ਅਸ਼ੋਕ ਵਰਮਾ ਬਠਿੰਡਾ 10 ਨਵੰਬਰ 2020
ਕੇਂਦਰ ਵੱਲੋਂ ਖੇਤੀ ਵਿਰੋਧੀ ਕਾਨੂੰਨ ਬਣਾਏ ਜਾਣ ਅਤੇ ਬਿਜਲੀ ਸੋਧ ਕਾਨੂੰਨ 2020 ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 1ਅਕਤੂਬਰ ਤੋਂ ਲਾਏ ਪੱਕੇ ਮੋਰਚਿਆਂ ਦੌਰਾਨ ਪੰਜਾਬ ਵਿੱਚ ਕੋਲੇ ਦੀ ਸਪਲਾਈ, ਅਨਾਜ ਦੀ ਢੁਆਈ, ਬਾਰਦਾਨਾ, ਕਣਕ ਦੀ ਬਿਜਾਈ ਲਈ ਡੀਏਪੀ ਯੂਰੀਆ ਆਦਿ ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਲੋੜਾਂ ਲਈ ਲੋਕਾਂ ਦੇ ਹਿਤਾਂ ਦਾ ਧਿਆਨ ਰੱਖਦਿਆਂ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚਲਾਉਣ ਲਈ ਰੇਲਵੇ ਲਾਈਨਾਂ ਤੇ ਲਾਏ ਧਰਨੇ ਹਟਾ ਕੇ ਪਲੇਟਫਾਰਮਾਂ ਤੇ ਲਾ ਦਿੱਤੇ ਗਏ । ਪਰ ਫਿਰ ਵੀ ਕੇਂਦਰ ਸਰਕਾਰ ਨੇ ਰੇਲਵੇ ਲਾਈਨ ਦੇ ਧਰਨੇ ਨੇੜੇ ਹੋਣ ਦਾ ਬਹਾਨਾ ਲਾ ਕੇ ਮਾਲ ਗੱਡੀਆਂ ਬੰਦ ਰੱਖੀਆਂ ਤਾਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਇਸ ਬੇਤੁਕੀ ਬਹਾਨੇਬਾਜ਼ੀ ਦਾ ਦੋਸ਼ ਲਾਉਣਾ ਵੀ ਬੰਦ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪ੍ਰਾਈਵੇਟ ਬਣਾਂਵਾਲੀ ਅਤੇ ਰਾਜਪੁਰਾ ਥਰਮਲ ਪਲਾਂਟਾਂ ਦੀਆਂ ਨਿੱਜੀ ਲਾਈਨਾਂ ਤੋਂ ਧਰਨੇ ਹਟਾ ਕੇ ਥਰਮਲਾਂ ਦੇ ਗੇਟਾਂ ਅੱਗੇ ਲਾ ਦਿੱਤੇ ਅਤੇ ਭਰਾਤਰੀ ਜਥੇਬੰਦੀਆਂ ਨੇ ਪਲੇਟਫਾਰਮਾਂ ਤੋਂ ਧਰਨੇ ਹਟਾ ਕੇ ਪਾਰਕਾਂ ਵਿੱਚ ਲਾ ਦਿੱਤੇ ਤਾ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਤੇ ਪਹਿਰਾ ਦਿੰਦਿਆਂ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨਾਂ ਤੇ ਹਮਾਇਤੀ ਕਿਰਤੀ ਲੋਕਾਂ ਨੂੰ ਸਬਕ ਸਿਖਾਉਣ ਦੀ ਬਦਲਾ-ਲਊ ਭਾਵਨਾ ਨਾਲ ਪੈਸੈਂਜਰ ਅਤੇ ਅਡਾਨੀ ਦੀਆਂ ਗੱਡੀਆਂ ਚਲਾਉਣ ਦੀ ਸ਼ਰਤ ਮੜ ਕੇ ਮਾਲ ਗੱਡੀਆਂ ਨਾ ਚਲਾਉਣ ਦਾ ਹੰਕਾਰੀ ਫੈਸਲਾ ਜਾਰੀ ਰੱਖਿਆ ਹੈ ਜੋ ਕਿ ਰੇਲਵੇ ਗੱਡੀਆਂ ਬੰਦ ਤੋਂ ਬਾਅਦ ਦੁਬਾਰਾ ਚਲਾਉਣ ਲਈ ਪਹਿਲਾਂ ਸਿਰਫ਼ ਮਾਲਗੱਡੀਆਂ ਚਲਾਉਣ ਦੇ ਕਾਨੂੰਨ ਦੀ ਵੀ ਉਲੰਘਣਾ ਹੈ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਭੋਰਾ ਵੀ ਫ਼ਿਕਰ ਨਹੀਂ, ਉਨ੍ਹਾਂ ਨੂੰ ਤਾਂ ਸਿਰਫ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫਿਆਂ ਵਿਚ ਰੁਕਾਵਟ ਆਉਣ ਦਾ ਫਿਕਰ ਹੀ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਹਾਲੇ ਤੱਕ ਤਾਂ ਭਾਰਤ ਵਿੱਚ ਕੁਝ ਜਨਤਕ ਅਦਾਰੇ ਅਤੇ ਮਾਲ ਖ਼ਜ਼ਾਨੇ ਤੇ ਸਭ ਤੋਂ ਵੱਧ ਜਮਹੂਰੀਅਤ ਵਾਲੀ ਸਰਕਾਰ ਦੇ ਅਧੀਨ ਹਨ ਜੇਕਰ ਸਰਕਾਰ ਹੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਲੇਲੜੀਆਂ ਕੱਢਣ ਲਈ ਮਜਬੂਰ ਕਰ ਰਹੀ ਹੈ ਤਾਂ ਜਦੋਂ ਸਾਰਾ ਕੁਝ ਇਹਨਾਂ ਕਾਰਪੋਰੇਟ ਘਰਾਣਿਆਂ ਅਤੇ ਦੇਸੀ ਬਦੇਸ਼ੀ ਕੰਪਨੀਆਂ ਦੇ ਕਬਜ਼ੇ ਵਿਚ ਹੋ ਗਿਆ ਕਿਰਤੀ ਲੋਕਾਂ ਹਰ ਲੋੜ ਲੲੀ ਇਹਨਾਂ ਦੇ ਕਿੰਨੇ ਮੁਥਾਜ ਹੋ ਜਾਣਗੇ । ਉਹਨਾਂ ਸਮੂਹ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਚੱਲ ਰਹੇ ਮੋਰਚਿਆਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ ਤਾਂ ਜੋ ਮੋਦੀ ਸਰਕਾਰ ਨੂੰ ਵਿਸ਼ਾਲ ਅਤੇ ਤਿੱਖੇ ਸੰਘਰਸ਼ ਰਾਹੀਂ ਇਹ ਖੇਤੀ ਅਤੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਜਾ ਸਕੇ। ਜੇਕਰ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਦਲਾ-ਲਊ ਵਿਹਾਰ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਹ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੇ ਲਗਾਤਾਰ ਵਧ ਰਹੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਅੱਜ 41ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਟੋਲ ਪਲਾਜ਼ਾ ਜੀਦਾ, ਟੋਲ ਪਲਾਜ਼ਾ ਲਹਿਰਾ ਬੇਗਾ, ਬੈਸਟ ਪਰਾਈਸ ਭੁੱਚੋ ਮੰਡੀ, ਰਿਲਾਇੰਸ ਪੰਪ ਰਾਮਪੁਰਾ, ਭਾਜਪਾ ਆਗੂ ਮੱਖਣ ਜਿੰਦਲ ਰਾਮਪੁਰਾ ਦੇ ਘਰ ਅੱਗੇ ਧਰਨੇ ਜਾਰੀ ਹਨ। ਅੱਜ ਦੇ ਧਰਨਿਆਂ ਨੂੰ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ, ਦਰਸ਼ਨ ਸਿੰਘ ਮਾਈਸਰਖਾਨਾ, ਬਸੰਤ ਸਿੰਘ ਕੋਠਾ ਗੁਰੂ, ਰਾਜਵਿੰਦਰ ਸਿੰਘ ਰਾਜੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਨਿੱਕਾ ਸਿੰਘ ਜੇਠੂਕੇ, ਕੁਲਵੰਤ ਸ਼ਰਮਾ, ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਪਾਲਾ ਸਿੰਘ ਕੋਠਾ ਗੁਰੂ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟ ਗੁਰੂ, ਬਿੰਦਰ ਸਿੰਘ ਜੋਗੇਵਾਲਾ, ਪਰਮਜੀਤ ਕੌਰ ਪਿੱਥੋ ,ਹਰਪ੍ਰੀਤ ਕੌਰ ਜੇਠੂਕੇ , ਕਰਮਜੀਤ ਕੌਰ ਲਹਿਰਾ ਖਾਨਾ, ਚਰਨਜੀਤ ਕੌਰ ਭੁੱਚੋ ਖੁਰਦ ਨੇ ਵੀ ਸੰਬੋਧਨ ਕੀਤਾ ।ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਮੁਫਤ ਡਾਕਟਰੀ ਕੈਂਪ ਜਾਰੀ ਹਨ।