ਝਾੜ ਵੀ ਵਧਿਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ’ਚ ਵੀ ਚੋਖਾ ਵਾਧਾ
ਰਘਵੀਰ ਹੈਪੀ ਬਰਨਾਲਾ, 10 ਨਵੰਬਰ 2020
ਜ਼ਿਲ੍ਹੇ ਦੇ ਪਿੰਡ ਭਗਤਪੁਰਾ ਮੌੜ ਦਾ ਕਿਸਾਨ ਜਬਰ ਸਿੰਘ ਮਾਨ ਪਿਛਲੇ ਕਰੀਬ 4 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਦਾ ਸੁਚੱਜਾ ਨਿਬੇੜਾ ਕਰ ਕੇ ਹੋਰਨਾਂ ਕਿਸਾਨਾਂ ਲਈ ਉਦਾਹਰਣ ਬਣਿਆ ਹੋਇਆ ਹੈ। ਕਿਸਾਨ ਜਬਰ ਸਿੰਘ ਮਾਨ ਨੇ ਦੱਸਿਆ ਕਿ ਉਹ 12 ਏਕੜ ਰਕਬੇ ਵਿੱਚ ਫਸਲ ਦੀ ਬਿਜਾਈ ਕਰਦੇ ਹਨ। ਉਨ੍ਹਾਂ ਨੇ ਪਿਛਲੀਆਂ ਸੱਤ ਫਸਲਾਂ ਦੌਰਾਨ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਵਾਰ ਵੀ ਸੁਪਰ ਐਸਐਮਐਸ ਵਾਲੀ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਵਾ ਕੇ ਸੁਪਰ ਸੀਡਰ ਨਾਲ ਕÎਣਕ ਦੀ ਬਿਜਾਈ ਕੀਤੀ ਹੈ।
ਇਸ ਮੌਕੇ ਜਬਰ ਸਿੰਘ ਦੇ ਪੁੱਤਰ ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਉਹ ਅਤੇ ਉਨ੍ਹਾਂ ਦੇ ਭਰਾ ਬਲਜਿੰਦਰ ਸਿੰਘ ਸਿਹਤ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਹਨ ਤੇ ਉਹ ਇਸ ਬਦੌਲਤ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹਨ ਕਿ ਅਜਿਹਾ ਕੋਈ ਕਦਮ ਨਾ ਉਠਾਇਆ ਜਾਵੇ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਵੇ ਜਾਂ ਹੋਰ ਲੋਕਾਂ ਦਾ ਨੁਕਸਾਨ ਹੋਵੇ। ਕੁਲਦੀਪ ਸਿੰਘ ਨੇ ਦੱੱਸਿਆ ਕਿ ਪਹਿਲਾਂ ਉਨ੍ਹਾਂ ਦੀ ਜ਼ਮੀਨ ਬਹੁਤੀ ਉਪਜਾਊ ਨਹੀਂ ਸੀ, ਕਾਫੀ ਰੇਤੀਲੀ ਸੀ, ਪਰ ਪਰਾਲੀ ਨੂੰ ਜ਼ਮੀਨ ਵਿਚ ਹੀ ਵਾਹੁਣ ਸਦਕਾ ਹੁਣ ਉਨ੍ਹਾਂ ਦੀ ਜ਼ਮੀਨ ਬੇਹੱਦ ਉਪਜਾਊ ਹੈ ਅਤੇ ਉਨ੍ਹਾਂ ਨੂੰ ਫਸਲ ਤੋਂ ਚੋਖਾ ਝਾੜ ਪ੍ਰਾਪਤ ਹੁੰਦਾ ਹੈ।
ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਇਸ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ, ਲੋਕਾਂ ਨੂੰ ਬਿਮਾਰੀਆਂ ਘੇਰਦੀਆਂ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਇਸ ਮੌਕੇ ਅਗਾਂਹਵਧੂ ਕਿਸਾਨ ਜੁਗਰਾਜ ਸਿੰਘ ਅਤੇ ਲਾਲਾ ਸਿੰਘ ਨੇ ਵੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਕਿਸਾਨ ਜਬਰ ਸਿੰਘ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਜ਼ਿਲ੍ਹਾ ਬਰਨਾਲਾ ਦੇ ਕਿਸਾਨ ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਲਈ ਅੱਗੇ ਆ ਰਹੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਹੈ।