*ਆਤਮਾ ਸਕੀਮ ਅਧੀਨ ਮੁਹੱਈਆ ਕਰਾਏ ਗਏ ਜੈਵਿਕ ਉਤਪਾਦ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਉਪਰਾਲਿਆਂ ਦੀ ਚੁਫੇਰਿਓਂ ਸ਼ਲਾਘਾ
ਰਵੀ ਸੈਣ ਬਰਨਾਲਾ, 12 ਨਵੰਬਰ 2020
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿੱਚ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਦੀਵਾਲੀ ਮੇਲਾ ਲਗਾਇਆ ਗਿਆ, ਜਿਸ ਵਿੱਚ ਸੈਲਫ ਹੈਲਪ ਗਰੁੱਪਾਂ ਦੀਆਂ ਸਟਾਲਾਂ ਨੇ ਖੂਬ ਵਾਹ ਵਾਹ ਖੱਟੀ।
ਇਨ੍ਹਾਂ ਸਟਾਲਾਂ ’ਤੇ ਅਚਾਰ, ਚਟਨੀ, ਮੁਰੱਬੇ, ਹੱਥ ਦੀਆਂ ਬਣਾਈਆਂ ਵਸਤਾਂ, ਹੱਥ ਦੇ ਬਣਾਏ ਸਵੈਟਰ, ਬੱਚਿਆਂ ਦੇ ਕੱਪੜੇ, ਜੈਵਿਕ ਸਬਜ਼ੀਆਂ, ਮੱਕੀ, ਬਾਜਰੇ, ਰਾਗੀ, ਜਵਾਰ, ਕੰਗਣੀ ਦਾ ਆਟਾ, ਸਰ੍ਹੋਂ ਦਾ ਸਾਗ, ਸਵੀਟ ਕਾਰਨ(ਮਿੱਠੀ ਮੱਕੀ), ਦਾਲਾਂ, ਅਨਾਜ ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ, ਫੁੱਲਾਂ ਤੇ ਸਜਾਵਟੀ ਬੂਟਿਆਂ ਦੀ ਪਨੀਰੀ ਦੀਆਂ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਗਰੁੱਪਾਂ ਦੀ ਸ਼ਾਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਸੈਲਫ ਹੈਲਪ ਗਰੁੱਪਾਂ ਦੀ ਬੇਹੱਦ ਜ਼ਰੂਰਤ ਹੈ, ਜਿਸ ਨਾਲ ਉਨ੍ਹਾਂ ਨੂੰ ਪੈਰਾਂ ’ਤੇ ਖੜ੍ਹੇ ਹੋਣ ਦਾ ਮੌਕਾ ਮਿਲੇ।
ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਜਾਣਕਾਰੀ ਦਿੱਤੀ ਕਿ ਕਰੋਨਾ ਮਹਾਮਾਰੀ ਕਾਰਨ ਕੋਈ ਖੇਤੀਬਾੜੀ ਮੇਲਾ ਜਾਂ ਸਰਸ ਮੇਲਾ ਨਾ ਲੱਗਣ ਕਾਰਨ ਸੈਲਫ ਹੈਲਪ ਗਰੁੱਪਾਂ ਦੀਆਂ ਸਟਾਲਾਂ ਨਹੀਂ ਲੱਗ ਰਹੀਆਂ ਸਨ ਤੇ ਇਹ ਦੀਵਾਲੀ ਮੇਲਾ ਗਰੁੱਪਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਇਆ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਬਣਾਏ ਗਏ ਸੈਲਫ ਹੈਲਪ ਗਰੁੱਪਾਂ ਏਕਤਾ ਸੈਲਫ ਹੈਲਪ ਗਰੁੱਪ, ਸੁਖਮਨੀ ਸੈਲਫ ਹੈਲਪ ਗਰੁੱਪ ਤੇ ਜਵੰਧਾ ਖੇਤੀ ਸੇਵਾ ਸੈਂਟਰ ਤੇ ਆਤਮਾ ਕਿਸਾਨ ਹੱਟ ਦੀਆਂ ਆਰਗੈਨਿਕ ਸਟਾਲਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
ਉਨ੍ਹਾਂ ਕਿਹਾ ਕਿ ਆਤਮਾ ਸਕੀਮ ਤਹਿਤ ਹੋਰ ਸੈਲਫ ਹੈਲਪ ਗਰੁੱਪ ਬਣਾ ਕੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ ਤੇ ਵਿਸ਼ੇਸ਼ ਟ੍ਰੇਨਿੰਗਾਂ ਵੀ ਦਿੱਤੀਆਂ ਜਾਣਗੀਆਂ।
ਇਸ ਮੌਕੇ ਸਿੱਖਿਆ ਵਿਭਾਗ ਤੋਂ ਡੀਐਸਈ ਰਿਜ਼ਵਾਨ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਲਾਈਆਂ ਗਈਆਂ ਦੀਵਿਆਂ, ਮੋਮਬੱਤੀਆਂ, ਕਾਗਜ਼ ਦੇ ਥੈਲਿਆਂ ਤੇ ਹੋਰ ਸਜਾਵਟੀ ਸਾਮਾਨ ਦੀਆਂ ਸਟਾਲਾਂ ਨੂੰ ਵੀ ਲੋਕਾਂ ਵੱਲੋਂ ਸਲਾਹਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਸੋਰਸ ਸੈਂਟਰ ਬਰਨਾਲਾ ਦੇ ੲਨ੍ਹਾਂ ਬੱਚਿਆਂ ਵਿਚ ਵਿਲੱਖਣ ਹੁਨਰ ਹਨ ਤੇ ਅਜਿਹੇ ਮੌਕਿਆਂ ’ਤੇ ਉਨ੍ਹਾਂ ਨੂੰ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਸਰਵਣ ਸਿੰਘ, ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।