ਦਵਿੰਦਰ ਬੀਹਲਾ ਦੀਆਂ ਹੋਈਆਂ ਪੌਂ ਬਾਰਾਂ, ਚੁੱਪ ਚਪੀਤੇ ਕੀਤੂ ਨੂੰ ਕੀਤਾ ਚਿੱਤ
ਹਰਿੰਦਰ ਨਿੱਕਾ ਬਰਨਾਲਾ 5 ਨਵੰਬਰ 2020
ਸ੍ਰੋਮਣੀ ਅਕਾਲੀ ਦਲ ਦੀ ਹਾਲਤ ਭਾਂਵੇ ਲੰਘੀਆਂ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਪਾਣਿਉਂ ਪਤਲੀ ਹੀ ਰਹੀ ਹੈ। ਪਰੰਤੂ ਹੁਣ ਫਿਰ ਅਕਾਲੀ ਦਲ ਵੱਲੋਂ ਸ੍ਰੋਮਣੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨਗੀ ਮਰਹੂਮ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਿਆਸੀ ਵਾਰਿਸ ਕੁਲਵੰਤ ਸਿੰਘ ਕੀਤੂ ਤੋਂ ਜਿਲ੍ਹਾ ਪ੍ਰਧਾਨਗੀ ਦੀ ਕੁਰਸੀ ਖੋਹ ਕੇ ਸ੍ਰੋਮਣੀ ਅਕਾਲੀ ਦਲ ਚੋਂ ਛਾਲ ਮਾਰ ਕੇ ਕਈ ਬੇੜੀਆਂ ‘ਚ ਸਵਾਰ ਹੋਣ ਵਾਲੇ ਸੰਤ ਬਾਬਾ ਟੇਕ ਸਿੰਘ ਧਨੌਲਾ ਦੇ ਸਿਰ ਪ੍ਰਧਾਨਗੀ ਦਾ ਤਾਜ਼ ਸਜਾ ਦਿੱਤਾ ਗਿਆ ਹੈ। ਅਕਾਲੀ ਦਲ ਦੀ ਹਾਈਕਮਾਨ ਦੇ ਇਸ ਰੱਦੋਬਦਲ ਦੇ ਫੈਸਲੇ ਨੇ ‘’ ਕੋਹੜ ਵਿੱਚ ਖਾਜ਼’’ ਦਾ ਕੰਮ ਹੀ ਕੀਤਾ ਹੈ।
ਅਕਾਲੀ ਲੀਡਰਸ਼ਿਪ ਦੇ ਇਸ ਫੈਸਲੇ ਨਾਲ ਜਿਲ੍ਹੇ ਅੰਦਰ ਅਕਾਲੀ ਵਰਕਰਾਂ ਦੀ ਨਵੀਂ ਸਫਬੰਦੀ ਹੋਣ ਦੇ ਆਸਾਰ ਦਿਖਾਈ ਦੇਣ ਲੱਗ ਪਏ ਹਨ। ਅਕਾਲੀ ਲੀਡਰਸ਼ਿਪ ਨੇ ਦੀਵਾਲੀ ਦੇ ਤਿਉਹਾਰ ਦੇ ਦਿਨਾਂ ਵਿੱਚ ਹੀ, ਕੁਲਵੰਤ ਸਿੰਘ ਕੀਤੂ ਨੂੰ ਝਟਕਾ ਦੇ ਕੇ ਕੀਤੂ ਤੇ ਉਸ ਦੇ ਨਾਲ ਖੜ੍ਹੇ ਵਰਕਰਾਂ ਨੂੰ ਗਮਾਂ ਦੇ ਡੂੰਘੇ ਸਮੁੰਦਰ ‘ਚ ਤਾਰੀਆਂ ਲਾਉਣ ਵੱਲ ਧੱਕ ਦਿੱਤਾ ਹੈ। ਅਕਾਲੀ ਦਲ ਦੇ ਇਸ ਫੈਸਲੇ ਨੇ ਪਹਿਲਾਂ ਹੀ ਫੁੱਟ ਦਾ ਸ਼ਿਕਾਰ ਚੱਲ ਰਹੇ ਜਿਲ੍ਹੇ ਅੰਦਰ ਕਹੀਂ ਖੁਸ਼ੀ, ਕਹੀਂ ਗਮ , ਦੇ ਹਾਲਤ ਪੈਦਾ ਕਰ ਦਿੱਤੇ ਹਨ। ਇਸ ਫੈਸਲੇ ਨਾਲ ਜਿੱਥੇ ਆਪ ਨੂੰ ਛੱਡ ਕੇ ਨਵੇਂ ਨਵੇਂ ਅਕਾਲੀ ਬਣੇ ਦਵਿੰਦਰ ਸਿੰਘ ਬੀਹਲਾ ਦੇ ਨਾਲ ਜੁੜੇ ਸਰਗਰਮ ਨੇਤਾਵਾਂ ਅਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ, ਜਦੋਂ ਕਿ ਕੀਤੂ ਸਮਰਥਕਾਂ ਅੰਦਰ ਨਿਰਾਸ਼ਾ ਤੇ ਗਮ ਦਾ ਮਾਹੌਲ ਪੈਦਾ ਹੋ ਗਿਆ ਹੈ। ਵਰਣਨਯੋਗ ਹੈ ਕਿ ਸੰਤ ਬਾਬਾ ਟੇਕ ਸਿੰਘ ਸਵਰਗੀ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਚੋਂ ਇੱਕ ਹਨ, ਉਹ ਅਕਾਲੀ ਦਲ ਛੱਡ ਕੇ ਪਹਿਲਾਂ ਸਰਬਹਿੰਦ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਸਰਬਹਿੰਦ ਅਕਾਲੀ ਦਲ ਦੇ ਅਕਾਲੀ ਦਲ ਵਿੱਚ ਰਲੇਵੇਂ ਤੋਂ ਬਾਅਦ ਉਹ ਇੱਕ ਵਾਰ ਫਿਰ ਅਕਾਲੀ ਦਲ ਦੀ ਤਕੜੀ ਵਿੱਚ ਤੁੱਲ ਗਏ। ਪਰੰਤੂ ਉਨਾਂ ਦੇ ਖਿਲਾਫ ਅਕਾਲੀ ਸਰਕਾਰ ਸਮੇਂ ਦਰਜ਼ ਕੀਤੇ ਅਪਰਾਧਿਕ ਕੇਸਾਂ ਤੋਂ ਬਾਅਦ ਉਹ ਇੱਕ ਵਾਰ ਕਾਂਗਰਸ ਵਿੱਚ ਵੀ ਸ਼ਾਮਿਲ ਹੋ ਗਏ ਸਨ। ਪਰੰਤੂ ਕਾਗਰਸ ਵਿੱਚ ਵੀ ਉਨਾਂ ਦੀ ਬਹੁਤੀ ਦੇਰ ਦਾਲ ਨਹੀਂ ਗਲੀ ਤੇ ਉਹ ਫਿਰ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਹੁਣ ਕੀਤੂ ਤੋਂ ਹਲਕਾ ਇੰਚਾਰਜੀ ਖੋਹਣ ਤੇ ਟਿਕੀ,ਬੀਹਲਾ ਦੀ ਅੱਖ
ਅਕਾਲੀ ਰਾਜਨੀਤੀ ਨੂੰ ਨੇੜਿਉਂ ਤੱਕ ਰਹੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਆਗੂ ਦਵਿੰਦਰ ਸਿੰਘ ਬਹੀਲਾ ਨੇ ਕੁਲਵੰਤ ਸਿੰਘ ਕੀਤੂ ਤੋਂ ਜਿਲ੍ਹਾ ਪ੍ਰਧਾਨਗੀ ਦੀ ਕੁਰਸੀ ਖੁਹਾ ਕੇ ਇੱਕ ਤਰਾਂ ਨਾਲ ਕੀਤੂ ਦੇ ਰਾਜਸੀ ਪਰ ਕੱਟ ਦਿੱਤੇ ਹਨ। ਹੁਣ ਬੀਹਲਾ ਦੀ ਅੱਖ ਕੀਤੂ ਤੋਂ ਹਲਕਾ ਇੰਚਾਰਜ਼ ਦੀ ਕੁਰਸੀ ਵੀ ਖੋਹ ਲੈਣ ਤੇ ਟਿਕੀ ਹੋਈ ਹੈ। ਬੀਹਲਾ ਸਮਰੱਥਕਾਂ ਦਾ ਦਾਅਵਾ ਹੈ ਕਿ ਬਹੁਤ ਜਲਦ ਹੀ ਅਕਾਲੀ ਦਲ ਦੀ ਲੀਡਰਸ਼ਿਪ ਕੀਤੂ ਤੋਂ ਹਲਕਾ ਇੰਚਾਰਜ਼ ਦੀ ਕੁਰਸੀ ਖੋਹ ਕੇ ਉਸ ਤੇ ਖੁਦ ਕਾਬਿਜ ਹੋਣ ਤੇ ਟਿਕੀ ਹੋਈ ਹੈ। ਭਾਂਵੇ ਰਾਜਨੀਤੀ ਦੀ ਖੇਡ ‘ਅਨੁਮਾਨਾਂ ਦੀ ਕੋਈ ਜਿਆਦਾ ਅਹਿਮੀਅਤ ਨਹੀਂ ਹੁੰਦੀ। ਪਰੰਤੂ ਅਕਾਲੀ ਲੀਡਰਸ਼ਿਪ ਨੇ ਕੀਤੂ ਤੋਂ ਜਿਲ੍ਹਾ ਪ੍ਰਧਾਨਗੀ ਦੀ ਕੁਰਸੀ ਖੋਹ ਕੇ। ਉਸ ਨੂੰ ਸੰਕੇਤ ਦੇ ਦਿੱਤਾ ਹੈ ਕਿ ਆਉਣ ਵਾਲੇ ਦਿਨ ਉਸ ਲਈ ਰਾਜਨੀਤੀ ਵਿੱਚ ਆਪਣੀ ਥਾਂ ਬਣਾਈ ਰੱਖਣ ਲਈ ਚੁਣੌਤੀਪੂਰਣ ਰਹਿਣਗੇ। ਜਿਲ੍ਹੇ ਅੰਦਰ ਤੇਜ਼ੀ ਨਾਲ ਬਦਲ ਰਹੇ ਅਕਾਲੀ ਦਲ ਦੇ ਰਾਜਸੀ ਘਟਨਾਕ੍ਰਮ ‘ਚ ਫਿਲਹਾਲ ਇਹੋ ਕਿਹਾ ਜਾ ਸਕਦਾ ਹੈ ਕਿ , ਆਗੇ-ਆਗੇ ਦੇਖਿਏ, ਹੋਤਾ ਹੈ ਕਿਆ,,,। ਸੰਤ ਬਾਬਾ ਟੇਕ ਸਿੰਘ ਧਨੌਲਾ ਨੇ ਆਪਣੀ ਨਿਯੁਕਤੀ ਤੇ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ, ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਲ ਨੂੰ ਜਿਲ੍ਹੇ ਅੰਦਰ ਮਜਬੂਤ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਦਲ ਦੇ ਸਾਰੇ ਵੱਡੇ ਛੋਟੇ ਲੀਡਰਾਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਗੇ। ਸਾਬਕਾ ਵਿਧਾਇਕ ਅਤੇ ਸ੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਪ੍ਰਧਾਨਗੀ ਦਾ ਐਲਾਣ ਹੋਣ ਤੋਂ ਬਾਅਦ ਆਪਣੇ ਗ੍ਰਹਿ ਪਹੁੰਚਣ ਤੇ ਬਾਬਾ ਟੇਕ ਸਿੰਘ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਅਤੇ ਵਧਾਈ ਵੀ ਦਿੱਤੀ। ਉਨਾਂ ਕਿਹਾ ਕਿ ਉਨਾਂ ਨੂੰ ਉਮੀਦ ਹੈ ਕਿ ਬਾਬਾ ਟੇਕ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਤੇ ਪਾਰਟੀ ਹੋਰ ਮਜਬੂਤ ਹੋਵੇਗੀ। ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਬਾਬਾ ਟੇਕ ਸਿੰਘ ਜੀ ਦੇ ਗੁਰੂਦੁਆਰਾ ਸਾਹਿਬ ਪਹੁੰਚ ਕੇ ਉਨਾਂ ਨੂੰ ਵਧਾਈ ਦਿੱਤੀ ਅਤੇ ਉਨਾਂ ਦੀ ਅਗਵਾਈ ਵਿੱਚ ਦਲ ਨੂੰ ਮਜਬੂਤੀ ਦੇਣ ਦਾ ਵਾਅਦਾ ਵੀ ਕੀਤਾ।