ਕੁਲਵੰਤ ਸਿੰਘ ਕੀਤੂ ਦੇ ਸਮਰਥਕ ਅਹੁਦੇਦਾਰਾਂ ਨੂੰ ਇਸ਼ਾਰੇ ਦਾ ਇੰਤਜ਼ਾਰ
ਹਰਿੰਦਰ ਨਿੱਕਾ , ਬਰਨਾਲਾ 10 ਨਵੰਬਰ 2020
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਰਹੂਮ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਵਾਰਿਸ ਕੁਲਵੰਤ ਸਿੰਘ ਕੀਤੂ ਦੇ ਸਿਰ ਤੋਂ ਜਿਲ੍ਹਾ ਪ੍ਰਧਾਨਗੀ ਦਾ ਤਾਜ਼ ਲਾਹ ਕੇ ਸੰਤ ਬਾਬਾ ਟੇਕ ਸਿੰਘ ਧਨੌਲਾ ਦੇ ਸਿਰ ਸਜਾਉਣ ਤੋਂ ਬਾਅਦ ਕੁਲਵੰਤ ਸਿੰਘ ਕੀਤੂ ਦੇ ਸਮਰਥਕ ਘੋਰ ਨਿਰਾਸ਼ਾ ਦੇ ਦੌਰ ਵਿੱਚੋਂ ਗੁਜਰ ਰਹੇ ਹਨ। ਕੀਤੂ ਸਮਰਥਕਾਂ ਦੇ ਦਾਇਰੇ ‘ਚੋਂ ਬਾਹਰ ਆ ਰਹੀ ਖਬਰ ਮੁਤਾਬਿਕ ਕੀਤੂ ਸਮਰਥਕ ਜਿਲ੍ਹਾ ਪੱਧਰੀ ਕਈ ਆਗੂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਰਣਨੀਤੀ ਦਾ ਮਨ ਬਣਾਈ ਬੈਠੇ ਹਨ। ਅਸਤੀਫੇ ਦੇਣ ਦੇ ਐਲਾਨ ਵਿੱਚ ਦੇਰੀ ਦੀ ਵਜ੍ਹਾ ਇਹ ਹੈ ਕਿ ਜਿਲ੍ਹਾ ਪ੍ਰਧਾਨਗੀ ਦੀ ਕੁਰਸੀ ਹੱਥੋਂ ਖੁੱਸ ਜਾਣ ਸਮੇਂ ਕੁਲਵੰਤ ਸਿੰਘ ਸੂਬੇ ਤੋਂ ਬਾਹਰ ਗਏ ਹੋਏ ਸਨ। ਹੁਣ ਕੁਲਵੰਤ ਸਿੰਘ ਕੀਤੂ ਇੱਥੇ ਪਹੁੰਚ ਗਏ ਹਨ। ਪਤਾ ਇਹ ਵੀ ਲੱਗਿਆ ਹੈ ਕਿ ਕੀਤੂ ਆਪਣੇ ਸਮਰਥਕਾਂ ਦੀ ਕੋਈ ਵੱਡੀ ਮੀਟਿੰਗ ਬੁਲਾਉਣ ਦੀ ਬਜਾਏ,ਆਪਣੇ ਸਮਰਥਕਾਂ ਨਾਲ ਦੋ-ਦੋ ਚਾਰ ਚਾ ਨੇਤਾਵਾਂ ਨੂੰ ਮਿਲ ਕੇ ਹੀ ਅਗਲੀ ਰਣਨੀਤੀ ਬਾਰੇ ਉਨਾਂ ਦੀ ਰਾਇ ਲੈ ਰਹੇ ਹਨ। ਕੀਤੂ ਸਮਰਥਕ ਇੱਕ ਜਿਲ੍ਹਾ ਪੱਧਰੀ ਅਹੁਦੇਦਾਰ ਨੇ ਬਰਨਾਲਾ ਟੂਡੇ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਆਪਣੇ ਦਿਲ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ , ਮੇਰਾ ਆਪਣਾ ਮਨ ਹੈ ਕਿ ਜਦੋਂ ਸਾਡੇ ਆਗੂ ਕੁਲਵੰਤ ਸਿੰਘ ਕੀਤੂ ਨੂੰ ਹੀ ਅਹੁਦੇ ਤੋਂ ਅਲਹਿਦਾ ਕਰ ਦਿੱਤਾ ਹੈ, ਫਿਰ ਉਸ ਸਮੇਤ ਕਈ ਹੋਰ ਆਗੂਆਂ ਦਾ ਮਨ ਵੀ ਅਹੁਦੇ ਤੇ ਬਣੇ ਰਹਿਣ ਦਾ ਨਹੀਂ ਕਰਦਾ। ਉਨਾਂ ਕਿਹਾ ਕਿ ਮੈਂ ਅਸਤੀਫਾ ਲਿਖ ਕੇ ਰੱਖਿਆ ਹੋਇਆ ਹੈ, ਬੱਸ ਇੱਕ ਵਾਰ ਆਪਣੇ ਆਗੂ ਕੁਲਵੰਤ ਸਿੰਘ ਨਾਲ ਗੱਲ ਕਰਕੇ , ਹੀ ਅਸਤੀਫੇ ਦਾ ਐਲਾਣ ਕਰ ਦਿਆਂਗਾ।
ਜਿਲ੍ਹਾ ਪ੍ਰਧਾਨਗੀ ਗਈ ਤਾਂ ਹੁਣ ਰਹਿੰਦੀ ਹਲਕਾ ਇੰਚਾਰਜੀ ਵੀ ਨਹੀਂ!
ਮਰਹੂਮ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਭਾਂਵੇ ਖੁਦ ਇਸ ਦੁਨੀਆਂ ਤੇ ਨਹੀਂ ਰਹੇ, ਪਰ ਉਨਾਂ ਦੀ ਇਲਾਕੇ ਦੇ ਗਰੀਬ ਲੋਕਾਂ ਦਾ ਮਸੀਹਾ ਹੋਣ ਦੀ ਭੱਲ ਹਾਲੇ ਵੀ ਜਿਉਂ ਦੀ ਤਿਉਂ ਬਰਕਰਾਰ ਹੈ ਅਤੇ ਸਵਰਗੀ ਮਲਕੀਤ ਸਿੰਘ ਕੀਤੂ ਦੇ ਵੱਡੀ ਗਿਣਤੀ ਵਿੱਚ ਸਮਰਥਕ ਹਾਲੇ ਵੀ ਪਹਿਲਾਂ ਦੀ ਤਰਾਂ ਹੀ ਕਾਇਮ ਹਨ। ਕੀਤੂ ਸਮਰਥਕ ਇੱਕ ਆਗੂ ਨੇ ਲੰਬਾ ਹਾਊਂਕਾ ਭਰਦਿਆਂ ਕਿਹਾ, ਜੱਟ ਦੇ ਜਿਉਂਦੇ ਜੀਅ ਵੱਡੇ ਵੱਡੇ ਅਕਾਲੀ ਲੀਡਰ ਵੀ ਉਸ ਦੀ ਮਰਜੀ ਤੋਂ ਬਿਨਾਂ ਹਲਕੇ ਅੰਦਰ ਪੈਰ ਰੱਖਣ ਦੀ ਹਿੰਮਤ ਵੀ ਨਹੀਂ ਸੀ ਕਰਦੇ। ਹੁਣ ਜਦੋਂ ਉਹ ਹੀ ਨਹੀਂ ਰਿਹਾ, ਫਿਰ ਹੁਣ ਤਾਂ ਗਿੱਦੜ ਵੀ ਸੁੰਨਾਂ ਰਾਜਸੀ ਪਿੜ ਦੇਖ ਕੇ ਛਾਲਾਂ ਮਾਰਦੇ ਫਿਰਦੇ ਹਨ। ਉਨਾਂ ਕਿਹਾ ਕਿ ਅਕਾਲੀਆਂ ਦੇ ਹਾਲਤ ਦੱਸਦੇ ਨੇ ਕਿ ਹੁਣ ਅਕਾਲੀ ਦਲ ‘ਚ ਕੁਲਵੰਤ ਸਿੰਘ ਕੀਤੂ ਦੀ ਬਹੁਤੀ ਪੁੱਛ ਵੀ ਨਹੀਂ ਰਹੀ। ਦਵਿੰਦਰ ਸਿੰਘ ਬੀਹਲੇ ਨੂੰ ਬਾਦਲ ਪਰਿਵਾਰ ਦਾ ਪੂਰਾ ਥਾਪੜਾ ਹੈ। ਇਸੇ ਕਰਕੇ ਹੀ, ਕੁਲਵੰਤ ਸਿੰਘ ਕੀਤੂ ਤੋਂ ਜਿਲ੍ਹਾ ਪ੍ਰਧਾਨਗੀ ਖੋਹ ਕੇ ਬਾਬਾ ਟੇਕ ਸਿੰਘ ਨੂੰ ਦੇ ਦਿੱਤੀ ਗਈ । ਲੱਗਦਾ ਇਹ ਵੀ ਹੈ ਕਿ ਜਦੋਂ ਕੁਲਵੰਤ ਕੀਤੂ ਕੋਲ ਪ੍ਰਧਾਨਗੀ ਚਲੀ ਗਈ, ਹੁਣ ਰਹਿੰਦੀ ਹਲਕਾ ਇੰਚਾਰਜੀ ਵੀ ਨਹੀਂ!
ਕੀਤੂ ਦੀ ਸੁਰ ‘ਚ ਬੋਲ ਰਹੇ ਬਹੁਤੇ ਜਿਲ੍ਹਾ ਪੱਧਰੀ ਆਗੂ
ਕੀਤੂ ਦੇ ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਜਿਲ੍ਹੇ ਦੇ ਬਹੁਤੇ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਦੀ ਸੁਰ ‘ਚ ਸੁਰ ਹੀ ਮਿਲਾਉਂਦੇ ਹਨ। ਇੱਨਾਂ ਵਿੱਚੋਂ ਸ੍ਰੋਮਣੀ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਦੇ ਜਿਲ੍ਹਾ ਪੱਧਰੀ ਆਗੂਆਂ ਨੂੰ ਸਿਰਫ ਕੀਤੂ ਦੇ ਇਸ਼ਾਰੇ ਦਾ ਹੀ ਇੰਤਜਾਰ ਹੈ। ਇਸ਼ਾਰਾ ਹੁੰਦਿਆਂ ਹੀ ਕਈ ਆਗੂ ਅਸਤੀਫਿਆਂ ਦੀ ਝੜੀ ਲਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲਾਂ ਤੋਂ ਹੀ ਕਈ ਧੜਿਆਂ ਵਿੱਚ ਵੰਡੇ ਅਕਾਲੀ ਦਲ ਦੀ ਸਿਹਤ ਲਈ ਠੀਕ ਨਹੀਂ ਹੋਵੇਗਾ।