ਪਰਾਲੀ ਦੀ ਸੰਭਾਲ ਲਈ ਹੈਪੀਸੀਡਰ ਨਾਲ ਕਣਕ ਬੀਜਣ ਵਾਲੀ ਮਿਹਨਤੀ ਕਿਸਾਨ ਐ ਅਮਨਦੀਪ ਕੌਰ

Advertisement
Spread information

35 ਏਕੜ ਰਕਬੇ ‘ਚ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹੈ ਅਮਨਦੀਪ ਦਾ ਪਰਿਵਾਰ


ਹਰਪ੍ਰੀਤ ਕੌਰ  ਸੰਗਰੂਰ, 5 ਨਵੰਬਰ:2020 
                 ਪਿੰਡ ਕਨੋਈ ਦੀ 21 ਸਾਲਾ ਨੌਜਵਾਨ ਲੜਕੀ ਅਮਨਦੀਪ ਕੌਰ ਆਪਣੇ ਪਰਿਵਾਰ ਨਾਲ ਮਿਲ ਕੇ ਖੇਤੀ ਨੂੰ ਨਵੀਂ ਸੇਧ ’ਚ ਜੁਟੀ ਹੋਈ ਹੈ। ਅਮਨਦੀਪ ਕੌਰ ਨੇ ਖੇਤੀਬਾੜੀ ਵਿੱਚ ਹੱਥੀਂ ਕੰਮ ਕਰਨ ਦੀ ਅਜਿਹੀ ਮਿਸਾਲ ਸਿਰਜੀ ਹੈ ਜਿਸ ਨਾਲ ਉਹ ਨਾ ਸਿਰਫ ਹੋਰਨਾਂ ਲੜਕੀਆਂ ਲਈ ਮਾਰਗ ਦਰਸ਼ਕ ਬਣਕੇ ਉੱਭਰੀ ਹੈ, ਸਗੋਂ ਪੰਜਾਬ ਦੇ ਉਨਾਂ ਹਜ਼ਾਰਾਂ ਨੌਜਵਾਨਾਂ ਲਈ ਵੀ ਇੱਕ ਮਿਸਾਲ ਪੇਸ਼ ਕੀਤੀ ਹੈ ਜੋ ਆਪਣੇ ਖੇਤਾਂ ’ਚ ਕੰਮ ਕਰਨ ਦੀ ਬਜਾਏ ਵਿਦੇਸ਼ਾਂ ’ਚ ਜਾ ਕੇ ਮਜ਼ਦੂਰੀ ਕਰਦੇ ਹਨ। ਡਾ  ਮਨਦੀਪ ਸਿੰਘ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕਿ੍ਰਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਡਾ  ਬੂਟਾ ਸਿੰਘ ਰੋਮਾਣਾ, ਮੁਖੀ, ਖੇਤ ਸਲਾਹਕਾਰ ਕੇਂਦਰ, ਸੰਗਰੂਰ ਨੇ ਦੱਸਿਆ ਕਿ ਅਮਨਦੀਪ ਕੌਰ ਆਪਣੇ ਪਿਤਾ ਸ. ਹਰਮਿਲਾਪ ਸਿੰਘ ਤੂਰ ਦੇ ਨਾਲ 37 ਏਕੜ ਜ਼ਮੀਨ ਵਿੱਚ ਖੇਤੀ ਕਰਦੀ ਹੈ।
                ਉਨਾਂ ਦੱਸਿਆ ਕਿ ਅਮਨਦੀਪ ਕੌਰ ਆਪਣੀ ਫੂਡ ਪ੍ਰੋਸੈਸਿੰਗ ਦੀ ਗ੍ਰੈਜੂਏਸ਼ਨ ਦੇ ਨਾਲ ਨਾਲ ਆਪਣੇ ਪਿਤਾ ਨਾਲ ਪੁੱਤਰ ਦੀ ਤਰਾਂ ਕੰਮ ਕਰਕੇ ਆਪਣੀ ਮਾਂ ਭੂਮੀ ਅਤੇ ਪਰਿਵਾਰ ਦੀ ਸੇਵਾ ਦਾ ਆਨੰਦ ਮਾਣ ਰਹੀ ਹੈ। ਉਨਾਂ ਦੱਸਿਆ ਕਿ ਅਮਨਦੀਪ ਨੇ ਲਗਭਗ ਤਿੰਨ ਸਾਲ ਪਹਿਲਾਂ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਕਾਫੀ ਸਾਰਾ ਕੰਮ ਕਰਨਾ ਸਿੱਖ ਚੁੱਕੀ ਹੈ ਅਤੇ ਖੁਦ ਟਰੈਕਟਰ ਚਲਾ ਕੇ ਖੇਤੀ ਦਾ ਸਾਰਾ ਕੰਮ ਕਰ ਲੈਂਦੀ ਹੈ। ਉਹ ਤਵੀਆਂ ਅਤੇ ਹਲਾਂ ਨਾਲ ਖੇਤਾਂ ਦੀ ਵਾਹੀ ਕਰ ਲੈਂਦੀ ਹੈ ਅਤੇ ਆਧੁਨਿਕ ਖੇਤੀ ਮਸ਼ੀਨਰੀ ਜਿਵੇਂ ਹੈਪੀ ਸੀਡਰ ਅਤੇ ਡੀ.ਐਸ.ਆਰ ਮਸ਼ੀਨ ਵੀ ਚਲਾ ਲੈਂਦੀ ਹੈ।
               ਅਮਨਦੀਪ ਦਾ ਮੰਨਣਾ ਹੈ ਕਿ ਹੁਣ ਜਦੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਅਤੇ ਵਾਤਾਵਰਣ ਪ੍ਰਦੂਸ਼ਣ ਸਮੇਤ ਖੇਤੀਬਾੜੀ ਨੂੰ ਹੋਰ ਕਈ ਚੁਣੌਤੀਆਂ ਦਰਪੇਸ਼ ਆ ਰਹੀਆਂ ਹਨ ਤਾਂ ਖੇਤੀਬਾੜੀ ‘ਚ ਆਧੁਨਿਕ ਤਕਨੀਕਾਂ ਅਪਨਾਉਣਾ ਸਮੇਂ ਦੀ ਮੁੱਖ ਲੌੜ ਹੈ। ਜਿਸ ਲਈ ਉਹ ਆਪਣੇ ਪਿਤਾ ਦੀ ਤਰਾਂ ਕਿ੍ਰਸ਼ੀ ਵਿਗਿਆਨ ਕੇਂਦਰ, ਖੇੜੀ, ਖੇਤ ਸਲਾਹਕਾਰ ਸੇਵਾ ਕੇਂਦਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਦੇ ਮਾਹਿਰਾਂ ਨਾਲ ਜੁੜੀ ਹੋਈ ਹੈ। ਉਸ ਦੀ ਪ੍ਰੇਰਣਾ ਸਦਕਾ ਹੀ ਉਸ ਦੇ ਪਰਿਵਾਰ ਨੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਲਾਉਣੀ ਛੱਡ ਦਿੱਤੀ ਹੈ। ਉਨਾਂ ਨੇ ਪਿਛਲੇ ਸੀਜ਼ਨ ’ਚ ਰੀਪਰ ਅਤੇ ਸਪ੍ਰੈੈਡਰ ਮਾਰ ਕੇ ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਅਤੇ ਬਾਅਦ ’ਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਦਿੱਤੀ। ਜਿਸ ਤੋਂ ਉਨਾਂ ਨੂੰ 20 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਦੀ ਪੈਦਾਵਾਰ ਪ੍ਰਾਪਤ ਹੋਈ। ਅਮਨਦੀਪ ਦੀ ਪ੍ਰੇਰਣਾ ਸਦਕਾ ਹੀ ਸੰਗਰੂਰ ਜ਼ਿਲੇ ਦੇ ਪਿੰਡ ਚੱਠਾ ਸੇਖਵਾਂ ਵਿਖੇ ਰਹਿ ਰਹੇ ਉਸ ਦੇ ਨਾਨਕਾ ਪਰਿਵਾਰ ਨੇ ਵੀ ਲਗਭਗ 25 ਏਕੜ ਰਕਬੇ ਵਿੱਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਅਤੇ 21 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਦਾ ਝਾੜ ਪ੍ਰਾਪਤ ਕੀਤਾ।
               ਅਮਨਦੀਪ ਨੇ ਆਪਣੇ ਪਿਤਾ ਅਤੇ ਮਾਮੇ ਦੇ ਨਾਲ ਖੁਦ ਹੈਪੀ ਸੀਡਰ ਚਲਾ ਕੇ ਕਣਕ ਦੀ ਬਿਜਾਈ ਕੀਤੀ। ਇਸ ਸਾਲ ਉਸ ਦਾ ਪਰਿਵਾਰ 35 ਏਕੜ ਰਕਬੇ ਵਿੱਚ ਸੁਪਰ ਐਸ ਐਮ ਐਸ ਵਾਲੀ ਕੰਬਾਇਨ ਨਾਲ ਝੋਨਾ ਕਟਵਾਉਣ ਤੋਂ ਬਾਅਦ ਖੜੇ ਕਰਚਿਆਂ ਵਿੱਚ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ, ਜਿਸ ਵਿਚੋਂ 15 ਏਕੜ ਵਿੱਚ ਉਸ ਨੇ ਖੁਦ ਹੈਪੀਸੀਡਰ ਚਲਾ ਕੇ ਕਣਕ ਦੀ ਬਿਜਾਈ ਕੀਤੀ ਹੈ। ਉਹ ਦੱਸਦੀ ਹੈ ਕਿ ਇੱਕ ਏਕੜ ਦੀ ਬਿਜਾਈ ਕਰਨ ਲਈ ਤਕਰੀਬਨ ਡੇਢ ਘੰਟੇ ਦਾ ਸਮਾਂ ਲਗਦਾ ਹੈ ਅਤੇ ਲਗਭਗ 4-5 ਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ। ਉਹ ਚੱਠੇ ਸੇਖਵਾਂ ਵਿਖੇ ਰਹਿ ਰਹੇ ਉਸ ਦੇ ਨਾਨਕਾ ਪਰਿਵਾਰ ਨੂੰ ਵੀ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਇੱਕ ਦਿਨ ਲਈ ਉੱਥੇ ਜਾ ਕੇ ਵੀ ਬਿਜਾਈ ਕਰ ਕੇ ਆਈ ਹੈ ਜੋ ਕਿ ਕੁਲ 25-26 ਕਿੱਲੇ ਰਕਬੇ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਹੈਪੀਸੀਡਰ ਨਾਲ ਬਿਜਾਈ ਕਰ ਰਹੇ ਹਨ। ਜਿਲਾ ਪ੍ਰਸ਼ਾਸਨ ਵੱਲੋਂ ਵੀ ਅਮਨਦੀਪ ਦੀ ਇਸ ਪਹਿਲ ਕਦਮੀ ਅਤੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!