ਰੇਲ ਪਟੜੀ ਖਾਲੀ ਕਰਵਾਉਣ ਵੱਡੀ ਸੰਖਿਆ ਵਿੱਚ ਪਹੁੰਚੀ ਪੁਲਿਸ
ਹਰਿੰਦਰ ਨਿੱਕਾ ਬਰਨਾਲਾ 25 ਨਵੰਬਰ 2020
ਕਿਸਾਨ ਯੂਨੀਅਨਾਂ ਵੱਲੋਂ ਰੇਲ ਗੱਡੀਆਂ ਚਲਾਉਣ ਦੀ ਹਰੀ ਝੰਡੀ ਦੇਣ ਤੋਂ ਬਾਅਦ ਬੇਸ਼ੱਕ ਕਿਸਾਨ ਰੇਲਵੇ ਪਟੜੀਆਂ ਤੋਂ ਪਰ੍ਹੇ ਹਟ ਗਏ। ਪਰੰਤੂ ਅੱਜ ਥੋੜੀ ਦੇਰ ਪਹਿਲਾਂ ਬਰਨਾਲਾ ਰੇਲਵੇ ਸਟੇਸ਼ਨ ਦੀ ਪਟੜੀ ਤੇ ਪਹੁੰਚੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸੈਂਕੜੇ ਵਰਕਰਾਂ ਨੇ ਰੇਲ ਰੋਕਣ ਲਈ ਰਾਹ ਮੱਲ੍ਹ ਲਿਆ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿੱਚ ਇਕੱਠੇ ਹੋਏ ਵਰਕਰਾਂ ਨੇ ਮੋਦੀ ਸਰਕਾਰ ਦੇ ਵਿਰੁੱਧ ਅਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ। ਆਗੂਆਂ ਨੇ ਕਿਹਾ ਕਿ ਜਿੰਨ੍ਹੀ ਦੇਰ ਤੱਕ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਦਿੱਲੀ ਵੱਲ ਵੱਧ ਰਹੇ ਕਾਫਲਿਆਂ ਨੂੰ ਅੱਗੇ ਜਾਣ ਤੋਂ ਗੁਆਂਢੀ ਸੂਬਿਆਂ ਦੀਆਂ ਹੱਦਾਂ ਤੇ ਰੋਕਿਆ ਜਾਵੇਗਾ। ਉਨੀਂ ਦੇਰ ਤੱਕ ਅਸੀਂ ਪਟੜੀਆਂ ਦੇ ਰੇਲਾਂ ਵੀ ਨਹੀਂ ਚੱਲਣ ਦਿਆਂਗੇ। ਇਸ ਦੀ ਭਿਣਕ ਪੈਂਦਿਆਂ ਹੀ ਐਸ.ਪੀ. ਡੀ ਸੁਖਦੇਵ ਸਿੰਘ ਵਿਰਕ ਅਤੇ ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਭਾਰੀ ਸੰਖਿਆਂ ਵਿੱਚ ਪੁਲਿਸ ਪਾਰਟੀ ਵੀ ਰੇਲਵੇ ਸਟੇਸ਼ਨ ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਇੱਕ ਵਾਰ ਰੇਲ ਪਟੜੀ ਤੇ ਨਾਅਰੇਬਾਜੀ ਕਰ ਰਹੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਤੇ ਵਰਕਰਾਂ ਨੂੰ ਪਟੜੀ ਤੋਂ ਹਟਾ ਲਿਆ। ਪਰੰਤੂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਰੇਲਾਂ ਨਾ ਚੱਲਣ ਦੇਣ ਤੇ ਬਜਿੱਦ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਬਦੋੱਲਤ ਦੇਸ਼ ਦਾ ਅੰਨਦਾਤਾ ਸੜਕਾਂ ਤੇ ਰੁਲ ਰਿਹਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੇਲ ਲਾਈਨ ਖਾਲੀ ਰੱਖਣ ਲਈ ਮਨਾਉਣ ਦੇ ਯਤਨ ਜਾਰੀ ਹਨ। ਰੇਲਵੇ ਸਟੇਸ਼ਨ ਦੇ ਆਸ ਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਉਂਕਾਰ ਸਿੰਘ ਬਰਾੜ ਸਮੇਤ ਹੋਰ ਸੀਨੀਅਰ ਆਗੂ ਵੀ ਮੌਜੂਦ ਹਨ। ਇਸ ਮੌਕੇ ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਦੁਪਹਿਰ 1 ਵਜੇ ਤੱਕ ਪ੍ਰਦਰਸ਼ਨ ਕਰਨ ਬਾਰੇ ਕਿਹਾ ਹੈ। ਜਦੋਂ ਅਸੀਂ ਇੱਥੇ ਪਹੁੰਚੇ ਹਾਂ, ਉਦੋਂ ਕੋਈ ਵੀ ਪ੍ਰਦਰਸ਼ਨਕਾਰੀ ਰੇਲ ਪਟੜੀ ਤੇ ਮੌਜੂਦ ਨਹੀਂ ਸੀ। ਉਨਾਂ ਕਿਹਾ ਪ੍ਰਦਰਸ਼ਨਕਾਰੀ ਰੇਲਵੇ ਪਲੇਟਫਾਰਮ ਤੋਂ ਹਟ ਕੇ ਬਾਹਰ ਰੋਸ ਧਰਨਾ ਦੇ ਰਹੇ ਹਨ। ਉਨਾਂ ਕਿਹਾ ਕਿ ਕਿਸੇ ਨੂੰ ਵੀ ਰੇਲਾਂ ਰੋਕਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਸ਼ਹਿਰ ਵਿੱਚ ਅਮਨ ਕਾਨੂੰਨ ਦੀ ਹਾਲਤ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਿਆ ਜਾਵੇਗਾ।