ਨੀਲਾ ਕਾਰਡ ਬਣਾਉਣ ਸਮੇਂ ਸਲਾਨਾ ਆਮਦਨੀ ਜੀਰੋ ਲਿਖਾਉਣ ਵਾਲਾ ਸ਼ਾਹੂਕਾਰ ਖੁਦ ਭਰ ਰਿਹਾ ਇਨਕਮ ਟੈਕਸ ਰਿਟਰਨ
ਹਰਿੰਦਰ ਨਿੱਕਾ ਬਰਨਾਲਾ 5 ਨਵੰਬਰ 2020
ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਸੂਬਾ ਸਰਕਾਰ ਵੱਲੋਂ ਜਾਰੀ ਨੀਲੇ ਕਾਰਡ (ਸਮਾਰਟ ਰਾਸ਼ਨ ਕਾਰਡ) ਤੇ ਮੁਫਤ ਦਿੱਤੀ ਜਾ ਰਹੀ ਕਣਕ ਤੇ ਦਾਲ ਦੀ ਸਕੀਮ ਦਾ ਫਾਇਦਾ ਫੂਡ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਭਦੌੜ ਸ਼ਹਿਰ ਦਾ ਇੱਕ ਸ਼ਾਹੂਕਾਰ ਵੀ ਨੀਲਾ ਕਾਰਡ ਬਣਾ ਕੇ ਲੈ ਰਿਹਾ ਹੈ। ਜਾਰੀ ਕਾਰਡ ਤੇ ਸ਼ਾਹੂਕਾਰ ਦੀ ਸਲਾਨਾ ਆਮਦਨੀ 0 ਦਰਜ਼ ਕੀਤੀ ਗਈ ਹੈ। ਜਦੋਂ ਕਿ ਵਪਾਰੀ ਹੋਣ ਦੇ ਨਾਤੇ ਉਹ ਇਨਕਮ ਟੈਕਸ ਵਿਭਾਗ ਕੋਲ ਬਕਾਇਦਾ ਆਪਣੀ ਸਲਾਨਾ ਆਮਦਨੀ ਸਬੰਧੀ ਰਿਟਰਨ ਵੀ ਭਰ ਰਿਹਾ ਹੈ। ਇਹ ਗਭੀਰ ਮਾਮਲਾ ਉਦੋਂ ਸਾਹਮਣੇ ਆਇਆ ,ਜਦੋਂ ਸ਼ਾਹੂਕਾਰ ਦਾ ਪਰਿਵਾਰ ਨੀਲੇ ਕਾਰਡ ਤੇ ਨਵੰਬਰ ਮਹੀਨੇ ਤੱਕ ਦੀ 75 ਕਿਲੋ ਕਣਕ ਅਤੇ 5 ਕਿੱਲੋ ਦਾਲ ਲੈ ਕੇ ਜਾਂਦਾ ਕੁਝ ਲੋਕਾਂ ਨੇ ਦੇਖ ਲਿਆ। ਡਿਪੂ ਹੋਲਡਰ ਭੂਸ਼ਣ ਕੁਮਾਰ ਨੇ ਵੀ ਉਕਤ ਸ਼ਾਹੂਕਾਰ ਵੱਲੋਂ ਨੀਲੇ ਕਾਰਡ ਤੇ ਕਣਕ ਅਤੇ ਦਾਲ ਲੈ ਕੇ ਜਾਣ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਪਰੰਤੂ ਨੀਲਾ ਕਾਰਡ ਧਾਰਕ ਰਮੇਸ਼ ਚੰਦ ਨੇ ਨੀਲਾ ਕਾਰਡ ਬਣੇ ਹੋਣ ਤੋਂ ਹੀ ਅਣਜਾਣਤਾ ਪ੍ਰਗਟ ਕੀਤੀ ਹੈ। ਪਰੰਤੂ ਉਨਾਂ ਇਨਕਮ ਟੈਕਸ ਰਿਟਰਨ ਭਰਨ ਬਾਰੇ ਜਰੂਰ ਮੰਨਿਆ ਹੈ। ਇਸ ਘਟਨਾਕ੍ਰਮ ਦੇ ਜੱਗਜਾਹਿਰ ਹੋ ਜਾਣ ਨਾਲ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਨੀਲੇ ਕਾਰਡ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ।
-ਨੀਲੇ ਕਾਰਡ ਨੰ. 030006477846 ਦੀ ਚਰਚਾ ਗਲੀ ਗਲੀ,,
ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ‘ਚ ਕੇਬਲ ਟੀਵੀ ਨੈਟਵਰਕ ਦਾ ਕੰਮ ਕਰਦੇ ਰਮੇਸ਼ ਚੰਦ ਦੇ ਨਾਮ ਤੇ ਕਾਰਡ ਨੰ. 030006477846 ਬਣਿਆ ਹੋਇਆ ਹੈ। ਕਾਰਡ ਤੇ ਪਰਿਵਾਰ ਦੇ ਮੁਖੀ ਰਮੇਸ਼ ਚੰਦ ਸਣੇ 3 ਜੀਅ ਦਰਜ਼ ਹਨ। ਕਾਰਡ ਵਿੱਚ ਪਰਿਵਾਰ ਦੀ ਸਲਾਨਾ ਆਮਦਨ 0 , ਯਾਨੀ ਕੁਝ ਵੀ ਨਾ ਹੋਣ ਬਾਰੇ ਹੀ ਦਰਜ਼ ਹੈ। ਜਦੋਂ ਕਿ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਉਕਤ ਪਰਿਵਾਰ ਕੋਲ ਇੱਕ ਕਾਰ, ਆਲੀਸ਼ਾਨ ਕੋਠੀ ਤੋੰ ਇਲਾਵਾ ਏ.ਸੀ, ਫਰਿਜ, ਐਲਈਡੀ ਆਦਿ ਤੋ ਇਲਾਵਾ ਹਰ ਤਰਾਂ ਦੀਆਂ ਸੁੱਖ ਸੁਵਿਧਾਵਾਂ ਮੌਜੂਦ ਹਨ। ਜਦੋਂ ਕਿ ਸ਼ਹਿਰ ਦੀ ਹੀ ਅਜਿਹੇ ਸੈਂਕੜੇ ਪਰਿਵਾਰ ਜਿਹੜੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਤੋਂ ਵੀ ਅਸਮਰੱਥ ਹਨ, ਉਨਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ। ਲੋਕਾਂ ਵਿੱਚ ਚਰਚਾ ਹੈ ਕਾਰਡ ਬਣਵਾਉਣ ਵਾਲੇ ਤੋਂ ਇਲਾਵਾ ਰਮੇਸ਼ ਚੰਦ ਦਾ ਕਾਰਡ ਬਣਾਉਣ ਦੀ ਸਿਫਾਰਸ਼ ਕਰਨ ਵਾਲੇ ਦੀ ਸ਼ਿਨਾਖਤ ਕਰਕੇ, ਉਸ ਨੂੰ ਬੇਨਕਾਬ ਕਰਨ ਦੀ ਜਰੂਰਤ ਹੈ।
ਰਮੇਸ਼ ਚੰਦ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਮੇਰਾ ਕਾਰਡ ਬਣਿਆ ਹੋਇਆ,,
ਵਿਵਾਦਿਤ ਨੀਲਾ ਕਾਰਡ ਧਾਰਕ ਰਮੇਸ਼ ਚੰਦ ਨੇ ਪੁੱਛਣ ਤੇ ਕਿਹਾ ਕਿ ਉਸ ਨੂੰ ਕੋਈ ਇਲਮ ਨਹੀਂ ਕਿ ਮੇਰਾ ਨੀਲਾ ਕਾਰਡ ਬਣਿਆ ਹੈ ਜਾਂ ਉਸ ਤੇ ਮੁਫਤ ਕਣਕ ਤੇ ਦਾਲ ਲਈ ਜਾ ਰਹੀ ਹੈ। ਉਨਾਂ ਕਾਰਡ ਤੇ ਦਰਜ਼ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਨਾਮਾਂ ਦੀ ਆਪਣੇ ਪਰਿਵਾਰ ਦੇ ਮੈਂਬਰ ਹੋਣ ਬਾਰੇ ਪੁਸ਼ਟੀ ਕੀਤੀ। ਰਮੇਸ਼ ਚੰਦ ਨੇ ਕਿਹਾ ਕਿ ਬੇਸ਼ੱਕ ਉਹ ਇਨਕਮ ਟੈਕਸ ਦੀ ਰਿਟਰਨ ਭਰਦਾ ਹੈ, ਪਰੰਤੂ ਲੌਕਡਾਉਨ ਤੋਂ ਬਾਅਦ ਬੜੀ ਮੁਸ਼ਕਿਲ ਨਾ ਹੀ ਘਰ ਦਾ ਗੁਜਾਰਾ ਚੱਲਦਾ ਹੈ। ਉਨਾਂ ਕਿਹਾ ਕਿ ਮੈਂ ਘਰ ਜਾ ਕੇ ਨੀਲਾ ਕਾਰਡ ਬਣੇ ਹੋਣ ਬਾਰੇ ਕਨਫਰਮ ਕਰਾਂਗਾ। ਜੇਕਰ ਕਾਰਡ ਬਣਿਆ ਹੋਇਆ ਤਾਂ ਮੈਂ ਖੁਦ ਹੀ ਕਾਰਡ ਕਟਵਾ ਦਿਆਂਗਾ।
ਡਿੱਪੂ ਹੋਲਡਰ ਨੇ ਕਿਹਾ , ਹਾਂ ਰਮੇਸ਼ ਚੰਦ ਦੇ ਕਾਰਡ ਤੇ ਦਿੱਤੀ ਕਣਕ ਤੇ ਦਾਲ
ਡਿੱਪੂ ਹੋਲਡਰ ਭੂਸ਼ਣ ਕੁਮਾਰ ਨੇ ਪੁੱਛਣ ਤੇ ਦੱਸਿਆ ਕਿ ਉਸ ਨੇ ਆਪਣੇ ਡਿੱਪੂ ਤੋਂ ਰਮੇਸ਼ ਚੰਦ ਦੇ ਨਾਮ ਤੇ ਕਾਰਡ ਨੰ. 030006477846 ਤੇ ਨਵੰਬਰ ਮਹੀਨੇ ਤੱਕ ਦੀ ਪ੍ਰਤੀ ਜੀਅ ਦੇ ਹਿਸਾਬ ਨਾਲ 75 ਕਿੱਲੋ ਕਣਕ ਅਤੇ 5 ਕਿੱਲੋ ਦਾਲ ਪਰਿਵਾਰ ਨੂੰ ਮੁਫਤ ਦਿੱਤੀ ਹੈ। ਉਨਾਂ ਕਾਰਡ ਬਣਾਉਣ ਬਾਰੇ ਕਿਹਾ ਕਿ ਕਾਰਡ ਬਣਾਉਣਾ ਤੇ ਉਸ ਦੀ ਪੜਤਾਲ ਕਰਨਾ, ਫੂਡ ਸਪਲਾਈ ਵਿਭਾਗ ਦਾ ਕੰਮ ਹੈ। ਅਸੀਂ ਤਾਂ ਨੀਲੇ ਕਾਰਡ ਧਾਰਕ ਨੂੰ ਸਕੀਮ ਦਾ ਲਾਭ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ।
ਡੀ.ਐਫ.ਸੀ. ਢਿੱਲੋਂ ਨੇ ਕਿਹਾ, ਫਾਰਮ ਦੀ ਜਾਂਚ ਤੋਂ ਬਾਅਦ ਕਰਾਂਗੇ ਕਾਨੂੰਨੀ ਕਾਰਵਾਈ
ਜਿਲ੍ਹਾ ਫੂਡ ਕੰਟਰੋਲਰ ਅਤਿੰਦਰ ਕੌਰ ਢਿੱਲੋਂ ਨੇ ਉਕਤ ਨੀਲੇ ਕਾਰਡ ਸਬੰਧੀ ਪੁੱਛਣ ਤੇ ਕਿਹਾ ਕਿ ਉਨਾਂ ਵਿਵਾਦਿਤ ਨੀਲੇ ਕਾਰਡ ਦਾ ਫਾਰਮ ਭਦੌੜ ਦਫਤਰ ਦੇ ਕਰਮਚਾਰੀਆਂ ਨੂੰ ਭਲਕੇ ਉਨਾਂ ਦੇ ਦਫਤਰ ਲੈ ਕੇ ਆਉਣ ਨੂੰ ਕਹਿ ਦਿੱਤਾ ਹੈ। ਜੇਕਰ ਕਾਰਡ ਬਣਾਉਣ ਸਮੇਂ ਪੇਸ਼ ਕੀਤੇ ਤੱਥ ਗਲਤ ਦਰਸਾਏ ਸਾਹਮਣੇ ਆਏ ਤਾਂ ਕਾਰਡ ਬਣਾਉਣ ਲਈ ਦੋਸ਼ੀਆਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਕਰਨ ਲਈ ਆਲ੍ਹਾ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ।
ਕਿਸਾਨ ਯੂਨੀਅਨ ਦਾ ਨੇਤਾ ਬੋਲਿਆ,,,
ਕਿਸਾਨ ਯੂਨੀਅਨ ਦੇ ਨੇਤਾ ਗੋਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗਰੀਬਾ ਦਾ ਰਾਸ਼ਨ ਖਾਣ ਵਾਲੇ ਉਕਤ ਸ਼ਾਹੂਕਾਰ ਦੇ ਖਿਲਾਫ ਜਾਲੀ ਫਰਜੀ ਦਸਤਾਵੇਜ ਪੇਸ਼ ਕਰਕੇ ਪੰਜਾਬ ਸਰਕਾਰ ਨਾਲ ਧੋਖਾਧੜੀ ਕਰਕੇ ਗਬੀਬਾਂ ਦੇ ਹਿੱਸੇ ਦਾ ਰਾਸ਼ਨ ਲੈਣ ਵਾਲੇ ਵਿਅਕਤੀ ਖਿਲਾਫ ਅਪਰਾਧਿਕ ਕੇਸ ਦਰਜ਼ ਕੀਤਾ ਜਾਵੇ। ਉਨਾਂ ਕਿਹਾ ਕਿ ਗਰੀਬਾਂ ਦਾ ਹੁਣ ਤੱਕ ਰਾਸ਼ਨ ਲੈਣ ਵਾਲੇ ਨੀਲਾ ਕਾਰਡ ਧਾਰਕ ਸ਼ਾਹੂਕਾਰ ਤੋਂ ਹੁਣ ਤੱਕ ਪ੍ਰਾਪਤ ਕੀਤਾ ਰਾਸ਼ਨ ਵੀ ਰਿਕਵਰ ਕੀਤਾ ਜਾਵੇ।