ਹਰਿੰਦਰ ਨਿੱਕਾ ਬਰਨਾਲਾ 10 ਨਵੰਬਰ 2020
ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ 41 ਵੇਂ ਦਿਨ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਖਾਸ ਕਰ ਔਰਤਾਂ, ਮਰਦਾਂ ਤੇ ਨੌਜਵਾਨਾਂ ਦੇ ਅਕਾਸ਼ ਗੁੰਜਾਊ ਨਾਹਰਿਆਂ ਦੀ ਰੋਹਲੀ ਗਰਜ ਮੋਦੀ ਹਕੂਮਤ ਦੀ ਨੀਂਦ ਹਰਾਮ ਕਰੀ ਰੱਖੀ । ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਤੋਂ ਪਹਿਲਾਂ ਸੰਜੀਦਾ ਹੋਣ ਦੀ ਗੱਲ ਜੋਰਦਾਰ ਢੰਗ ਨਾਲ ਆਖੀ। ਮੰਗ ਕੀਤੀ ਕਿ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦਿਆਂ ਕਿਸਾਨਾਂ ਵੱਲੋਂ ਰੇਲ ਪਟੜੀਆਂ, ਰੇਲਵੇ ਸਟੇਸ਼ਨ ਖਾਲੀ ਕਰਨ ਦੇ ਬਾਵਜੂਦ ਬਿਨ੍ਹਾਂ ਵਜਾਹ ਰੋਕੀਆਂ ਹੋਈਆਂ ਰੇਲ ਗੱਡੀਆਂ ਫੌਰੀ ਤੌਰ’ਤੇ ਚਾਲੂ ਕੀਤੀਆਂ ਜਾਣ। ਕਿਉਂਕਿ ਪੰਜਾਬ ਅੰਦਰ ਖੇਤੀ ਬਾੜੀ ਲਈ ਖਾਦਾਂ ਨਾਂ ਪਹੁੰਚਣ ਕਾਰਨ ਕਿਸਾਨਾਂ ਨੂੰ ਫਸਲਾਂ ਪਾਲਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਇਲੇ ਦੀ ਸਪਲਾਈ ਨਾਂ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਤ ਵਪਾਰੀ ਤਬਕੇ ਦਾ ਤਿਆਰ ਮਾਲ ਮਹੀਨਾ ਭਰ ਦੇ ਵੱਧ ਸਮੇਂ ਤੋਂ ਰੇਲਵੇ ਸਟੇਸ਼ਨਾਂ ਉੱਪਰ ਪਿਆ ਰੁਲ ਰਿਹਾ ਹੈ।
ਇਸ ਤਰ੍ਹਾਂ ਕੇਂਦਰ ਸਰਕਾਰ ਕਿਸਾਨਾਂ ਸਮੇਤ ਸਮੁੱਚੇ ਛੋਟੇ ਕਾਰੋਬਾਰੀਆਂ ਨੂੰ ਉਜਾੜਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਰਚ ਰਹੀ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਪਹਿਲਾਂ ਹੀ ਵੱਡੀ ਸਨਅਤ ਨਹੀਂ ਹੈ। ਦਰਮਿਆਨੇ ਦਰਜੇ ਦੀ ਸਾਈਕਲ, ਹੌਜਰੀ ਅਤੇ ਖੇਡਾਂ ਦੇ ਸਮਾਨ ਦੀ ਸਨਅਤ ਹੀ ਹੈ। ਇਸ ਸਨਅਤ ਵਿੱਚ ਵੀ 50 ਹਜਾਰ ਕਰੋੜ ਤੋਂ ਵਧੇਰੇ ਦਾ ਤਿਆਰ ਮਾਲ ਗੁਦਾਮਾਂ ਜਾ ਰੇਲਵੇ ਸਟੇਸ਼ਨਾਂ ਉੱਪਰ ਰੁਲ ਰਿਹਾ ਹੈ। ਮੋਦੀ ਹਕੂਮਤ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਸੂਬੇ ਦੀ ਬਾਂਹ ਮਰੋੜਨ ਲਈ ਮਾਲ ਗੱਡੀਆਂ ਦੀ ਬਿਨ੍ਹਾਂ ਵਜਾਹ ਬੰਦ ਕੀਤੀ ਆਵਾਜਾਈ ਕਾਰਨ ਸਮੁੱਚੇ ਪੰਜਾਬ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਕੱਲ੍ਹ ਨੂੰ ਇਹ ਤਬਕਾ ਵੀ ਮੋਦੀ ਸਰਕਾਰ ਖਿਲ਼ਾਫ ਸੜਕਾਂ ਤੇ ਨਿੱਕਲਣ ਲਈ ਮਜਬੂਰ ਹੋਵੇਗਾ।
ਆਗੂਆਂ ਕਿਹਾ ਕਿ ਰਾਓ-ਮਨਮੋਹਣ ਸਿੰਘ ਦੀ ਜੋੜੀ ਵੱਲੋਂ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਥੱਲੇ ਆਕੇ ਸ਼ੁਰੂ ਕੀਤੇ ਆਰਥਿਕ ਸੁਧਾਰਾਂ ਦੀ ਪ੍ਰਕ੍ਰਿਆ ਤਹਿਤ ਹੁਣ ਮੋਦੀ ਹਕੂਮਤ ਜਲ, ਜੰਗਲ, ਜਮੀਨ ਸਮੇਤ ਸਮੁੱਚਾ ਕਾਰੋਬਾਰ ਸਾਮਰਾਜੀ ਮੁਲਕਾਂ ਸਮੇਤ ਮੁਲਕ ਦੇ ਚੰਦ ਕੁ ਉੱਚ ਅਮੀਰ ਘਰਾਣਿਆਂ ਅੰਬਾਨੀਆਂ, ਅਡਾਨੀਆਂ, ਮਿੱਤਲਾਂ, ਟਾਟਿਆਂ ਨੂੰ ਕੌਡੀਆਂ ਦੇ ਭਾਅ ਥਾਲੀ’ਚ ਪਰੋਸ ਕੇ ਸੌਂਪਣ ਲਈ ਮੋਦੀ ਹਕੂਮਤ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਫੈਸਲਾ ਕਰ ਰਹੀ ਹੈ। ਅੱਜ ਵੱਖ-ਵੱਖ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਜਗਸੀਰ ਸਿੰਘ ਸੀਰਾ ਗੁਰਨਾਮ ਸਿੰਘ ਠੀਕਰੀਵਾਲ, ਜਸਵੀਰ ਸਿੰਘ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਉਜਾਗਰ ਸਿੰਘ ਬੀਹਲਾ, ਕਰਨੈਲ ਸਿੰਘ ਗਾਂਧੀ, ਲੰਗਰ ਕਮੇਟੀ ਦੇ ਕੁਲਵਿੰਦਰ ਸਿੰਘ ਉੱਪਲੀ,ਬਾਬੂ ਸਿੰਘ ਖੁੱਡੀਕਲਾਂ, ਪਰਮਜੀਤ ਕੌਰ, ਮਜਦੂਰ ਆਗੂ ਮੱਖਣ ਸਿੰਘ ਰਾਮਗੜ੍ਹ,ਮੇਲਾ ਸਿੰਘ ਕੱਟੂ, ਸਾਧੂ ਸਿੰਘ, ਨਛੱਤਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਅਗਲੇ ਮੁਲਕ ਪੱਧਰ ਦੀਆਂ 375 ਕਿਸਾਨ ਅਤੇ ਸਹਾਇਕ ਕਿੱਤਿਆਂ ਦੀਆਂ ਜਥੇਬੰਦੀਆਂ ਵੱਲੋਂ 26-27 ਨਵੰਬਰ ਦਿੱਲੀ ਇਤਿਹਾਸਕ ਕਿਸਾਨ ਮਾਰਚ ਦੀ ਸਫਲਤਾ ਲਈ ਹੁਣੇ ਤੋਂ ਪਿੰਡਾਂ ਵਿੱਚ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ।
ਇਸ ਇਤਿਹਾਸਕ ਮਾਰਚ ਲਈ ਸਭ ਇਨਸਾਫਪਸੰਦ, ਜਨਤਕ ਜਮਹੂਰੀ ਜਥੇਬੰਦੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਲੰਬੇ ਸਮੇਂ ਤੋਂ ਸਾਂਝੇ ਕਿਸਾਨੀ ਸੰਘਰਸ਼ ਵਿੱਚ ਪੂਰੇ ਉਤਸ਼ਾਹ ਨਾਲ ਸ਼ਾਮਿਲ ਹੋ ਰਹੀਆਂ ਦੋ ਸਕੂਲੀ ਵਿਦਿਆਰਥਣਾਂ ਗਗਨਦੀਪ ਅਤੇ ਸਾਵਨਪ੍ਰੀਤ ਕੌਰ ਨੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪੰਡਾਲ ਵਿੱਚ ਨਵਾਂ ਜੋਸ਼ ਭਰਿਆ। ਟੌਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ/ਪਟਰੋਲ ਪੰਪ, ਡੀਮਾਰਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨੇ ਉਸੇ ਤਰ੍ਹਾਂ ਜਾਰੀ ਰਹੇ। ਜਿਨ੍ਹਾਂ ਨੂੰ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਸਿਕੰਦਰ ਸਿੰਘ ਭੂਰੇ, ਮੇਜਰ ਸਿੰਘ ਸੰਘੇੜਾ, ਗੁਰਮੇਲ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਜਸਪਾਲ ਸਿੰਘ ਕਲਾਲਮਾਜਰਾ ਨੇ ਨਿਭਾਈ।