ਹਰਿੰਦਰ ਨਿੱਕਾ , ਬਰਨਾਲਾ 25 ਅਪ੍ਰੈਲ 2021
ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮੂੰਮ ਦੀ ਰਹਿਣ ਵਾਲੀ ਇੱਕ ਦਲਿਤ ਔਰਤ ਨੂੰ ਉਹਦੇ ਪਿੰਡ ਦਾ ਹੀ ਧਨਾਢ ਜਿਮੀਂਦਾਰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਫਰਾਰ ਹੋ ਗਿਆ। ਲਾਜ਼ ਸ਼ਰਮ ਦੀ ਮਾਰੀ ਪੀੜਤ ਔਰਤ ਕੁੱਝ ਦਿਨ ਤਾਂ ਅੰਦਰ ਹੀ ਅੰਦਰ ਝੁਰਦੀ ਰਹੀ। ਪਰੰਤੂ ਅੱਜ ਉਹ ਆਪਣੇ ਪਤੀ ਨੂੰ ਸਾਰੀ ਘਟਨਾ ਦੱਸ ਕੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਕੋਲ ਪਹੁੰਚ ਗਈ । ਪੁਲਿਸ ਨੇ ਪੀੜਤਾ ਦੇ ਬਿਆਨ ਦੇ ਅਧਾਰ ਤੇ ਨਾਮਜਦ 2 ਦੋਸ਼ੀਆਂ ਖਿਲਾਫ ਬਲਾਤਕਾਰ ਤੇ ਬਲਾਤਕਾਰ ਦੀ ਸਾਜਿਸ਼ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਦਲਿਤ ਔਰਤ ਨੇ ਦੱਸਿਆ ਕਿ ਉਸ ਦੀ ਗੁਆਂਢਣ ਜੀਵਨ ਕੌਰ 18 ਅਪ੍ਰੈਲ ਦੀ ਸੁਬ੍ਹਾ ਕਰੀਬ 10 ਵਜੇ ਉਸ ਦੇ ਘਰ ਆਈ ਤੇ ਕਹਿਣ ਲੱਗੀ ਕਿ ਉਹਦੇ ਵਿਹੜੇ ਵਿੱਚ ਬਾਹਰ ਪਈ ਕਣਕ ਅੰਦਰ ਕਮਰੇ ਵਿੱਚ ਰੱਖ ਕੇ ਆ, ਮੈਂ ਉਸ ਤੋਂ ਜਿੰਦੇ ਦੀ ਚਾਬੀ ਲੈ ਕੇ ਉਸ ਦੇ ਘਰ ਪਹੁੰੰਚ ਗਈ। ਜਦੋਂ ਜੀਵਨ ਕੌਰ ਦੇ ਘਰ ਦਾ ਜਿੰਦਾ ਖੋਲ੍ਹ ਕੇ ਘਰ ਅੰਦਰ ਵੜ੍ਹੀ ਤਾਂ ਘਰ ਅੰਦਰ ਸਾਡੇ ਪਿੰਡ ਦਾ ਹੀ ਧਨਾਢ ਜਿਮੀਂਦਾਰ ਜਗਸੀਰ ਸਿੰਘ ਉਰਫ ਸੀਰੂ ਪੁੱਤਰ ਚਰਨ ਸਿੰਘ ਪਹਿਲਾਂ ਹੀ ਉੱਥੇ ਮੌਜੂਦ ਸੀ । ਜਦੋਂ ਮੈਂ ਕਣਕ ਰੱਖਣ ਲਈ ਜੀਵਨ ਕੌਰ ਦੇ ਕਮਰੇ ਵੱਲ ਅੱਗੇ ਵਧੀ ਤਾਂ ਜਗਸੀਰ ਸਿੰਘ ਉਰਫ ਸੀਰੂ ਨੇ ਜੀਵਨ ਕੌਰ ਦੇ ਘਰ ਦੇ ਮੇਨ ਗੇਟ ਦੀ ਕੁੰਢੀ ਅੰਦਰੋਂ ਬੰਦ ਕਰ ਲਈ ਅਤੇ ਮੇਰੀ ਬਾਂਂਹ ਫੜ੍ਹ ਕੇ ਜੀਵਨ ਕੌਰ ਦੇ ਮਕਾਨ ਵਿੱਚ ਬਣੇ ਕਮਰੇ ਵਿੱਚ ਧੱਕੇ ਨਾਲ ਲੈ ਵੜ੍ਹਿਆ ।
ਸੀਰੂ ਨੇ ਕਮਰੇ ਵਿੱਚ ਲਿਜਾ ਕੇ ਮੇਰੀ ਰਜਾਮੰਦੀ ਤੋਂ ਬਿਨਾ ਮੇਰੇ ਨਾਲ ਜਬਰਦਸਤੀ ਸਰੀਰਕ ਸਬੰਧ ਬਣਾ ਲਏ ।ਪੀੜਤਾ ਨੇ ਕਿਹਾ ਕਿ ਜੀਵਨ ਕੌਰ ਨੇ ਜਗਸੀਰ ਸਿੰਘ ਉਰਫ ਸੀਰੂ ਨਾਲ ਹਮ ਮਸ਼ਵਰਾ ਹੋ ਕੇ ਮੇਰੇ ਨਾਲ ਜ਼ਬਰਦਸਤੀ ਨਜਾਇਜ਼ ਸਬੰਧ ਬਣਾਵਏ ਸਨ। ਪਰੰਤੂ ਮੈ ਅੱਜ ਤੱਕ ਸ਼ਰਮ ਦੀ ਮਾਰੀ ਨੇ ਕਿਸੇ ਕੋਲ ਕੋਈ ਗੱਲ ਨਹੀਂ ਦੱਸੀ ਸੀ । ਬਲਾਤਕਾਰ ਦੀ ਘਟਨਾ ਤੋਂ ਬਾਅਦ ਵੀ ਜਗਸੀਰ ਸਿੰਘ ਉਰਫ ਸੀਰੂ ਅਤੇ ਜੀਵਨ ਕੌਰ ਮੈਨੂੰ ਤੰਗ ਪਰੇਸ਼ਾਨ ਕਰਦੇ ਰਹੇ । ਜਿੰਨਾ ਤੋਂਂ ਤੰਗ ਆ ਕੇ ਆਖਿਰ ਮੈਂ ਅੱਜ ਸਾਰੀ ਗੱਲ ਆਪਣੇ ਘਰ ਵਾਲੇ ਨੂੰ ਦੱਸ ਕੇ ਪੁਲਿਸ ਕੋਲ ਇਤਲਾਹ ਦੇ ਦਿੱਤੀ।
ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ ਜਸਵਿੰਦਰ ਕੌਰ INSP. ਇੰਚਾਰਜ, ਵੂਮੈਨ ਸੈਲ ਬਰਨਾਲਾ ਨੇ ਕਲਮਬੰਦ ਕੀਤੇ। ਬਿਆਨ ਦੇ ਅਧਾਰ ਤੇ ਬਲਾਤਕਾਰ ਦੇ ਦੋਸ਼ੀ ਜਗਸੀਰ ਸਿੰਘ ਸੀਰੂ ਅਤੇ ਸਾਜਿਸ਼ ਵਿੱਚ ਸ਼ਾਮਿਲ ਜੀਵਨ ਕੌਰ ਦੇ ਖਿਲਾਫ ਅਧੀਨ ਜੁਰਮ 376/120-B IPC ਦੇ ਤਹਿਤ ਕੇਸ ਦਰਜ ਕਰਕੇ ਦੋਵਾਂ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।