ਸਵੇਰੇ ਕਰੀਬ 7:30 ਵਜੇ ਹੋਈ ਘਟਨਾ, ਮੌਕੇ ਤੋਂ ਦੋਸ਼ੀ ਹੋਏ ਫਰਾਰ
ਹਰਿੰਦਰ ਨਿੱਕਾ , ਰਘਵੀਰ ਹੈਪੀ ,ਬਰਨਾਲਾ 9 ਨਵੰਬਰ 2020
ਜਿਲ੍ਹੇ ਦੇ ਪਿੰਡ ਕਾਲੇਕੇ ਵਿੱਚ ਖੇਤ ਦੀ ਵੱਟ ਪਿੱਛੇ ਦੋ ਧਿਰਾਂ ਦਰਮਿਆਨ ਕਈ ਦਿਨ ਤੋਂ ਚੱਲ ਰਿਹਾ ਝਗੜਾ ਸੋਮਵਾਰ ਦੀ ਸਵੇਰੇ ਖੂਨੀ ਰੂਪ ਧਾਰਨ ਗਿਆ। ਜਦੋਂ ਖੇਤ ਵਿੱਚ ਇਕੱਠੀਆਂ ਦੋਵੇਂ ਧਿਰਾਂ ਵਿੱਚੋਂ ਇੱਕ ਨੇ ਰਾਈਫਲ ਨਾਲ ਅੰਧਾਧੁੰਦ ਫਾੲਰਿੰਗ ਸ਼ੁਰੂ ਕਰ ਦਿੱਤੀ। ਫਾੲਰਿੰਗ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਮਨਦੀਪ ਸਿੰਘ ਨਿਵਾਸੀ ਕਾਲੇਕੇ ਨੇ ਦੱਸਿਆ ਕਿ ਉਨਾਂ ਦਾ ਜਮੀਨ ਸਬੰਧੀ ਪ੍ਰਦੀਪ ਸਿੰਘ। , ਮਨੀਆ, ਭਰਪੂਰ ਸਿੰਘ ਅਤੇ ਗਿੰਦਰ ਸਿੰਘ ਵਗੈਰਾ ਨਾਲ ਝਗੜਾ ਚੱਲਦਾ ਸੀ। ਐਤਵਾਰ ਨੂੰ ਉਕਤ ਵਿਅਕਤੀਆਂ ਨੇ ਸਾਡੇ ਖੇਤ ਵਿੱਚ ਵੱਟ ਪਾ ਦਿੱਤੀ। ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਤਾਂ ਅਸੀਂ ਵੀ ਅੱਜ ਸਵੇਰੇ ਆਪਣੇ ਖੇਤ ਵਿੱਚ ਪਹੁੰਚ ਗਏ। ਐਨੇ ਨੂੰ ਹੀ ਪ੍ਰਦੀਪ ਸਿੰਘ, ਭਰਪੂਰ ਸਿੰਘ , ਗਿੰਦਰ ਸਿੰਘ ਅਤੇ ਮਨੀਆ ਸਿੰਘ ਵੀ ਉੱਥੇ ਪਹੁੰਚੇ ਇੱਨਾਂ ਕੋਲ ਰਾਈਫਲ ਸੀ, ਦੋਸ਼ੀਆਂ ਨੇ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਨਾਲ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਜਸਮੇਲ ਸਿੰਘ ਅਤੇ ਗੁਰਕੀਰਤ ਸਿੰਘ ਜਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
-ਵਾਰਦਾਤ ਦਾ ਪਤਾ ਲੱਗਿਆ ਤਾਂ ਪਹੁੰਚੇ ਐਸ.ਪੀ.ਡੀ ਵਿਰਕ ਤੇ ਡੀ.ਐਸ.ਪੀ. ਟਿਵਾਣਾ
ਕਾਲੇਕੇ ਪਿੰਡ ਵਿੱਚ ਜਮੀਨ ਸਬੰਧੀ ਝਗੜੇ ਦੌਰਾਨ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਬਾਰੇ ਪਤਾ ਲੱਗਦਿਆਂ ਹੀ ਐਸ.ਪੀ.ਡੀ ਸੁਖਦੇਵ ਸਿੰਘ ਵਿਰਕ ਅਤੇ ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ ਆਦਿ ਹੋਰ ਅਧਿਕਾਰੀ ਹਸਪਤਾਲ ਵਿਖੇ ਪਹੁੰਚ ਗਏ। ਇਸ ਮੌਕੇ ਐਸ.ਪੀ.ਡੀ ਵਿਰਕ ਨੇ ਕਿਹਾ ਕਿ ਹੁਣ ਤੱਕ ਦੀ ਮਿਲੀ ਸੂਚਨਾ ਅਨੁਸਾਰ ਕਰੀਬ 16 ਸਾਲ ਪਹਿਲਾਂ ਦੋਵਾਂ ਧਿਰਾਂ ਦਰਮਿਆਨ ਜਮੀਨ ਦਾ ਤਬਾਦਲਾ ਹੋਇਆ ਸੀ। ਹੁਣ ਜਮੀਨ ਦੀ ਵੱਟ ਨੂੰ ਲੈ ਕੇ ਝਗੜਾ ਹੋ ਗਿਆ। ਗੋਲੀ ਲੱਗਣ ਨਾਲ ਕੁਲਵਿੰਦਰ ਸਿੰਘ ਉਰਫ ਕੁਲਵੀਰ ਸਿੰਘ ਦੀ ਮੌਤ ਹੋ ਗਈ,ਜਦੋਂ ਕਿ ਦੋ ਹੋਰ ਵਿਅਕਤੀ ਜਖਮੀ ਵੀ ਹੋ ਗਏ। ਉਨਾਂ ਕਿਹਾ ਕਿ ਪੁਲਿਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।