰੀ ਨਾਲ ਜੂਝਦੇ ਜਗਦੀਪ ਸਦਿਉੜਾ ਦੀ ਤਰਸਯੋਗ ਹਾਲਤ ਬਾਰੇ ਬਰਨਾਲ ਟੂਡੇ ਨੇ ਕੁੱਝ ਦਿਨ ਪਹਿਲਾਂ ਖਬਰ ਨਸ਼ਰ ਕੀਤੀ ਸੀ। ਜਿਸ ਤੋਂ ਬਾਅਦ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੇ ਜਗਦੀਪ ਦੀ ਸਹਾਇਤਾ ਲਈ 25 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਲਈ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ ਹਸਪਤਾਲ ਭੇਜਿਆ ਸੀ।