ਜ਼ਿਲ੍ਹੇ ‘ਚ 105 ਐਕਟਿਵ ਕੇਸ ਬਾਕੀ 3998 ਕੋਵਿਡ ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ
ਕੋਵਿਡ ਦੇ ਲੱਛਣ ਹੋਣ ’ਤੇ ਤੁਰੰਤ ਸਿਹਤ ਸੰਸਥਾ ਨਾਲ ਤਾਲਮੇਲ ਕਰਕੇ ਟੈਸਟ ਕਰਵਾਇਆ ਜਾਵੇ-ਡੀ.ਸੀ. ਰਾਮਵੀਰ
ਹਰਪ੍ਰੀਤ ਕੌਰ ਸੰਗਰੂਰ, 05 ਨਵੰਬਰ:2020
ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਕੋਵਿਡ-19 ਖਿਲਾਫ਼ ਵਿੱਢੀ ਜੰਗ ਦੌਰਾਨ ਵੱਖ ਵੱਖ ਪੱਧਰ ਤੇ ਗਤੀਵਿਧੀਆਂ ਜਾਰੀ ਹਨ ਪਰ ਅਜੇ ਵੀ ਪੂਰਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਕਿ ਕੋਰੋਨਾਵਾਇਰਸ ਦਾ ਪ੍ਰਕੋਪ ਘੱਟ ਜ਼ਰੂਰ ਹੋਇਆ ਹੈ ਪਰ ਖਤਮ ਨਹੀ ਹੋਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਜ਼ਿਲਾ ਲੋਕ ਸੰਪਰਕ ਅਫ਼ਸਰ ਸੰਗਰੂਰ ਅਤੇ ਜ਼ਿਲਾ ਪਸ਼ਾਸਨ ਦੇ ਫ਼ੇਸਬੁੱਕ ਪੇਜ਼ ਤੇ ਹਫ਼ਤਾਵਰੀ ਲਾਇਵ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਦਿੱਤੀ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਕੋਵਿਡ-19 ਦੇ ਕੇਸਾਂ ਨੂੰ ਠੱਲ ਪਾਉਣ ਵਿੱਚ ਸਮੂਹ ਜ਼ਿਲਾ ਵਾਸੀਆਂ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿੱਤੇ ਸਹਿਯੋਗ ਦਾ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਵਿੱਚ ਲੱਗੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਅਣਥੱਕ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਹਨ।
ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਭਰ ਵਿੱਚੋਂ ਕੋਵਿਡ-19 ਦੀ ਜਾਂਚ ਲਈ 119344 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਜਿੰਨਾ ਵਿੱਚੋਂ 115374 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3970 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਅਤੇ ਜ਼ਿਲਾ ਭਰ ਵਿੱਚ ਕੁਲ 105 ਐਕਟਿਵ ਕੇਸ ਹਨ, ਜਦਕਿ ਕੋਵਿਡ ਨੰੂ ਹਰਾ ਕੇ 3698 ਪਾਜ਼ਟਿਵ ਮਰੀਜ਼ ਸਿਹਤਯਾਬ ਹੋਏ। ਉਨਾਂ ਨਾਲ ਹੀ ਕਿਹਾ ਕਿ ਅਸੀਂ ਕੋਵਿਡ-19 ਨਾਲ ਜੂਝਦਿਆਂ ਬੜੀ ਮੁਸ਼ਕਿਲ ਸਥਿਤੀ ਤੋਂ ਬਾਹਰ ਨਿੱਕਲੇ ਹਾਂ ਇਸ ਲਈ ਸਾਨੂੰ ਅਵੇਸਲੇ ਹੋਣ ਦੀ ਲੋੜ ਨਹੀਂ ਹੈ ਸਗੋਂ ਪਹਿਲਾਂ ਵਾਂਗ ਹੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਸ਼ੇਸ਼ ਅਹਿਤਿਆਤ ਵਰਤਦਿਆਂ ਤਿਉਹਾਰਾਂ ਦਾ ਆਨੰਦ ਮਾਣਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸ਼ੇਸ਼ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਵਿਡ-19 ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਹੁਣ ਜਦੋ ਵੱਖ ਵੱਖ ਸਿੱਖਿਆ ਸੰਸਥਾਵਾਂ ਨੂੰ ਖੋਲਣ ਦੇ ਨਾਲ ਨਾਲ ਸਰਕਾਰ ਵੱਲੋ ਹੋਰ ਛੋਟਾਂ ਦਿੱਤੀਆਂ ਗਈਆਂ ਹਨ ਉਦੋ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਮੁੱਚੀ ਸਥਿਤੀ ਵਿੱਚ ਤਾਲਮੇਲ ਰੱਖਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਕਿਸੇ ਵੀ ਤਰਾਂ ਦੀ ਸਿਹਤ ਸਬੰਧੀ ਸਮੱਸਿਆ ਸਾਹਮਣੇ ਆਉਣ ਤੇ ਸਿਹਤ ਸੰਸਥਾ ਨਾਲ ਤਾਲਮੇਲ ਕੀਤਾ ਜਾਵੇ ਅਤੇ ਆਪਣੀ ਜਾਂਚ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਦਿਆਂ ਖੇਤੀਬਾੜੀ ਦੇ ਆਧੁਨਿਕ ਸੰਦਾਂ ਦੀ ਵਰਤੋਂ ਕੀਤੀ ਜਾਵੇ ਜੋ ਕਿ ਪ੍ਰਸ਼ਾਸਨ ਵੱਲੋ ਵੱਖ ਵੱਖ ਪੰਚਾਇਤਾਂ, ਸੋਸਾਇਟੀਆਂ, ਕਲੱਬਾਂ ਅਤੇ ਕਿਸਾਨਾਂ ਨੂੰ ਉਪਲੱਬਧ ਕਰਵਾਏ ਹਨ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਕਿਸਾਨ ਜਿੱਥੇ ਆਪਣੀ ਜ਼ਮੀਨ ਦੀ ਉਪਜ਼ਾਊ ਸ਼ਕਤੀ ਬਰਕਰਾਰ ਰੱਖ ਸਕਦੇ ਹਨ ਉੱਥੇ ਹੀ ਕੋਵਿਡ-19 ਦੇ ਪੀੜਤ ਮਰੀਜ਼ਾਂ ਅਤੇ ਬੱਚਿਆਂ, ਬਜ਼ੁਰਗਾਂ ਸਮੇਤ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੀਆਂ ਪ੍ਰੇਸ਼ਾਨੀਆਂ ਵਿੱੱਚ ਵਾਧਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਪਰਾਲੀ ਦੇ ਧੂੰਏ ਨਾਲ ਸੜਕੀ ਹਾਦਸੇ ਵਾਪਰਨ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ।