ਰਘਵੀਰ ਹੈਪੀ ਬਰਨਾਲਾ, 5 ਨਵੰਬਰ 2020
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ (ਬਰਨਾਲਾ) ਵੱਲੋਂ ਪੰਜ ਰੋਜ਼ਾ ਮੱਛੀ ਪਾਲਣ ਕੋਰਸ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਸੋੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਲਗਾਇਆ ਗਿਆ।
ਇਸ ਸਿਖਲਾਈ ਕੋਰਸ ਵਿੱਚ ਬਰਨਾਲਾ, ਬਠਿੰਡਾ ਅਤੇ ਸੰਗਰੂਰ ਜ਼ਿਲਿ੍ਹਆਂ ਦੇ 9 ਪਿੰਡਾਂ ਤੋਂ ਨੌਜਵਾਨਾਂ ਅਤੇ ਕਿਸਾਨਾਂ ਨੇ ਭਾਗ ਲਿਆ। ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਕਿਹਾ ਕਿ ਮੱਛੀ ਪਾਲਣ ਕਿੱਤੇ ਵਿੱਚ ਸਵੈ-ਰੋਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਡਾ. ਤੰਵਰ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਕਿਸਾਨਾਂ ਦੇ ਲਈ ਮੱਛੀ ਪਾਲਣ, ਖੇਤੀ, ਬਾਗਬਾਨੀ, ਪਸ਼ੂ-ਪਾਲਣ ਅਤੇ ਇਸ ਦੇ ਨਾਲ ਜੁੜੇ ਹੋਏ ਧੰਦਿਆਂ ਦੀ ਪੂਰੀ ਜਾਣਕਾਰੀ ਸਿਖਲਾਈ, ਪ੍ਰਦਰਸ਼ਨੀ ਅਤੇ ਮੋਬਾਈਲ ਸਰਵਿਸ ਮੁਹੱਈਆ ਕਰਾ ਰਿਹਾ ਹੈ।
ਇਸ ਮੌਕੇ ਸ. ਖੁਸ਼ਵੀਰ ਸਿੰਘ, ਅਸਿਸਟੈਂਟ ਪ੍ਰੋਫੈਸਰ (ਫਿਸ਼ਰੀਜ਼), ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਨੇ ਸਿਖਆਰਥੀਆਂ ਨੂੰ ਮੱਛੀ ਪਾਲਣ ਦੀ ਪੂਰੀ ਵਿਗਿਆਣਕ ਜਾਣਕਾਰੀ ਦਿੱਤੀ, ਜਿਸ ਵਿੱਚ ਮੱਛੀ ਪਾਲਣ ਦਾ ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਲਾਹੇਵੰਦ ਸੁਮੇਲ, ਮੱਛੀਆਂ ਦੀਆਂ ਕਿਸਮਾਂ ਦੀ ਚੋਣ ਅਤੇ ਪਾਲਣ-ਪੋਸ਼ਣ, ਮੱਛੀਆਂ ਦੀ ਖਾਦ-ਖੁਰਾਕ, ਮੱਛੀਆਂ ਦਾ ਮੌਸਮੀ ਪ੍ਰਬੰਧ, ਮੱਛੀ ਤਲਾਅ ਬਣਾਉਣ ਨਾਲ ਹੀ ਪਾਣੀ ਦਾ ਰੱਖ-ਰਖਾਵ, ਮੱਛੀਆਂ ਨੂੰ ਹੋਣ ਵਾਲੇ ਰੋਗ ਅਤੇ ਉਨ੍ਹਾਂ ਦਾ ਪ੍ਰਬੰਧ, ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।