ਕੱਦਾਵਰ ਅਕਾਲੀ ਲੀਡਰ ਭੋਲਾ ਸਿੰਘ ਵਿਰਕ ਤੇ ਪਾਉਣ ਲੱਗਾ ਡੈਮੋਕ੍ਰੇਟਿਕ ਦਲ ਡੋਰੇ
ਹਰਿੰਦਰ ਨਿੱਕਾ , ਬਰਨਾਲਾ 5 ਨਵੰਬਰ 2020
ਅਕਾਲੀ ਦਲ ਦੀ ਫੁੱਟ ਦੀ ਵਜ੍ਹਾ ਨਾਲ ਲੰਘੀਆਂ ਤਿੰਨ ਵਿਧਾਨ ਸਭਾ ਚੋਣਾਂ ਅੰਦਰ ਜਿਲ੍ਹੇ ਅੰਦਰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖ ਚੁੱਕੇ ਅਕਾਲੀ ਦਲ ਬਾਦਲ ਨੂੰ ਜਿਲ੍ਹੇ ,ਚ ਵੱਡਾ ਰਾਜਸੀ ਝਟਕਾ ਲੱਗਣ ਦੇ ਆਸਾਰ ਬਣ ਗਏ ਹਨ। ਅਕਾਲੀ ਦਲ ਤੋਂ ਅਲਹਿਦਾ ਹੋ ਕੇ ਨਵੀਂ ਪਾਰਟੀ ਅਕਾਲੀ ਦਲ ਡੈਮੋਕ੍ਰੇਟਿਕ ਬਣਾਉਣ ਵਾਲੇ ਘਾਗ ਸਿਆਸਤਦਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਖੜ੍ਹੇ ਆਗੂਆਂ ਨੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਘਰ ਬੈਠੇ ਜਿਲ੍ਹੇ ਦੇ।ਕੱਦਾਵਰ ਲੀਡਰ ਅਤੇ ਸਟੇਟ ਅਵਾਰਡੀ ਭੋਲਾ ਸਿੰਘ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ।
ਇਸੇ ਰਾਜਸੀ ਕਵਾਇਦ ਦੇ ਤਹਿਤ ਅਕਾਲੀ ਦਲ ਡੈਮੋਕ੍ਰੇਟਿਕ ਦੇ ਮੁੱਖ ਬੁਲਾਰੇ ਤੇ ਰਾਜ ਸੂਚਨਾ ਕਮਿਸ਼ਨ ਦੇ ਸਾਬਕਾ ਮੈਂਬਰ ਨਿਧੱੜਕ ਸਿੰਘ ਬਰਾੜ ਵੀਰਵਾਰ ਨੂੰ ਭੋਲਾ ਸਿੰਘ ਵਿਰਕ ਦੀ ਰਿਹਾਇਸ਼ ਵਿਰਕ ਕੰਪਲੈਕਸ ਵਿਖੇ ਪਹੁੰਚੇ। ਇਸ ਮਿਲਣੀ ਨੂੰ ਭਾਵੇਂ ਦੋਵਾਂ ਆਗੂਆਂ ਨੇ ਨਿੱਜੀ ਮਿਲਣੀ ਕਰਾਰ ਦਿੱਤਾ। ਪਰੰਤੂ ਇਸ ਮਿਲਣੀ ਦੇ ਦੂਰਗਾਮੀ ਨਤੀਜੇ ਜਿਲ੍ਹੇ ਦੀ ਅਕਾਲੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਜਰੂਰ ਤਹਿ ਕਰਨਗੇ।
ਬਾਦਲਾਂ ਤੇ ਵਰ੍ਹਿਆਂ ਨਿਧੱੜਕ ਬਰਾੜ
ਅਕਾਲੀ ਦਲ ਡੈਮੋਕ੍ਰੇਟਿਕ ਦਾ ਮੁੱਖ ਬੁਲਾਰਾ ਨਿਧੱੜਕ ਸਿੰਘ ਬਰਾੜ ਚੁਨਿੰਦਾ ਪੱਤਰਕਾਰਾਂ ਦੀ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਬਾਦਲ ਪਰਿਵਾਰ ਦੇ ਤਿੰਨੋਂ ਆਗੂਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕਾਫੀ ਵਰ੍ਹਿਆ। ਬਰਾੜ ਨੇ ਕਿਹਾ ਕਿ ਪੰਜ ਵਾਰ ਸੂਬੇ ਦਾ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ ਕਿਸਾਨੀ ਤੇ ਆਏ ਸਭ ਤੋਂ ਵੱਡੇ ਸੰਕਟ ਦੀ ਘੜੀ ਕਮਰੇ ਅੰਦਰ ਲੁਕ ਕੇ ਬਹਿ ਗਿਆ ਹੈ। ਉਨ੍ਹਾ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਸਿਰਫ ਤਿੰਨ ਹੀ ਮੌਕਿਆਂ ਤੇ ਬਾਹਰ ਨਿੱਕਲਿਆ ਹੈ, ਪਹਿਲਾਂ ਢੀਂਡਸਾ ਪਰਿਵਾਰ ਦੇ ਖਿਲਾਫ ਸੰਗਰੂਰ ਚ,ਕੀਤੀ ਰੈਲੀ ਮੌਕੇ, ਦੂਜਾ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦੇ ਪੱਖ ਵਿੱਚ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਉਣ ਲਈ ਨੂੰਹ ਪੁੱਤ ਦੀ ਬੋਲੀ ਬੋਲਣ ਲਈ ਅਤੇ ਹੁਣ ਕਿਸਾਨ ਸੰਘਰਸ਼ ਤੋਂ ਬਾਅਦ ਅਕਾਲੀ ਦਲ ਦੀ ਖਿਸਕਦੀ ਰਾਜਸੀ ਜਮੀਨ ਨੂੰ ਬਚਾਉਣ ਲਈ ਆਪਣੇ ਪਹਿਲੇ ਸਟੈਂਡ ਤੇ ਯੂ ਟਰਨ ਲੈ ਕੇ ਕੇਂਦਰ ਦੇ ਬਿਲਾਂ ਦੇ ਵਿਰੋਧ ਦਾ ਢੌਂਗ ਕਰਨ ਲਈ ਕਮਰੇ ਤੋਂ ਬਾਹਰ ਆਇਆ। ਬਰਾੜ ਨੇ ਕਿਹਾ ਕਿ ਕਿਸਾਨੀ ਤੇ ਪੰਜਾਬ ਦੇ ਹੱਕ ਵਿੱਚ ਆਉਣ ਤੋਂ ਪਾਸਾ ਵੱਟ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ ਏ ਕੌਮ ਦਾ ਖਿਤਾਬ ਵਾਪਿਸ ਕਰ ਦੇਣਾ ਚਾਹੀਦਾ ਹੈ। ਬਰਾੜ ਜਦੋਂ ਬਾਦਲਾਂ ਖਿਲਾਫ ਭੜਾਸ ਕੱਢ ਰਹੇ ਸਨ,ਤਾਂ ਅਕਾਲੀ ਆਗੂ ਭੋਲਾ ਸਿੰਘ ਵਿਰਕ ਵੀ,ਬਰਾੜ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਰਹੇ।
ਵਿਰਕ ਦੇ ਪਾਲਾ ਬਦਲਣ ਨਾਲ ਡੈਮੋਕ੍ਰੇਟਿਕ ਦਲ ਨੂੰ ਮਿਲੂ ਤਕੜਾ ਹੁਲਾਰਾ
ਸਟੇਟ ਅਵਾਰਡੀ ਭੋਲਾ ਸਿੰਘ ਵਿਰਕ ਇਲਾਕੇ ਦੇ ਇਕਲੌਤੇ ਅਜਿਹੇ ਅਕਾਲੀ ਆਗੂ ਹਨ,ਜਿਨ੍ਹਾਂ ਦਾ ਜਿਲ੍ਹੇ ਦੇ ਤਿਨੋਂ ਵਿਧਾਨ ਸਭਾ ਹਲਕਿਆਂ ,ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵਿੱਚ ਚੋਖਾ, ਨਿੱਜੀ ਮਜਬੂਤ ਜਨ ਅਧਾਰ ਹੈ। ਵਿਰਕ ਜਿਲ੍ਹੇ ਦੇ ਪਹਿਲੇ ਅਜਿਹੇ ਆਗੂ ਹਨ,ਜਿਨ੍ਹਾਂ ਨੂੰ ਜਿਲ੍ਹੇ ਦੀਆਂਂ ਦੋ ਮਾਰਕੀਟ ਕਮੇਟੀਆਂ ਬਰਨਾਲਾ ਅਤੇ ਭਦੌੜ ਦਾ ਚੇਅਰਮੈਨ ਬਣ ਕੇ ਕਿਸਾਨਾਂ ਦੇ ਹਿੱਤ ਦੇ ਕੰਮ ਖੁੱਲ੍ਹ ਕੇ ਕਰਨ ਦਾ ਮੌਕਾ ਮਿਲਿਆ ਹੈ। ਇੱਥੇ ਹੀ ਬੱਸ ਨਹੀਂ, ਵਿਰਕ ਦਾ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਟਰੱਕ ਯੂਨੀਅਨਾਂ ਵਿੱਚ ਵੀ ਕਾਫੀ ਪ੍ਰਭਾਵ ਹੈ। ਜੇਕਰ ਵਿਰਕ ਰਾਜਸੀ ਪਾਲਾ ਬਦਲ ਕੇ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਡੈਮੋਕ੍ਰੇਟਿਕ ਜੁਆਇਨ ਕਰਦੇ ਹਨ ਤਾਂ ਇਸ ਨਾਲ ਬਾਦਲ ਦਲ ਨੂੰ ਵੱਡਾ ਰਾਜਸੀ ਝਟਕਾ ਲੱਗੇਗਾ ਅਤੇ ਡੈਮੋਕ੍ਰੇਟਿਕ ਦਲ ਨੂੰ ਵੱਡਾ ਰਾਜਸੀ ਲਾਭ ਮਿਲਣਾ ਲੱਗਭੱਗ ਤੈਅ ਹੀ ਹੋਵੇਗਾ।