ਵੋਟਿੰਗ ਸ਼ੁਰੂ, ਸ਼ਾਮ 4: 30 ਵਜੇ ਤੱਕ ਪੈਣਗੀਆਂ ਵੋਟਾਂ, ਨਤੀਜਿਆਂ ਦਾ ਐਲਾਨ ਵੀ ਹੋਊ ਅੱਜ
ਹਰਿੰਦਰ ਨਿੱਕਾ , ਬਰਨਾਲਾ 6 ਨਵੰਬਰ 2020
ਜਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਲਈ ਇਸ ਵਾਰ ਜਬਰਦਸਤ ਟੱਕਰ ਹੋ ਰਹੀ ਹੈ। ਵੋਟਾਂ ਅੱਜ ਸਵੇਰੇ 9:30 ਵਜੇ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਵੋਟਾਂ ਪੈਣ ਦਾ ਕੰਮ ਸ਼ਾਮ 4: 30 ਤੱਕ ਜਾਰੀ ਰਹੇਗਾ। ਚੋਣ ਕਮੇਟੀ ਦੇ ਚੇਅਰਮੈਨ ਐਡਵੋਕੇਟ ਰੁਮਿੰਦਰਦੀਪ ਸਿੰਘ ਸੇਖੂ, ਐਡਵੋਕੇਟ ਕੁਲਵਿਜੇ ਸਿੰਘ ਅਤੇ ਐਡਵੋਕੇਟ ਸੰਦੀਪ ਕੁਮਾਰ ਦੀ ਦੇਖ ਰੇਖ ਵਿੱਚ ਚੋਣ ਦੀ ਪ੍ਰਕਿਰਿਆ ਮੁਕੰਮਲ ਹੋ ਰਹੀ ਹੈ। ਪ੍ਰਸ਼ਾਸ਼ਨ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਹਨ। ਪ੍ਰਧਾਨ ਅਤੇ ਜੁਆਇੰਟ ਸੈਕਟਰੀ ਦੇ ਅਹੁਦਿਆਂ ਲਈ ਤਿਕੋਣਾ ਅਤੇ ਕਾਫੀ ਸਖਤ ਮੁਕਾਬਲਾ ਹੋ ਰਿਹਾ ਹੈ । ਜਦੋਂ ਕਿ ਸੈਕਟਰੀ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਆਹਮੋ-ਸਾਹਮਣੇ ਦੀ ਟੱਕਰ ਹੈ।
ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਅਭੇ ਕੁਮਾਰ ਜਿੰਦਲ , ਐਡਵੋਕੇਟ ਪਰਮਜੀਤ ਸਿੰਘ ਮਸੌਣ ਅਤੇ ਐਡਵੋਕੇਟ ਪੰਕਜ ਬਾਂਸਲ ਦਰਮਿਆਨ ਫਸਵਾਂ ਮੁਕਾਬਲਾ ਹੋ ਰਿਹਾ ਹੈ। ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਨਵੀਨ ਕੁਮਾਰ ਗਰਗ ਤਪਾ ਅਤੇ ਐਡਵੋਕੇਟ ਦਰਸ਼ਨ ਸਿੰਘ ਸਿੰਮਕ ਦਰਮਿਆਨ ਮੁਕਾਬਲਾ ਹੈ। ਮੀਤ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਨਿਤਨ ਬਾਂਸਲ ਅਤੇ ਮਨੀਸ਼ ਕੁਮਾਰ ਦੀ ਆਹਮਣੇ ਸਾਹਮਣੇ ਟੱਕਰ ਹੋ ਰਹੀ ਹੈ। ਇਸੇ ਤਰਾਂ ਜੁਆਇੰਟ ਸੈਕਟਰੀ ਲਈ ਐਡਵੋਕੇਟ ਯਸ਼ਪਾਲ ਜੋਸ਼ੀ, ਐਡਵੋਕੇਟ ਸਾਮੰਤ ਗੋਇਲ ਅਤੇ ਐਡਵੋਕੇਟ ਰਜਨੀ ਕੌਰ ਦਰਮਿਆਨ ਤਿਕੋਣਾ ਮੁਕਾਬਲਾ ਹੋ ਰਿਹਾ ਹੈ। ਸਾਰੇ ਹੀ ਅਹੁਦਿਆਂ ਲਈ ਚੋਣ ਮੈਦਾਨ ‘ਚ ਕਿਸਮਤ ਅਜਮਾਉਣ ਲਈ ਉੱਤਰੇ ਉਮੀਦਵਾਰਾਂ ਨੇ ਚੋਣ ਦੰਗਲ ‘ਚ ਬਾਜੀ ਮਾਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ ।
ਚੋਣ ਕਮੇਟੀ ਦੇ ਮੈਂਬਰ ਅਤੇ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਕੋਅਪਟਿਡ ਮੈਂਬਰ ਐਡਵੋਕੇਟ ਕੁਲਵਿਜੇ ਸਿੰਘ ਨੇ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਪੁਰਅਮਨ ਢੰਗ ਨਾਲ ਜਾਰੀ ਹੈ। ਵੋਟਰਾਂ ਵਿੱਚ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਮੁਕੰਮਲ ਹੁੰਦਿਆਂ ਹੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ। ਦੇਰ ਸ਼ਾਮ ਤੱਕ ਹੀ ਚੋਣ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।